ਅਮਰੀਕਾ: ਡਲਾਸ ਏਅਰ ਸ਼ੋਅ 'ਚ 2 ਜਹਾਜ਼ ਟਕਰਾਏ, ਹਾਦਸੇ 'ਚ 6 ਲੋਕਾਂ ਦੀ ਮੌਤ
ਅਮਰੀਕਾ: ਅਮਰੀਕਾ ਦੇ ਡਲਾਸ 'ਚ ਸ਼ਨੀਵਾਰ ਨੂੰ ਹਵਾਈ ਸਟੰਟ ਦੌਰਾਨ ਦੋ ਫੌਜੀ ਜਹਾਜ਼ ਇਕ-ਦੂਜੇ ਨਾਲ ਟਕਰਾ ਕੇ ਜ਼ਮੀਨ 'ਤੇ ਡਿੱਗ ਗਏ, ਜਿਸ ਤੋਂ ਬਾਅਦ ਉਨ੍ਹਾਂ 'ਚ ਅੱਗ ਲੱਗ ਗਈ। ਏਅਰ ਸ਼ੋਅ 'ਚ ਸਟੰਟ ਕਰਦੇ ਸਮੇਂ ਇਹ ਹਾਦਸਾ ਵਾਪਰਿਆ। ਹਵਾ 'ਚ ਜਹਾਜ਼ ਦੇ ਟਕਰਾਉਣ ਦਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਰਿਪੋਰਟਾਂ ਮੁਤਾਬਕ ਇਨ੍ਹਾਂ ਜਹਾਜ਼ਾਂ 'ਚ ਘੱਟੋ-ਘੱਟ 6 ਲੋਕ ਸਵਾਰ ਸਨ ਅਤੇ ਇਨ੍ਹਾਂ ਸਾਰਿਆਂ ਦੀ ਮੌਤ ਹੋ ਗਈ ਹੈ। ਕੈਮਰੇ 'ਚ ਕੈਦ ਹੋਏ ਇਸ ਭਿਆਨਕ ਹਾਦਸੇ 'ਚ ਇਕ ਬੋਇੰਗ ਬੀ-17 ਫਲਾਇੰਗ ਫੋਰਟਰਸ ਅਤੇ ਬੇਲ ਪੀ-63 ਕਿੰਗਕੋਬਰਾ ਦੀ ਟੱਕਰ ਹੋਈ।
ਡਲਾਸ ਦੇ ਮੇਅਰ ਐਰਿਕ ਜੌਹਨਸਨ ਨੇ ਕਿਹਾ ਕਿ ਹਾਦਸੇ ਦਾ ਵੀਡੀਓ ਦਿਲ ਦਹਿਲਾਉਣ ਵਾਲਾ ਸੀ। ਮੇਅਰ ਨੇ ਦੱਸਿਆ ਕਿ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਨੇ ਸਥਾਨਕ ਪੁਲਿਸ ਅਤੇ ਫਾਇਰ ਵਿਭਾਗ ਦੀ ਮਦਦ ਨਾਲ ਹਾਦਸੇ ਵਾਲੀ ਥਾਂ 'ਤੇ ਕਾਬੂ ਪਾ ਲਿਆ ਹੈ।
ਵੀਡੀਓ 'ਚ ਸਾਫ ਦੇਖਿਆ ਜਾ ਰਿਹਾ ਸੀ ਕਿ ਦੂਜੇ ਪਾਸਿਓਂ ਆ ਰਿਹਾ ਕਿੰਗਕੋਬਰਾ ਜਹਾਜ਼ ਵਿਸ਼ਾਲ ਬੀ-17 ਨਾਲ ਟਕਰਾ ਗਿਆ ਅਤੇ ਅੱਗ ਅਤੇ ਧੂੰਏਂ ਦਾ ਵੱਡਾ ਗੋਲਾ ਬਣ ਗਿਆ। ਏਅਰ ਸ਼ੋਅ ਮੌਕੇ ਮੌਜੂਦ ਲੋਕਾਂ ਨੇ ਦੱਸਿਆ ਕਿ ਉੱਥੇ ਇੱਕੋ ਸਮੇਂ ਕਈ ਜਹਾਜ਼ ਉੱਡ ਰਹੇ ਸਨ।
- PTC NEWS