MP Amritpal Singh : ਅੰਮ੍ਰਿਤਪਾਲ ਸਿੰਘ ਖਾਲਿਸਤਾਨੀ ਸਮਰਥਕ ਨਹੀਂ... ਮਾਤਾ ਬਲਵਿੰਦਰ ਕੌਰ ਨੇ ਲਿਆ ਯੂ-ਟਰਨ
MP Amritpal Singh Mohter Balwinder Kaur Statement : ਲੋਕ ਸਭਾ ਚੋਣਾਂ 2024 ਵਿੱਚ ਖਡੂਰ ਸਾਹਿਬ ਹਲਕੇ ਤੋਂ ਚੋਣ ਜਿੱਤਣ ਵਾਲੇ ਭਾਈ ਅੰਮ੍ਰਿਤਪਾਲ ਸਿੰਘ ਨੇ ਸੰਸਦ ਮੈਂਬਰ ਵਜੋਂ ਸਹੁੰ ਚੁੱਕ ਲਈ ਹੈ, ਜਿਸ ਪਿੱਛੋਂ ਉਨ੍ਹਾਂ ਦੀ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਵੀ ਹੋਈ। ਮੁਲਾਕਾਤ ਤੋਂ ਬਾਅਦ ਚਾਚਾ ਸੁਖਚੈਨ ਸਿੰਘ ਨੇ ਮੀਡੀਆ ਨੂੰ ਬਿਆਨ ਦਿੰਦੇ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਨੇ ਸੰਗਤ ਦੇ ਨਾਂ ਸੁਨੇਹਾ ਵੀ ਦਿੱਤਾ ਸੀ। ਇਸਤੋਂ ਬਾਅਦ ਹੁਣ ਮਾਤਾ ਬਲਵਿੰਦਰ ਕੌਰ ਨੇ ਮੀਡੀਆ ਸਾਹਮਣੇ ਵੱਡਾ ਬਿਆਨ ਦਿੰਦਿਆਂ ਕਿਹਾ ਸੀ ਕਿ ਅੰਮ੍ਰਿਤਪਾਲ ਸਿੰਘ ਕੋਈ ਖਾਲਿਸਤਾਨੀ ਸਮਰਥਕ ਨਹੀਂ ਹੈ। ਪਰ ਹੁਣ ਮਾਤਾ ਬਲਵਿੰਦਰ ਕੌਰ ਨੇ ਆਪਣੇ ਪਹਿਲਾਂ ਦਿੱਤੇ ਬਿਆਨ ਤੋਂ ਤੁਰੰਤ ਯੂ-ਟਰਨ ਲੈ ਲਿਆ ਹੈ, ਉਨ੍ਹਾਂ ਕਿਹਾ ਕਿ ਮੇਰੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ।
ਮਾਤਾ ਬਲਵਿੰਦਰ ਕੌਰ ਨੇ ਕਿਹਾ ਕਿ ਮੈਂ ਤਾਂ ਇਹ ਕਿਹਾ ਸੀ ਕਿ ਅੰਮ੍ਰਿਤਪਾਲ ਸਿੰਘ ਨੇ ਸੰਵਿਧਾਨ ਦੀ ਸਹੁੰ ਚੁੱਕੀ ਹੈ ਅਤੇ ਬਾਕੀ ਜਿਹੜਾ ਅਗਲਾ ਫੈਸਲਾ ਹੋਵੇਗਾ, ਉਸ ਬਾਰੇ ਉਹ ਖੁਦ ਦੱਸਣਗੇ। ਉਨ੍ਹਾਂ ਕਿਹਾ ਕਿ ਮੇਰੇ ਬਿਆਨ ਨੂੰ ਮੀਡੀਆ ਨੇ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੰਗਤਾਂ ਨੂੰ ਇਸ 'ਤੇ ਕੋਈ ਵੀ ਰੋਸ ਨਹੀਂ ਕਰਨਾ ਚਾਹੀਦਾ।
ਪਹਿਲਾ ਦਿੱਤਾ ਸੀ ਇਹ ਬਿਆਨ
ਇਸ ਪਹਿਲਾਂ ਵੀਡੀਓ ਵਿੱਚ ਵਿੱਚ ਵੇਖਿਆ ਜਾ ਸਕਦਾ ਹੈ ਕਿ ਮੀਡੀਆ ਸਾਹਮਣੇ ਅੰਮ੍ਰਿਤਪਾਲ ਸਿੰਘ ਬਾਰੇ ਪੁੱਛੇ ਸਵਾਲ 'ਤੇ ਮਾਤਾ ਬਲਵਿੰਦਰ ਕੌਰ ਨੇ ਕਿਹਾ, ''ਕੋਈ ਕੁੱਝ ਵੀ ਕਹੀ ਜਾਵੇ, ਉਹ ਕੋਈ ਖਾਲਿਸਤਾਨੀ ਸਮਰਥਕ ਨਹੀਂ ਹੈ, ਪੰਜਾਬ ਦੇ ਹੱਕਾਂ ਦੀ ਗੱਲ ਕਰਨਾ, ਪੰਜਾਬ ਦੀ ਨੌਜਵਾਨੀ ਨੂੰ ਬਚਾਉਣ, ਨਾਲ ਕੀ ਕੋਈ ਵਿਅਕਤੀ ਖਾਲਿਸਤਾਨੀ ਸਮਰਥਕ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਨੇ ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਚੋਣ ਲੜੀ ਹੈ, ਹੁਣ ਤਾਂ ਕਿਸੇ ਨੂੰ ਕੁੱਝ ਕਹਿਣਾ ਹੀ ਨਹੀਂ ਚਾਹੀਦਾ।''
ਉਨ੍ਹਾਂ ਕਿਹਾ ਕਿ ਪਹਿਲੀ ਗੱਲ ਤਾਂ ਇਹ ਕਿ ਅੰਮ੍ਰਿਤਪਾਲ ਨੂੰ ਪਹਿਲਾਂ ਹੀ ਦੂਜੇ ਸਾਰੇ ਮੈਂਬਰਾਂ ਦੇ ਨਾਲ ਹੀ ਸਹੁੰ ਚੁਕਾਉਣੀ ਚਾਹੀਦੀ ਸੀ, ਜਿਸ ਕਾਰਨ ਸੰਗਤਾਂ ਵਿੱਚ ਰੋਸ ਵੀ ਸੀ, ਪਰ ਹੁਣ ਚਲੋ ਸਹੁੰ ਚੁਕਾ ਦਿੱਤੀ ਗਈ ਹੈ, ਜਿਸ ਕਾਰਨ ਸੰਗਤਾਂ 'ਚ ਰੋਸ ਘੱਟ ਹੋਇਆ ਹੈ।
ਇਸ ਦੌਰਾਨ ਮਾਤਾ ਬਲਵਿੰਦਰ ਕੌਰ ਨੇ ਇੱਕ ਵਾਰ ਫਿਰ NSA ਨੂੰ ਹਟਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਰਕਾਰ ਕੋਲ ਐਨਐਸਏ ਲਗਾਉਣ ਦਾ ਕੋਈ ਸਬੂਤ ਨਹੀਂ ਹੈ। ਉਨ੍ਹਾਂ ਨੂੰ ਹੁਣ ਜਨਤਕ ਫਤਵਾ ਮੰਨ ਕੇ ਅੰਮ੍ਰਿਤਪਾਲ ਸਿੰਘ ਨੂੰ ਰਿਹਾਅ ਕਰਨਾ ਚਾਹੀਦਾ ਹੈ, ਤਾਂ ਜੋ ਅੰਮ੍ਰਿਤਪਾਲ ਸਿੰਘ ਬਾਹਰ ਆ ਕੇ ਖਡੂਰ ਸਾਹਿਬ ਲਈ ਕੰਮ ਕਰ ਸਕੇ। ਉਨ੍ਹਾਂ ਨੇ ਨਸ਼ਿਆਂ ਵਿਰੁੱਧ ਜੋ ਕੰਮ ਸ਼ੁਰੂ ਕੀਤਾ ਸੀ, ਉਸ ਨੂੰ ਅੱਗੇ ਵਧਾਇਆ ਜਾਵੇ। ਬਲਵਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਅੰਮ੍ਰਿਤਪਾਲ ਸਿੰਘ ਨੂੰ ਐਨਐਸਏ ਤਹਿਤ ਇੱਕ ਸਾਲ ਤੋਂ ਵੱਧ ਸਮੇਂ ਤੋਂ ਜੇਲ੍ਹ ਵਿੱਚ ਰੱਖਣ ਦੀ ਮੰਗ ਵੀ ਰੱਖੀ ਹੈ।
ਅੰਮ੍ਰਿਤਪਾਲ ਨੇ ਚਾਚੇ ਨੂੰ ਕੀ ਦਿੱਤਾ ਸੀ ਸੁਨੇਹਾ
ਸੁਨੇਹੇ ਵਿੱਚ ਅੰਮ੍ਰਿਤਪਾਲ ਨੇ ਕਿਹਾ, ''ਸੰਗਤ ਦਾ ਵੱਧ ਤੋਂ ਵੱਧ ਧੰਨਵਾਦ ਕਰਦਾ ਹਾਂ, ਜਿਹਨਾਂ ਨੇ ਮੈਨੂੰ ਵੋਟਾਂ ਪਾ ਕੇ ਇਥੋਂ ਤੱਕ ਪਹੁੰਚਾਇਆ ਹੈ। ਹੁਣ ਉਹ ਜਲਦ ਹੀ ਜੇਲ੍ਹ ਤੋਂ ਬਾਹਰ ਵੀ ਆਉਣਗੇ। ਇਸ ਦੇ ਨਾਲ ਹੀ ਉਹਨਾਂ ਨੇ ਵੱਧ ਤੋਂ ਵੱਧ ਸੰਗਤ ਨੂੰ ਸ਼੍ਰੋਮਣੀ ਕਮੇਟੀ ਚੋਣਾਂ ਲਈ ਵੋਟਾਂ ਬਣਵਾਓ ਲਈ ਅਪੀਲ ਕੀਤੀ ਹੈ।''
ਦੱਸ ਦਈਏ ਕਿ ਅੰਮ੍ਰਿਤਪਾਲ ਸਿੰਘ ਨੂੰ ਲਗਭਗ 1 ਸਾਲ 2 ਮਹੀਨੇ 12 ਦਿਨਾਂ ਬਾਅਦ ਮੈਂਬਰ ਪਾਰਲੀਮੈਂਟ ਅਹੁਦੇ ਦੀ ਸਹੁੰ ਚੁੱਕਣ ਲਈ ਡਿਬਰੂਗੜ੍ਹ ਜੇਲ੍ਹ ਤੋਂ ਬਾਹਰ ਲਿਆਂਦਾ ਗਿਆ ਸੀ।
- PTC NEWS