ਅਮਿਤ ਸ਼ਾਹ 29 ਜਨਵਰੀ ਨੂੰ ਸ਼ਾਹੀ ਸ਼ਹਿਰ 'ਚ ਕਰਨਗੇ ਰੈਲੀ, ਭਾਜਪਾ ਦੀ ਪਟਿਆਲਾ ਇਕਾਈ 'ਚ ਖਾਨਾਜੰਗੀ
ਪਟਿਆਲਾ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪੰਜਾਬ ਦੇ ਸ਼ਾਹੀ ਸ਼ਹਿਰ ਪਟਿਆਲਾ ਵਿਚ ਜਨਵਰੀ ਦੇ ਆਖਰ ਵਿਚ ਰੈਲੀ ਕਰਨ ਜਾ ਰਹੇ ਹਨ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਗੜ੍ਹ ਪਟਿਆਲਾ ਵਿਚ ਅਮਿਤ ਸ਼ਾਹ 29 ਜਨਵਰੀ ਨੂੰ ਰੈਲੀ ਕਰਨਗੇ। ਇਹ ਰੈਲੀ ਵੀਰ ਹਕੀਕਤ ਰਾਏ ਗਰਾਊਂਡ ਵਿਚ ਕੀਤੀ ਜਾਵੇਗੀ। ਅਮਿਤ ਸ਼ਾਹ ਦੀ ਫੇਰੀ ਤੋਂ ਪਹਿਲਾਂ ਪਟਿਆਲਾ ਭਾਜਪਾ 2 ਹਿੱਸਿਆਂ ਵਿਚ ਵੰਡੀ ਗਈ ਹੈ।
ਭਾਜਪਾ ਦੀ ਪਟਿਆਲਾ ਇਕਾਈ ਵਿਚ ਕਾਟੋ-ਕਲੇਸ਼ ਉਭਰਦਾ ਨਜ਼ਰ ਆ ਰਿਹਾ ਹੈ। ਪਟਿਆਲਾ ਸ਼ਹਿਰ ਦੀ 28 ਮੈਂਬਰੀ ਕਾਰਜਕਾਰੀ ਕਮੇਟੀ ਉਤੇ ਮਹਿਲ ਵਾਲਿਆਂ ਦਾ ਕਬਜ਼ਾ ਹੈ। 28 ਵਿਚੋਂ ਸਿਰਫ਼ 10 ਮੈਂਬਰ ਹੀ ਪੁਰਾਣੇ ਭਾਜਪਾਈ ਹਨ। ਇਸ ਦੌਰਾਨ ਨਵੇਂ ਬਣੇ ਮੀਤ ਪ੍ਰਧਾਨ ਵਰੁਣ ਜਿੰਦਲ ਵੱਲੋਂ ਬਗਾਵਤੀ ਸੁਰ ਦਿਖਾਏ ਜਾ ਰਹੇ ਹਨ। ਉਨ੍ਹਾਂ ਨੇ ਫੇਸਬੁੱਕ ਉਤੇ ਲਿਖਿਆ ਕਿ ਉਹ ਸਮਰਥਕਾਂ ਨਾਲ ਮੀਟਿੰਗ ਕਰ ਰਹੇ ਹਨ। ਭਾਜਪਾ ਦੇ ਸੀਨੀਅਰ ਆਗੂ ਨੀਰਜ ਕੌੜਾ ਨੇ ਵੀ ਫੇਸਬੁੱਕ ਪੋਸਟ ਉਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਭਾਜਪਾ ਟਕਸਾਲੀ ਆਗੂ ਨੀਰਜ ਕੌੜਾ ਨੇ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਹੈ ਕਿ "ਹਮ ਕੋ ਆਪਣੀ ਅਨਾ ਆਜ ਭੀ ਹੈ ਪਿਆਰੀ, ਤੁਮ੍ਹੇ ਮੁਬਾਰਕ ਮਹਿਲੋਂ ਕੀ ਖਿਦਮਤਦਾਰੀ"। ਆਰਐੱਸਐੱਸ ਵਰਕਰ ਸੁਸ਼ੀਲ ਨਈਅਰ ਨੇ ਤਾਂ ਪਟਿਆਲਾ ਪ੍ਰਧਾਨ ਨੂੰ ਬਦਲਣ ਤਕ ਦੀ ਮੰਗ ਕਰ ਦਿੱਤੀ ਹੈ।
ਇਸ ਦੇ ਨਾਲ ਹੀ ਅਮਿਤ ਸ਼ਾਹ ਦੇ ਦੌਰੇ ਨੂੰ ਰਾਹੁਲ ਗਾਂਧੀ ਦੇ ਦੌਰੇ ਨਾਲ ਵੀ ਜੋੜਿਆ ਜਾ ਰਿਹਾ ਹੈ। ਅਗਲੇ ਸਾਲ ਲੋਕ ਸਭਾ ਚੋਣਾਂ ਤੋਂ ਪਹਿਲਾਂ ਰਾਹੁਲ ਗਾਂਧੀ ਪੰਜਾਬ ਵਿੱਚ ਭਾਰਤ ਜੋੜੋ ਯਾਤਰਾ ਕੱਢ ਰਹੇ ਹਨ। ਅਜਿਹੇ 'ਚ ਰਾਹੁਲ ਦੇ ਦੌਰੇ ਨਾਲ ਭਾਜਪਾ ਨੂੰ ਹੋਏ ਨੁਕਸਾਨ ਨੂੰ ਕੰਟਰੋਲ ਕਰਨ ਦੇ ਨਜ਼ਰੀਏ ਨਾਲ ਭਾਜਪਾ ਦੀ ਸਿਆਸਤ ਵੀ ਜੁੜੀ ਹੋਈ ਹੈ।
ਅਮਿਤ ਸ਼ਾਹ ਦਾ ਦੌਰਾ ਇਸ ਲਈ ਵੀ ਖਾਸ ਹੈ ਕਿਉਂਕਿ ਰਾਹੁਲ ਗਾਂਧੀ ਆਪਣੀਆਂ ਰੈਲੀਆਂ 'ਚ ਭਾਜਪਾ 'ਤੇ ਨਿਸ਼ਾਨਾ ਵਿੰਨ੍ਹ ਰਹੇ ਹਨ। ਪੰਜਾਬ ਦੀ ਯਾਤਰਾ ਦੌਰਾਨ ਉਹ ਸੂਬਾ ਸਰਕਾਰ ਯਾਨੀ ਆਮ ਆਦਮੀ ਪਾਰਟੀ ਬਾਰੇ ਕੁਝ ਨਹੀਂ ਕਹਿ ਰਹੇ ਹਨ। ਉਨ੍ਹਾਂ ਦਾ ਨਿਸ਼ਾਨਾ ਪ੍ਰਧਾਨ ਮੰਤਰੀ ਮੋਦੀ ਹਨ। ਉਹ ਗਲਤ ਜੀਐਸਟੀ, ਨੋਟਬੰਦੀ ਵਰਗੇ ਮੁੱਦੇ ਉਠਾ ਰਿਹਾ ਹੈ। ਜਿਸ ਰਾਹੀਂ ਉਹ ਕਾਰੋਬਾਰ ਨੂੰ ਬਰਬਾਦ ਕਰਨ ਅਤੇ ਕੁਝ ਵਪਾਰੀਆਂ ਨੂੰ ਫਾਇਦਾ ਪਹੁੰਚਾਉਣ ਦੀ ਗੱਲ ਕਰ ਰਿਹਾ ਹੈ। ਸ਼ਾਹ ਰਾਹੁਲ ਨੂੰ ਇਸ ਦਾ ਜਵਾਬ ਰੈਲੀ ਰਾਹੀਂ ਦੇ ਸਕਦੇ ਹਨ।
ਰਿਪੋਰਟ-ਗਗਨਦੀਪ ਆਹੂਜਾ
- PTC NEWS