ਗੁਮਨਾਮ ਰੈਗਿੰਗ ਦੀ ਸ਼ਿਕਾਇਤ ਦਾ ਫਿਲਮੀ ਅੰਦਾਜ਼ 'ਚ ਪਰਦਾਫਾਸ਼, 11 ਵਿਦਿਆਰਥੀ ਗ੍ਰਿਫ਼ਤਾਰ
ਇੰਦੌਰ: ਜੁਲਾਈ ਵਿੱਚ ਇੰਦੌਰ ਪੁਲਿਸ ਨੂੰ ਐਮਜੀਐਮ ਮੈਡੀਕਲ ਕਾਲਜ ਵਿੱਚ ਰੈਗਿੰਗ ਦੀ ਇਕ ਗੁਮਨਾਮ ਸ਼ਿਕਾਇਤ ਮਿਲੀ ਸੀ। ਪੁਲਿਸ ਨੇ ਇਸ ਸ਼ਿਕਾਇਤ ਦਾ ਵੀ ਪੂਰੇ ਫਿਲਮੀ ਅੰਦਾਜ਼ ਵਿੱਚ ਪਰਦਾਫਾਸ਼ ਕੀਤਾ। ਜੀਨਸ-ਟੌਪ ਅਤੇ ਬੈਗ ਪਹਿਨ ਕੇ 24 ਸਾਲਾ ਅੰਡਰਕਵਰ ਸਿਪਾਹੀ ਸ਼ਾਲਿਨੀ ਚੌਹਾਨ 3 ਮਹੀਨਿਆਂ ਤੋਂ ਵੱਧ ਸਮੇਂ ਤੋਂ ਹਰ ਰੋਜ਼ ਕਾਲਜ ਦੀ ਕੰਟੀਨ ਵਿੱਚ ਬੈਠਦੀ ਸੀ, ਦੋਸਤ ਬਣਾਉਂਦੀ । ਆਖਰਕਾਰ ਉਸਨੇ ਆਪਣੀ ਟੀਮ ਦੇ ਨਾਲ ਸਬੂਤ ਇਕੱਠੇ ਕਰਕੇ ਰੈਗਿੰਗ ਦਾ ਮਾਮਲਾ ਦਰਜ ਕਰਕੇ 11 ਵਿਦਿਆਰਥੀਆਂ ਨੂੰ ਗ੍ਰਿਫਤਾਰ ਕਰ ਲਿਆ। 11 ਮੁਲਜ਼ਮ ਵਿਦਿਆਰਥੀਆਂ 'ਚੋਂ 9 ਮੱਧ ਪ੍ਰਦੇਸ਼, ਇਕ-ਇਕ ਬੰਗਾਲ ਤੇ ਬਿਹਾਰ ਦੇ ਹਨ। ਕਾਲਜ ਪ੍ਰਸ਼ਾਸਨ ਨੇ ਸਾਰਿਆਂ ਨੂੰ ਸਸਪੈਂਡ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਇੰਦੌਰ ਦੇ ਸਰਕਾਰੀ ਮਹਾਤਮਾ ਗਾਂਧੀ ਮੈਮੋਰੀਅਲ ਮੈਡੀਕਲ ਕਾਲਜ 'ਚ ਰੈਗਿੰਗ ਦੇ ਮਸ਼ਹੂਰ ਮਾਮਲੇ ਦਾ ਪਰਦਾਫਾਸ਼ ਕਰਨ ਲਈ ਪੁਲਿਸ ਨੇ 24 ਸਾਲਾ ਮਹਿਲਾ ਕਾਂਸਟੇਬਲ ਨੂੰ ਐੱਮਬੀਬੀਐੱਸ ਦੀ ਵਿਦਿਆਰਥਣ ਦੇ ਰੂਪ 'ਚ ਇਸ ਸੰਸਥਾ 'ਚ ਭੇਜਿਆ ਸੀ। ਸੰਯੋਗਿਤਾਗੰਜ ਪੁਲਿਸ ਸਟੇਸ਼ਨ ਦੇ ਇੰਚਾਰਜ ਤਹਿਜ਼ੀਬ ਕਾਜ਼ੀ ਨੇ ਸੋਮਵਾਰ ਨੂੰ ਦੱਸਿਆ ਕਿ ਕਾਲਜ ਪ੍ਰਬੰਧਨ ਇਕ ਪਰੇਸ਼ਾਨ ਵਿਦਿਆਰਥੀ ਵੱਲੋਂ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਹੈਲਪਲਾਈਨ ਨੂੰ ਸ਼ਿਕਾਇਤ ਕਰਨ ਤੋਂ ਬਾਅਦ ਹਰਕਤ ਵਿੱਚ ਆਏ ਕਾਲਜ ਪ੍ਰਬੰਧਕਾਂ ਨੇ ਅਣਪਛਾਤੇ ਸੀਨੀਅਰ ਵਿਦਿਆਰਥੀਆਂ ਖਿਲਾਫ਼ ਮਾਮਲਾ ਦਰਜ ਕਰਵਾਇਆ ਸੀ।
ਸ਼ਿਕਾਇਤ ਵਿੱਚ ਰੈਗਿੰਗ ਦੀਆਂ ਘਟਨਾਵਾਂ ਦੇ ਪੂਰੇ ਵੇਰਵੇ ਸਨ ਪਰ ਮੁਲਜ਼ਮਾਂ ਤੇ ਪੀੜਤ ਵਿਦਿਆਰਥੀਆਂ ਦੋਵਾਂ ਦੇ ਨਾਮ ਗਾਇਬ ਸਨ। ਸ਼ਿਕਾਇਤ ਦੇ ਨਾਲ ਸੋਸ਼ਲ ਮੀਡੀਆ 'ਤੇ ਹੋਈ ਗੱਲਬਾਤ ਦੇ ਸਕਰੀਨ ਸ਼ਾਟ ਵੀ ਪੋਸਟ ਕੀਤੇ ਗਏ ਸਨ ਪਰ ਸਬੰਧਤ ਲੋਕਾਂ ਦੇ ਮੋਬਾਈਲ ਨੰਬਰ ਕੱਟ ਦਿੱਤੇ ਗਏ ਸਨ। ਕਾਜ਼ੀ ਨੇ ਦੱਸਿਆ ਕਿ ਰੈਗਿੰਗ ਮਾਮਲੇ ਦੇ ਖੁਲਾਸੇ ਦੀ ਚੁਣੌਤੀ ਨੂੰ ਸਵੀਕਾਰ ਕਰਦੇ ਹੋਏ ਪੁਲਿਸ ਨੇ 24 ਸਾਲਾ ਮਹਿਲਾ ਪੁਲਿਸ ਅਫਸਰ ਨੂੰ MBBS ਵਿਦਿਆਰਥੀ ਦੇ ਭੇਸ ਵਿੱਚ ਮੈਡੀਕਲ ਕਾਲਜ ਭੇਜਿਆ ਗਿਆ। ਮਹਿਲਾ ਪੁਲਿਸ ਮੁਲਾਜ਼ਮ ਨੇ ਸਾਰੇ ਸਬੂਤ ਇਕੱਠੇ ਕੀਤੇ ਤੇ ਇਸ ਮਾਮਲੇ ਦਾ ਪਰਦਾਫਾਸ਼ ਕੀਤਾ।
ਉਨ੍ਹਾਂ ਨੇ ਦੱਸਿਆ ਕਿ ਇਕ ਮਹਿਲਾ ਪੁਲਿਸ ਕਾਂਸਟੇਬਲ ਨੂੰ ਨਰਸ ਦੀ ਆੜ ਵਿੱਚ ਕਾਲਜ ਵਿੱਚ ਭੇਜਿਆ ਗਿਆ, ਜਦਕਿ ਦੋ ਪੁਰਸ਼ ਪੁਲਿਸ ਮੁਲਾਜ਼ਮਾਂ ਨੂੰ ਇਸ ਸੰਸਥਾ ਦੀ ਕੰਟੀਨ ਦਾ ਮੁਲਾਜ਼ਮ ਬਣਾ ਕੇ ਗੁਪਤ ਜਾਂਚ ਕੀਤੀ ਗਈ। ਸਟੇਸ਼ਨ ਇੰਚਾਰਜ ਨੇ ਦੱਸਿਆ ਕਿ ਜਾਂਚ ਦੌਰਾਨ ਕਾਲਜ ਦੇ ਜੂਨੀਅਰ ਵਿਦਿਆਰਥੀਆਂ ਨਾਲ ਰੈਗਿੰਗ ਦੀ ਪੁਸ਼ਟੀ ਹੋਈ ਤੇ ਐੱਮਬੀਬੀਐੱਸ ਕੋਰਸ ਦੇ 11 ਸੀਨੀਅਰ ਵਿਦਿਆਰਥੀਆਂ ਦੀ ਦੋਸ਼ੀ ਵਜੋਂ ਪਛਾਣ ਹੋਈ।
ਇਹ ਵੀ ਪੜ੍ਹੋ : ਗਾਣੇ ਲਗਾਉਣ ਨੂੰ ਲੈ ਕੇ ਹੋਈ ਬਹਿਸ ਪਿੱਛੋਂ ਚੱਲੀ ਗੋਲ਼ੀ 'ਚ ਫਾਇਨਾਂਸ ਕੰਪਨੀ ਦਾ ਮਾਲਕ ਜ਼ਖ਼ਮੀ
ਉਨ੍ਹਾਂ ਦੱਸਿਆ ਕਿ ਪੁਲਿਸ ਦੀ ਜਾਂਚ 'ਚ ਇਹ ਸੁਰਾਗ ਮਿਲੇ ਹਨ ਕਿ ਰੈਗਿੰਗ ਦੌਰਾਨ ਸੀਨੀਅਰ ਵਿਦਿਆਰਥੀਆਂ ਵੱਲੋਂ ਜੂਨੀਅਰ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਕੱਪੜਿਆਂ ਤੇ ਵਿਵਹਾਰ ਸਬੰਧੀ ਵੱਖ-ਵੱਖ ਫ਼ਰਮਾਨ ਦੇਣ ਤੋਂ ਇਲਾਵਾ ਅਸ਼ਲੀਲ ਹਰਕਤਾਂ ਕਰਨ ਲਈ ਕਿਹਾ ਜਾਂਦਾ ਸੀ। ਥਾਣਾ ਇੰਚਾਰਜ ਨੇ ਦੱਸਿਆ ਕਿ ਰੈਗਿੰਗ ਦੇ ਸਾਰੇ 11 ਮੁਲਜ਼ਮ ਨੂੰ ਫੌਜ਼ਦਾਰੀ ਜਾਬਤਾ (ਸੀ.ਆਰ.ਪੀ.ਸੀ.) ਦੀਆਂ ਧਾਰਾਵਾਂ ਤਹਿਤ ਨੋਟਿਸ ਦਿੱਤਾ ਗਿਆ ਹੈ ਕਿ ਉਹ ਪੁਲਿਸ ਦੀ ਜਾਂਚ ਵਿਚ ਸਹਿਯੋਗ ਕਰਨਗੇ ਤੇ ਅਦਾਲਤ ਵਿਚ ਪੇਸ਼ ਹੋਣ ਸਮੇਂ ਹਾਜ਼ਰ ਰਹਿਣਗੇ। ਪੁਲਿਸ ਤੋਂ ਮੁਲਜ਼ਮਾਂ ਦੀ ਸੂਚੀ ਮਿਲਣ ਮਗਰੋਂ ਕਾਲਜ ਮੈਨੇਜਮੈਂਟ ਨੇ 11 ਸੀਨੀਅਰ ਵਿਦਿਆਰਥੀਆਂ ਨੂੰ ਤੁਰੰਤ ਪ੍ਰਭਾਵ ਨਾਲ ਤਿੰਨ ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਹੈ।
- PTC NEWS