Talwandi Sabo News : ਵਿਦੇਸ਼ੋਂ ਆ ਕੇ ਸਿੱਖ ਰੀਤੀ-ਰਿਵਾਜ਼ਾਂ ਨਾਲ ਕਰਵਾਇਆ ਵਿਆਹ, ਤਲਵੰਡੀ ਸਾਬੋ 'ਚ ਚਰਚਾ ਦਾ ਵਿਸ਼ਾ ਬਣੀ ਡਾਕਟਰ ਧੀ
Talwandi Sabo News : ਜਿੱਥੇ ਅੱਜ ਦੀ ਨੌਜਵਾਨ ਪੀੜੀ ਪੁਰਾਤਨ ਵਿਰਸੇ ਅਤੇ ਸਿੱਖ ਸਿਧਾਂਤਾਂ ਨੂੰ ਭੁੱਲ ਕੇ ਨਵਾਂ ਵਿਆਹ ਕਲਚਰ ਅਪਣਾਉਣ ਲੱਗੀ ਹੈ ਉਥੇ ਹੀ ਇਤਿਹਾਸਿਕ ਨਗਰ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਗੁਰਸਿੱਖ ਨੌਜਵਾਨ ਨੇ ਆਪਣਾ ਵਿਆਹ ਪੂਰਨ ਸਿੱਖ ਰੀਤੀ ਰਿਵਾਜ ਨਾਲ ਕਰਵਾਇਆ ਹੈ। ਵਿਆਹ ਸਮਾਗਮ ਵਿੱਚ ਤਖਤ ਸ੍ਰੀ ਦਮਦਮਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਜਗਤਾਰ ਸਿੰਘ ਤੋਂ ਇਲਾਵਾ ਸਿੱਖ ਮਹਾਂਪੁਰਸ਼ਾਂ ਨੇ ਵੀ ਜੋੜੀ ਨੂੰ ਆਸ਼ੀਰਵਾਦ ਦੇਣ ਲਈ ਸ਼ਿਰਕਤ ਕੀਤੀ ਹੈ, ਇੱਥੇ ਖਾਸ ਗੱਲ ਇਹ ਵੀ ਰਹੀ ਕੈਲੀਫੋਰਨੀਆ ਤੋਂ ਆਈ ਡਾਕਟਰ ਕੁੜੀ ਨੇ ਵੀ ਸਿੱਖ ਰੀਤੀ ਰਿਵਾਜਾਂ ਨਾਲ ਹੀ ਵਿਆਹ ਸਮਾਗਮ ਕਰਨ ਵਿੱਚ ਆਪਸੀ ਸਹਿਮਤੀ ਪ੍ਰਗਟਾਈ ਸੀ।
ਵਿਦੇਸ਼ਾਂ ਵਿੱਚੋਂ ਆਏ ਲੋਕ ਜਿੱਥੇ ਵਿਆਹ ਸਮਾਗਮਾਂ ਵਿੱਚ ਲੱਖਾਂ ਕਰੋੜਾਂ ਰੁਪਏ ਖਰਚ ਕਰਦੇ ਹਨ ਉਥੇ ਹੀ ਪੁਰਾਤਨ ਵਿਰਸੇ ਨੂੰ ਭੁੱਲ ਕੇ ਨਵੇਂ ਕਲਚਰ ਰਾਹੀਂ ਵਿਆਹ ਸਮਾਗਮ ਕਰਦੇ ਹਨ, ਪਰ ਦਮਦਮਾ ਸਾਹਿਬ ਦੇ ਇਸ ਗੁਰਸਿੱਖ ਨੌਜਵਾਨ ਅਤੇ ਕੈਲੀਫੋਰਨੀਆ ਤੋਂ ਆਈ ਡਾਕਟਰ ਪੂਰਨ ਗੁਰਸਿੱਖ ਲੜਕੀ ਨੇ ਆਪਣਾ ਵਿਆਹ ਸਮਾਗਮ ਜਿੱਥੇ ਸਾਦੇ ਢੰਗ ਨਾਲ ਕੀਤਾ ਉਥੇ ਹੀ ਪੂਰਨ ਗੁਰਸਿੱਖ ਮਰਿਆਦਾ ਨਾਲ ਕਰਕੇ ਹੋਰਨਾਂ ਲੋਕਾਂ ਲਈ ਮਿਸਾਲ ਬਣੇ ਹਨ ਅਤੇ ਇੱਕ ਚੰਗਾ ਸੁਨੇਹਾ ਵੀ ਸਮਾਜ ਨੂੰ ਦਿੱਤਾ ਹੈ, ਦਰਅਸਲ ਤਖਤ ਸ੍ਰੀ ਦਮਦਮਾ ਸਾਹਿਬ ਦੇ ਗ੍ਰੰਥੀ ਭਾਈ ਕੁਲਵੰਤ ਸਿੰਘ ਦੇ ਸਪੁੱਤਰ ਗੁਰਮੀਤ ਸਿੰਘ ਦਾ ਵਿਆਹ ਕੈਲੀਫੋਰਨੀਆ ਦੀ ਵਸਨੀਕ ਡਾਕਟਰ ਹਰਸਿਮਰਨ ਕੌਰ ਨਾਲ ਤੈਅ ਹੋਇਆ, ਜਿਨਾਂ ਨੇ ਆਪਣਾ ਵਿਆਹ ਸਮਾਗਮ ਪੂਰਨ ਗੁਰ ਮਰਿਆਦਾ ਨਾਲ ਕੀਤਾ ਇਥੋਂ ਤੱਕ ਕਿ ਦੋਵੇਂ ਪਤੀ ਪਤਨੀ ਬਿਨਾਂ ਕਿਸੇ ਸਜੇ ਜਾਂ ਕਿਸੇ ਬਿਊਟੀ ਪਾਰਲਰ ਵਿੱਚੋਂ ਤਿਆਰ ਹੋ ਕੇ ਜਾਣ ਦੀ ਬਜਾਏ ਸਾਦੇ ਕੱਪੜਿਆਂ ਵਿੱਚ ਵਿਆਹ ਸਮਾਗਮ ਵਿੱਚ ਨਜ਼ਰ ਆਏ।
ਗੁਰਦੁਆਰਾ ਸਾਹਿਬ ਵਿੱਚ ਅਨੰਦ ਕਾਰਜ ਦੌਰਾਨ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਜਗਤਾਰ ਸਿੰਘ, ਸੰਪਰਦਾਇ ਨਾਨਕਸਰ ਦੇ ਬਾਬਾ ਲੱਖਾ ਸਿੰਘ, ਭਾਈ ਅਵਤਾਰ ਸਿੰਘ ਬਾਈ ਜੀ ਸੰਪਰਦਾਇ ਭਿੰਡਰਾਂ, ਬਾਬਾ ਸੁਖਦੇਵ ਸਿੰਘ ਦਮਦਮੀ ਟਕਸਾਲ ਮਹਿਤਾ, ਬਾਬਾ ਕਾਕਾ ਸਿੰਘ ਮੁਖੀ ਬੁੰਗਾ ਮਸਤੂਆਣਾ ਸਾਹਿਬ ਦਮਦਮਾ ਸਾਹਿਬ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਤ ਮਹਾਂਪੁਰਸ਼ਾਂ ਨੇ ਸ਼ਿਰਕਤ ਕੀਤੀ, ਸਿੱਖ ਮਹਾਂਪੁਰਸ਼ਾਂ ਨੇ ਗੁਰਮਤੇ ਮਰਿਆਦਾ ਅਤੇ ਸਾਦੇ ਵਿਆਹ ਕਰਵਾਉਣ ਦੀ ਲੋੜ ਤੇ ਜ਼ੋਰ ਦਿੰਦਿਆਂ ਕਿਹਾ ਕਿ ਅਜਿਹੇ ਵਿਆਹ ਜਿੱਥੇ ਹੋਰ ਨਾ ਲੋਕਾਂ ਲਈ ਮਿਸਾਲ ਹਨ ਉਥੇ ਹੀ ਅਜਿਹੇ ਕਾਰਜ ਕਰਾਉਣ ਨਾਲ ਨੌਜਵਾਨ ਅਤੇ ਆਉਣ ਵਾਲੀ ਨੌਜਵਾਨ ਪੀੜੀ ਸਿੱਖੀ ਨਾਲ ਜੁੜਦੀ ਹੈ, ਉਨਾ ਇਸ ਪਰਿਵਾਰ ਵੱਲੋਂ ਅਤੇ ਇਸ ਜੋੜੀ ਵੱਲੋਂ ਕੀਤੇ ਇਸ ਕਾਰਜ ਦੀ ਸਲਾਗਾ ਕੀਤੀ।
ਉਧਰ। ਦੂਜੇ ਪਾਸੇ ਪਰਿਵਾਰਿਕ ਮੈਂਬਰ ਅਤੇ ਸਿੱਖ ਨੌਜਵਾਨ ਦਾ ਕਹਿਣਾ ਸੀ ਕਿ ਕਿ ਜਦੋਂ ਸਾਡੇ ਨੌਜਵਾਨ ਮੁੰਡੇ-ਕੁੜੀਆਂ ਵਿਦੇਸ਼ਾਂ ਵਿੱਚ ਜਾਂਦੇ ਹਨ ਤਾਂ ਉੱਥੇ ਆਪਣਾ ਵਿਰਸਾ ਹੀ ਭੁੱਲ ਜਾਂਦੇ ਹਨ ਪਰ ਕੁੜੀ ਹਰਸਿਮਰਨ ਕੌਰ ਨੇ ਵਿਦੇਸ਼ ਵਿੱਚ ਜਮ ਪਲ ਕੇ ਵੀ ਆਪਣੀ ਸਿੱਖੀ ਅਤੇ ਸਿੱਖ ਸਿਧਾਂਤਾਂ ਨੂੰ ਆਪਣੇ ਨਾਲ ਰੱਖਿਆ ਹੈ, ਉਹਨਾਂ ਕਿਹਾ ਕਿ ਹਰਸਿਮਰਨ ਕੌਰ ਤੋਂ ਹੋਰ ਲੜਕੇ ਲੜਕੀਆਂ ਨੂੰ ਵੀ ਸੇਧ ਲੈਣੀ ਚਾਹੀਦੀ ਹੈ।
ਗੁਰਸਿੱਖ ਨੌਜਵਾਨ ਗੁਰਮੀਤ ਸਿੰਘ ਨੇ ਕਿਹਾ ਸਾਨੂੰ ਆਪਣੇ ਪੁਰਖਿਆਂ ਅਤੇ ਗੁਰੂ ਸਾਹਿਬਾਨਾਂ ਤੋਂ ਸਿੱਖਿਆ ਮਿਲੀ ਹੈ ਉਸ ਮੁਤਾਬਕ ਚਲਣਾ ਚਾਹੀਦਾ ਹੈ ਅਤੇ ਉਹਨਾਂ ਕਿਹਾ ਕਿ ਉਹਨਾਂ ਨੇ ਵੀ ਆਪਣੇ ਪੁਰਖਿਆਂ ਅਤੇ ਗੁਰੂ ਸਾਹਿਬਾਨਾਂ ਦੇ ਦੱਸੇ ਮਾਰਗ ਤੇ ਚਲਦੇ ਹੋਏ ਅੱਜ ਗੁਰ ਮਰਿਆਦਾ ਅਨੁਸਾਰ ਵਿਆਹ ਸਮਾਗਮ ਕੀਤਾ ਹੈ।
- PTC NEWS