ਭਾਣਜੇ ਵੱਲੋਂ ਮਾਮੇ ਨੂੰ ਬਣਾਇਆ ਗਿਆ ਲੁੱਟ ਦਾ ਸ਼ਿਕਾਰ
ਅੰਮ੍ਰਿਤਸਰ (ਮਨਿੰਦਰ ਸਿੰਘ ਮੋਂਗਾ) : ਅੰਮ੍ਰਿਤਸਰ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਥਾਣਾ ਰਣਜੀਤ ਐਵੀਨਿਊ ਦੀ ਪੁਲਿਸ ਨੇ ਇਕ ਲੁੱਟ ਦੇ ਮਾਮਲੇ ਨੂੰ ਸੁਲਝਾ ਲਿਆ। ਇਸ ਮੌਕੇ ਏਸੀਪੀ ਵਰਿੰਦਰ ਸਿੰਘ ਖੋਸਾ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਦਿਨੀਂ ਇਕ ਵਿਅਕਤੀ ਤੇ ਉਸ ਦੇ ਭਾਣਜੇ ਕੋਲੋਂ ਦੋ ਅਣਪਛਾਤਿਆਂ ਵੱਲੋਂ 98000 ਰੁਪਏ ਦੀ ਲੁੱਟ ਕੀਤੀ ਗਈ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਿਸ਼ੋਰ ਚੰਦ ਆਪਣੇ ਭਾਣਜੇ ਸਮੇਤ ਰਜਿਸਟਰੀ ਕਰਵਾ ਕੇ ਕਚਹਿਰੀ ਤੋਂ ਆਪਣੇ ਘਰ ਨੂੰ ਜਾ ਰਿਹਾ ਸੀ। ਇਸ ਮਗਰੋਂ ਕਿਸ਼ੋਰ ਚੰਦ ਤੇ ਉਸ ਦੇ ਭਾਣਜੇ ਨਾਲ ਰਸਤੇ ਦੋ ਅਣਪਛਾਤਿਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ।
ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਇਕ ਟੀਮ ਗਠਿਤ ਕੀਤੀ। ਇਸ ਮਗਰੋਂ ਪੁਲਿਸ ਨੇ ਬਾਰੀਕੀ ਨਾਲ ਘੋਖ ਕੀਤੀ ਤਾਂ ਪਤਾ ਚੱਲਿਆ ਕਿ ਕਿਸ਼ੋਰ ਚੰਦ ਦੇ ਭਾਣਜੇ ਤਰਨਵੀਰ ਨੇ ਆਪਣੇ ਦੋ ਸਾਥੀਆਂ ਦਾਨਿਸ਼ ਤੇ ਇਕ ਹੋਰ ਵਿਅਕਤੀ ਨਾਲ ਮਿਲ ਕੇ ਲੁੱਟ ਦੀ ਯੋਜਨਾ ਬਣਾਈ ਸੀ। ਪੁਲਿਸ ਟੀਮ ਵੱਲੋਂ ਜਦੋਂ ਜਾਂਚ ਕੀਤੀ ਗਈ ਤੇ ਸਾਰੀ ਗੱਲ ਖੁੱਲ੍ਹ ਕੇ ਸਾਹਮਣੇ ਆਈ ਕਿ ਜਿਸ ਵਿਅਕਤੀ ਕਿਸ਼ੋਰ ਚੰਦ ਦੇ ਨਾਲ ਲੁੱਟ ਹੋਈ ਉਹਦੇ ਭਾਣਜੇ ਤਰਨਵੀਰ ਨੇ ਸਕੀਮ ਬਣਾ ਕੇ ਆਪਣੇ ਮਾਮੇ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਜਿਮ ਤੇ ਹੈਲਥ ਕਲੱਬਾਂ 'ਚ ਦਿੱਤੇ ਜਾਂਦੇ ਸਪਲੀਮੈਂਟਸ 'ਤੇ HC ਸਖ਼ਤ, ਪੰਜਾਬ ਸਰਕਾਰ ਤੋਂ ਜਾਂਚ ਰਿਪੋਰਟ ਤਲਬ
ਪੁਲਿਸ ਨੇ ਕਾਰਵਾਈ ਕਰਦੇ ਹੋਏ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਉਸ ਦੇ ਭਾਣਜੇ ਦੇ ਦੋਸਤ ਦਾਨਿਸ਼ ਅਰੋੜਾ ਨੂੰ ਕਾਬੂ ਕਰ ਲਿਆ ਹੈ ਤੇ ਉਸ ਦਾ ਭਾਣਜਾ ਤਰਨਵੀਰ ਫਿਲਹਾਲ ਫ਼ਰਾਰ ਹੈ। ਪੁਲਿਸ ਵੱਲੋਂ ਦਾਨਿਸ਼ ਅਰੋੜਾ ਦਾ ਦੋ ਦਿਨ ਦਾ ਰਿਮਾਂਡ ਹਾਸਲ ਕਰ ਲਿਆ ਗਿਆ ਹੈ ਤੇ ਲੁੱਟ ਦੀ ਰਕਮ 98000 ਰੁਪਏ ਰਾਸ਼ੀ ਵੀ ਬਰਾਮਦ ਕਰ ਲਈ ਗਈ ਹੈ। ਪੁਲਿਸ ਵੱਲੋਂ ਉਸ ਦੇ ਭਾਣਜੇ ਤਰਨਵੀਰ ਦੇ ਘਰ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ ਜਲਦ ਉਸ ਨੂੰ ਵੀ ਕਾਬੂ ਕਰ ਲਿਆ ਜਾਵੇਗਾ।
- PTC NEWS