Papalpreet Singh Update : ਅੰਮ੍ਰਿਤਪਾਲ ਸਿੰਘ ਦੇ ਸਾਥੀ ਪਪਲਪ੍ਰੀਤ ਸਿੰਘ ਨੂੰ ਅਦਾਲਤ ਨੇ 14 ਦਿਨਾਂ ਲਈ ਨਿਆਂਇਕ ਹਿਰਾਸਤ 'ਚ ਭੇਜਿਆ
Papalpreet Singh Update : ਵਾਰਸ ਪੰਜਾਬ ਦੇ ਮੁਖੀ ਅਤੇ ਹਲਕਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਨਜ਼ਦੀਕੀ ਦੱਸੇ ਜਾਂਦੇ ਪਪਲਪ੍ਰੀਤ ਸਿੰਘ ਦਾ ਪੁਲਿਸ ਰਿਮਾਂਡ ਖ਼ਤਮ ਹੋਣ ਉਪਰੰਤ ਅੱਜ ਪੁਲਿਸ ਵਲੋਂ ਸੁਰੱਖਿਆ ਪ੍ਰਬੰਧਾਂ ਹੇਠ ਉਸ ਨੂੰ ਮੁੜ ਅਜਨਾਲਾ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੇ ਅਦਾਲਤ ਵੱਲੋਂ ਉਸ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਪਪਲਪ੍ਰੀਤ ਸਿੰਘ ਨੂੰ ਟਰਾਂਜ਼ਿਟ ਰਿਮਾਂਡ 'ਤੇ ਪੰਜਾਬ ਲਿਆਂਦਾ ਗਿਆ ਹੈ।
ਇਸ ਮੌਕੇ ਵਕੀਲ ਰਿਤੂ ਰਾਜ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਪਲਪ੍ਰੀਤ ਸਿੰਘ ਦਾ ਅੱਜ ਰਿਮਾਂਡ ਖਤਮ ਹੋਣ ਤੋਂ ਬਾਅਦ ਉਸ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ,ਜਿਸ ਦੇ ਚਲਦੇ ਅੱਜ ਪੁਲਿਸ ਵੱਲੋਂ ਰਿਮਾਂਡ ਲੈਣ ਦੀ ਕੋਸ਼ਿਸ਼ ਕੀਤੀ ਗਈ ਪਰ ਮਾਨਯੋਗ ਅਦਾਲਤ ਵੱਲੋਂ ਪਪਲਪ੍ਰੀਤ ਸਿੰਘ ਨੂੰ ਇੱਕ ਮਈ ਤੱਕ ਜੁਡੀਸ਼ੀਅਲ ਰਿਮਾਂਡ 'ਤੇ ਭੇਜ ਦਿੱਤਾ ਗਿਆ। ਉਹਨਾਂ ਕਿਹਾ ਕਿ ਪਪਲਪ੍ਰੀਤ ਸਿੰਘ ਕੋਲੋਂ ਕੁਝ ਵੀ ਬਰਾਮਦ ਨਹੀਂ ਹੋਇਆ, ਜਿਸ ਦੇ ਚਲਦੇ ਹੁਣ ਪਪਲਪ੍ਰੀਤ ਸਿੰਘ ਨੂੰ ਜੁਡੀਸ਼ੀਅਲ ਰਿਮਾਂਡ 'ਤੇ 1 ਮਈ ਤੱਕ ਭੇਜਿਆ ਗਿਆ ਹੈ।
ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਇੰਦਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਥਾਣਾ ਹਮਲਾ ਮਾਮਲੇ ਵਿੱਚ ਪਪਲਪ੍ਰੀਤ ਸਿੰਘ ਨੂੰ ਅੱਜ ਅਜਨਾਲਾ ਅਦਾਲਤ 'ਚ ਪੇਸ਼ ਕੀਤਾ ਗਿਆ। ਜਿੱਥੇ ਮਾਨਯੋਗ ਕੋਰਟ ਵੱਲੋਂ ਪਪਲਪ੍ਰੀਤ ਸਿੰਘ ਨੂੰ 1 ਮਈ 2025 ਤੱਕ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ। ਹੁਣ ਇਹ ਅੰਮ੍ਰਿਤਸਰ ਦੀ ਸੈਂਟਰ ਜੇਲ੍ਹ ਵਿੱਚ ਭੇਜੇ ਜਾਣਗੇ। ਇਸ ਮਾਮਲੇ ਦੀ ਅਗਲੀ ਸੁਣਵਾਈ 1 ਮਈ ਨੂੰ ਹੋਵੇਗੀ।
ਦੱਸ ਦੇਈਏ ਕਿ ਪਪਲਪ੍ਰੀਤ ਨੂੰ ਪਿਛਲੇ ਸਾਲ ਪੰਜਾਬ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਜਦੋਂ ਉਹ ਫਰਾਰ ਚੱਲ ਰਿਹਾ ਸੀ ਤੇ ਉਸ ਨੂੰ ਅੰਮ੍ਰਿਤਪਾਲ ਸਿੰਘ ਨਾਲ ਦੇਖਿਆ ਗਿਆ ਸੀ। ਅੰਮ੍ਰਿਤਪਾਲ ਦੀ ਗ੍ਰਿਫਤਾਰੀ ਤੋਂ ਪਹਿਲਾਂ ਪਪਲਪ੍ਰੀਤ ਨੇ ਉਸ ਨੂੰ ਕਈ ਥਾਵਾਂ ‘ਤੇ ਪਨਾਹ ਦਿੱਤੀ ਸੀ ਅਤੇ ਉਸ ਨਾਲ ਕਈ ਯੋਜਨਾਵਾਂ ‘ਚ ਸਰਗਰਮ ਭੂਮਿਕਾ ਨਿਭਾਈ ਸੀ। ਇਸ ਤੋਂ ਬਾਅਦ ਉਸ ਵਿਰੁੱਧ ਰਾਸ਼ਟਰੀ ਸੁਰੱਖਿਆ ਐਕਟ ਤਹਿਤ ਕਾਰਵਾਈ ਕੀਤੀ ਗਈ ਸੀ।
ਜ਼ਿਕਰਯੋਗ ਹੈ ਕਿ ਅੰਮ੍ਰਿਤਪਾਲ ਸਿੰਘ ਅਤੇ ਉਸਦੇ 9 ਸਾਥੀਆਂ ਨੂੰ 2023 ਵਿੱਚ NSA ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ ਸੀ। ਹੁਣ ਤੱਕ ਪਪਲਪ੍ਰੀਤ ਸਿੰਘ ਸਮੇਤ ਅੰਮ੍ਰਿਤਪਾਲ ਦੇ 9 ਸਾਥੀਆਂ ਨੂੰ ਪੰਜਾਬ ਲਿਆਂਦਾ ਜਾ ਚੁੱਕਾ ਹੈ। ਹੁਣ ਅੰਮ੍ਰਿਤਪਾਲ ਸਿੰਘ ਨੂੰ ਵੀ ਪੰਜਾਬ ਲਿਆਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
- PTC NEWS