ਚੰਡੀਗੜ੍ਹ:108 ਐਂਬੂਲੈਂਸ ਯੂਨੀਅਨ ਦੀ ਹੜਤਾਲ ਅੱਜ ਪੰਜਵੇਂ ਦਿਨ ਖਤਮ ਹੋ ਗਈ। ਅੱਜ ਬੁੱਧਵਾਰ ਨੂੰ ਪੰਜਾਬ ਦੇ ਸਿਹਤ ਮੰਤਰੀ ਡਾ.ਬਲਬੀਰ ਸਿੰਘ ਅਤੇ ਯੂਨੀਅਨ ਵਿਚਾਲੇ ਮੀਟਿੰਗ ਹੋਈ। ਡਾ. ਬਲਬੀਰ ਸਿੰਘ ਨੇ ਯੂਨੀਅਨ ਦੀਆਂ ਮੰਗਾਂ ਮੰਨਣ ਦਾ ਭਰੋਸਾ ਦੇ ਕੇ ਧਰਨਾ ਖਤਮ ਕਰਵਾ ਦਿੱਤਾ ਹੈ। ਦੱਸ ਦੇਈਏ ਕਿ ਪੂਰੇ ਸੂਬੇ ਦੇ ਐਂਬੂਲੈਂਸ ਮੁਲਾਜ਼ਮ ਲੁਧਿਆਣਾ ਦੇ ਟੋਲ ਪਲਾਜ਼ਾ ਉਤੇ ਆਪਣੀਆਂ ਮੰਗਾਂ ਨੂੰ ਲੈ ਕੇ ਕੜਾਕੇ ਦੀ ਠੰਢ ਵਿਚ ਅੜੇ ਹੋਏ ਸਨ।ਕਾਬਿਲੇਗੌਰ ਹੈ ਕਿ ਐਂਬੂਲੈਂਸ ਦੇ ਮੁਲਾਜ਼ਮਾਂ ਨੂੰ ਭਰਤੀ ਕਰਨ ਦਾ ਕੰਮ ਇਕ ਨਿੱਜੀ ਕੰਪਨੀ ਨੂੰ ਸੌਂਪਿਆ ਗਿਆ ਹੈ। ਇਸ ਲਈ ਮੁਲਾਜ਼ਮਾਂ ਦੀ ਮੰਗ ਹੈ ਕਿ ਪੰਜਾਬ ਸਰਕਾਰ ਨਿੱਜੀ ਕੰਪਨੀ ਨੂੰ ਲਾਂਭੇ ਕਰਕੇ ਸਰਕਾਰ ਕੰਮ ਆਪਣੇ ਅਧੀਨ ਲਵੇ। ਇਸ ਤੋਂ ਇਲਾਵਾ ਮੁਲਾਜ਼ਮਾਂ ਨੂੰ ਪੱਕਾ ਕਰਕੇ ਤਨਖਾਹ ਵਿਚ ਵਾਧਾ ਕੀਤਾ ਜਾਵੇ। ਐਂਬੂਲੈਂਸ ਚਾਲਕਾਂ ਦੀ ਹੜਤਾਲ ਕਾਰਨ ਮਰੀਜ਼ ਕਾਫੀ ਪਰੇਸ਼ਾਨ ਨਜ਼ਰ ਆਏ। ਗਰਭਵਤੀ ਔਰਤਾਂ ਅਤੇ ਹੋਰ ਮਰੀਜ਼ਾਂ ਨੂੰ ਸਿਵਲ ਹਸਪਤਾਲ ਪਹੁੰਚਣ ਲਈ ਆਟੋ, ਰਿਕਸ਼ਾ ਅਤੇ ਪ੍ਰਾਈਵੇਟ ਐਂਬੂਲੈਂਸਾਂ ਦਾ ਸਹਾਰਾ ਲੈਣਾ ਪਿਆ।