Amritsar News : ਕੇਂਦਰੀ ਏਜੰਸੀ ਡੀਆਰਆਈ ਦੇ ਅਧਿਕਾਰੀ ਸਮੇਤ 8 ਵਿਅਕਤੀ 4.4 ਕਿਲੋ ਹੈਰੋਇਨ ਸਣੇ ਕਾਬੂ , ਪਾਕਿਸਤਾਨ 'ਚ ਨਸ਼ਾ ਤਸਕਰਾਂ ਨਾਲ ਸਨ ਸਿੱਧੇ ਸੰਪਰਕ
Amritsar News : ਇੱਕ ਪਾਸੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਮੁਹਿੰਮ ਛੇੜੀ ਹੋਈ ਹੈ ਅਤੇ ਇਸ ਨਸ਼ਿਆਂ ਵਿਰੁੱਧ ਛੇੜੀ ਮੁਹਿੰਮ ਦੇ ਤਹਿਤ ਪੁਲਿਸ ਨੂੰ ਵੱਡੀਆਂ ਕਾਮਯਾਬੀਆਂ ਮਿਲ ਰਹੀਆਂ ਹਨ। ਉੱਥੇ ਦੂਸਰੇ ਪਾਸੇ ਪਾਕਿਸਤਾਨ ਲਗਾਤਾਰ ਹੀ ਭਾਰਤ ਵਿੱਚ ਹੈਰੋਇਨ ਦੀਆਂ ਖੇਪਾਂ ਭੇਜਣ ਵਿੱਚ ਲੱਗਾ ਹੋਇਆ ਹੈ। ਜਿਸ ਦੇ ਚਲਦੇ ਪੁਲਿਸ ਵੱਲੋਂ ਨਾਕੇਬੰਦੀਆਂ ਕਰਕੇ ਇਹਨਾਂ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਾ ਰਿਹਾ।
ਇਸ ਦੌਰਾਨ ਅੰਮ੍ਰਿਤਸਰ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ,ਜਦੋਂ ਪੁਲਿਸ ਨੇ ਕੇਂਦਰੀ ਏਜੰਸੀ ਡੀਆਰਆਈ ਦੇ ਇੱਕ ਅਧਿਕਾਰੀ ਸਮੇਤ ਅੱਠ ਵਿਅਕਤੀਆਂ ਨੂੰ 4.4 ਕਿਲੋ ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਡੀਆਰਆਈ ਅਧਿਕਾਰੀ ਮਨਜੀਤ ਸਿੰਘ , ਉਸਦਾ ਸਾਥੀ ਰਵੀ ਕੁਮਾਰ, ਤਲਵਿੰਦਰ ਸਿੰਘ, ਰੋਹਿਤ ਸ਼ਰਮਾ, ਅਭਿਸ਼ੇਕ, ਅਰਸ਼ਦੀਪ ਅਤੇ ਅਮਿਤ ਕੁਮਾਰ ਵਜੋਂ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਕੇਂਦਰ ਦੀ ਏਜੰਸੀ ਡੀਆਰਆਈ ਦੇ ਅਧਿਕਾਰੀ ਮਨਜੀਤ ਸਿੰਘ ਅਤੇ ਉਸਦਾ ਸਾਥੀ ਰਵੀ ਕੁਮਾਰ ਨੂੰ ਪਹਿਲਾਂ ਪੁਲਿਸ ਨੇ ਨਸ਼ੇ ਦੀ ਖੇਪ ਸਮੇਤ ਗ੍ਰਿਫ਼ਤਾਰ ਕੀਤਾ ਸੀ। ਉਸ ਤੋਂ ਬਾਅਦ ਪੁੱਛਗਿਛ ਦੌਰਾਨ ਹੋਰ ਖੁਲਾਸੇ ਹੋਏ ਤਾਂ ਪੁਲਿਸ ਨੇ ਅੱਠ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਿਸ ਦੇ ਵਿੱਚ ਇੱਕ ਵਿਅਕਤੀ ਅਮਿਤ ਕੁਮਾਰ ਹੈ ,ਜੋ ਕਿ ਪਾਕਿਸਤਾਨ ਤੋਂ ਆਈ ਹੈਰੋਇਨ ਦੀ ਖੇਪ ਦੇ ਪੈਸੇ ਹਵਾਲਾ ਰਾਸ਼ੀ ਰਾਹੀ ਦੁਬਈ ਦੇ ਜਰੀਏ ਪਾਕਿਸਤਾਨ ਭੇਜਦਾ ਸੀ। ਜਿਨਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸੀਆਈਏ ਸਟਾਫ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ। ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਹੋਰ ਵੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
- PTC NEWS