Ap Dhillon Canada House Firing ਮਾਮਲੇ ’ਚ ਵੱਡੀ ਅਪਡੇਟ, ਪੁਲਿਸ ਨੇ ਇੱਕ ਸ਼ੱਕੀ ਨੂੰ ਕੀਤਾ ਗ੍ਰਿਫਤਾਰ, ਜਾਣੋ ਪੂਰਾ ਮਾਮਲਾ
Ap Dhillon Canada House Firing Case : ਕੈਨੇਡੀਅਨ ਪੁਲਿਸ ਨੇ ਪੰਜਾਬੀ ਗਾਇਕ ਏਪੀ ਢਿੱਲੋਂ ਦੇ ਘਰ ਦੇ ਬਾਹਰ ਗੋਲੀਬਾਰੀ ਦੇ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਕੈਨੇਡੀਅਨ ਪੁਲਿਸ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਉਸਨੇ ਬ੍ਰਿਟਿਸ਼ ਕੋਲੰਬੀਆ ਵਿੱਚ ਏਪੀ ਢਿੱਲੋਂ ਦੇ ਘਰ ਉੱਤੇ ਗੋਲੀਆਂ ਚਲਾਉਣ ਦੇ ਦੋਸ਼ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ।
ਪੁਲਿਸ ਦਾ ਮੰਨਣਾ ਹੈ ਕਿ ਇਸ ਮਾਮਲੇ ਦਾ ਦੂਜਾ ਫਰਾਰ ਮੁਲਜ਼ਮ ਭਾਰਤ ਭੱਜ ਗਿਆ ਹੈ। ਇਹ ਘਟਨਾ ਕਰੀਬ ਦੋ ਮਹੀਨੇ ਪਹਿਲਾਂ 2 ਸਤੰਬਰ ਨੂੰ ਵਾਪਰੀ ਸੀ। ਉਦੋਂ ਤੋਂ ਹੀ ਕੈਨੇਡੀਅਨ ਪੁਲਿਸ ਇਸ ਮਾਮਲੇ ਦੀ ਜਾਂਚ ਵਿੱਚ ਲੱਗੀ ਹੋਈ ਹੈ।
ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਦੇ ਅਨੁਸਾਰ, ਗ੍ਰਿਫਤਾਰ ਕੀਤੇ ਗਏ ਸ਼ੱਕੀ ਦੀ ਪਛਾਣ ਵਿਨੀਪੈਗ ਦੇ 25 ਸਾਲਾ ਅਭਿਜੀਤ ਕਿੰਗਰਾ ਵਜੋਂ ਹੋਈ ਹੈ। ਦੋਸ਼ੀ ਅਭਿਜੀਤ ਕਿੰਗਰਾ ਨੂੰ ਓਨਟਾਰੀਓ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਨੂੰ ਸ਼ੁੱਕਰਵਾਰ ਨੂੰ ਓਨਟਾਰੀਓ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੁਲਿਸ ਨੇ ਕਿਹਾ ਕਿ ਦੂਜੇ ਸ਼ੱਕੀ ਲਈ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ। ਦੂਜੇ ਮੁਲਜ਼ਮ ਦੀ ਪਛਾਣ ਵਿਕਰਮ ਸ਼ਰਮਾ (23) ਵਜੋਂ ਹੋਈ ਹੈ, ਜੋ ਵਿਨੀਪੈਗ ਵਿੱਚ ਰਹਿੰਦਾ ਸੀ ਪਰ ਪੁਲੀਸ ਹੁਣ ਮੰਨ ਰਹੀ ਹੈ ਕਿ ਉਹ ਭਾਰਤ ਵਿੱਚ ਹੈ।
ਕਾਬਿਲੇਗੌਰ ਹੈ ਕਿ ਸਤੰਬਰ ਦੇ ਸ਼ੁਰੂ ਵਿੱਚ ਕੈਨੇਡਾ ਦੇ ਵੈਨਕੂਵਰ ਵਿੱਚ ਪੰਜਾਬੀ ਗਾਇਕ ਅਤੇ ਰੈਪਰ ਏਪੀ ਢਿੱਲੋਂ ਦੇ ਘਰ ਦੇ ਬਾਹਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਸੀ। ਵਿਕਟੋਰੀਆ ਆਈਲੈਂਡ ਇਲਾਕੇ 'ਚ ਗਾਇਕ ਦੇ ਘਰ ਨੇੜੇ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ ਅਤੇ ਘਰ ਦੇ ਨੇੜੇ ਖੜ੍ਹੀਆਂ ਦੋ ਗੱਡੀਆਂ ਨੂੰ ਵੀ ਅੱਗ ਲਗਾ ਦਿੱਤੀ ਗਈ। ਲਾਰੈਂਸ ਬਿਸ਼ਨੋਈ-ਰੋਹਿਤ ਗੋਦਾਰਾ ਦੇ ਗੈਂਗ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਸੀ।
ਘਟਨਾ ਤੋਂ ਬਾਅਦ ਕੁਝ ਵੀਡੀਓਜ਼ ਅਤੇ ਸੰਦੇਸ਼ਾਂ 'ਚ ਕਿਹਾ ਗਿਆ ਕਿ ਲਾਰੇਂਸ ਬਿਸ਼ਨੋਈ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਆਪਣਾ ਦੁਸ਼ਮਣ ਮੰਨਦੇ ਹਨ। ਏਪੀ ਢਿੱਲੋਂ ਦੇ ਸਲਮਾਨ ਨਾਲ ਚੰਗੇ ਸਬੰਧ ਹਨ। ਇਸ ਹਮਲੇ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ। ਢਿੱਲੋਂ ਦੇ ਸਲਮਾਨ ਖਾਨ ਨਾਲ ਸਬੰਧਾਂ ਦਾ ਹਵਾਲਾ ਦਿੰਦੇ ਹੋਏ ਅਪਰਾਧਿਕ ਗਿਰੋਹ ਨੇ ਧਮਕੀ ਦਿੱਤੀ ਸੀ ਕਿ ਜੇਕਰ ਸਲਮਾਨ ਖਾਨ ਨਾਲ ਉਨ੍ਹਾਂ ਦੇ ਸਬੰਧ ਹਨ ਤਾਂ ਉਨ੍ਹਾਂ 'ਤੇ ਹੋਰ ਵੀ ਹਮਲਾ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : 'ਜੈਕਟ ਵੇਚ ਕੇ ਟਿਕਟ ਦਾ ਖਰਚਾ ਵਸੂਲ ਕਰਾਂਗਾ!' ਦਿਲਜੀਤ ਦੋਸਾਂਝ ਨੇ ਔਰਤ ਨੂੰ ਦਿੱਤੀ ਆਪਣੀ ਜੈਕੇਟ, ਰੋਣ ਲੱਗਾ ਪਿਆ ਪਤੀ!
- PTC NEWS