Ambala News: ਸੱਚੇ ਪਿਆਰ ਦੀ ਅਨੋਖੀ ਮਿਸਾਲ ਬਣਿਆ ਇਹ ਜੋੜਾ ,3.8 ਫੁੱਟ ਦੇ ਲਾੜੇ ਨੇ 3.6 ਫੁੱਟ ਦੀ ਲਾੜੀ ਨਾਲ ਕਰਵਾਇਆ ਵਿਆਹ
Ambala News : ਹਰਿਆਣਾ ਦੇ ਅੰਬਾਲਾ ਕੈਂਟ ਦੇ ਇੱਕ ਮੈਰਿਜ ਪੈਲੇਸ ਵਿੱਚ 3.8 ਫੁੱਟ ਦੇ ਲਾੜੇ ਨੇ 3.6 ਫੁੱਟ ਦੀ ਦੁਲਹਨ ਨਾਲ ਵਿਆਹ ਕਰਵਾ ਲਿਆ ਹੈ। ਵਿਆਹ 6 ਅਪ੍ਰੈਲ ਨੂੰ ਹੋਇਆ ਸੀ, ਜਿਸਦੀ ਰਿਸੈਪਸ਼ਨ 13 ਅਪ੍ਰੈਲ ਨੂੰ ਰੱਖੀ ਗਈ ਸੀ। ਇਸ ਦੌਰਾਨ ਨੌਜਵਾਨ ਅਤੇ ਲੜਕੀ ਨੇ ਆਪਣੇ ਰਿਸ਼ਤੇਦਾਰਾਂ ਨਾਲ ਵਿਆਹ ਦਾ ਜਸ਼ਨ ਮਨਾਇਆ ਅਤੇ ਗੀਤਾਂ 'ਤੇ ਡਾਂਸ ਕੀਤਾ।
ਲਾੜੇ-ਲਾੜੀ ਦੇ ਕੱਦ ਤੋਂ ਇਲਾਵਾ ਇਸ ਵਿਆਹ ਦੀ ਚਰਚਾ ਇਸ ਲਈ ਵੀ ਹੋ ਰਹੀ ਹੈ ਕਿਉਂਕਿ ਲਾੜੇ ਨੇ ਬਿਨ੍ਹਾਂ ਦਾਜ ਲਏ ਵਿਆਹ ਕਰਵਾਇਆ ਹੈ। ਲਾੜੀ ਦੇ ਘਰ ਦੀ ਵਿੱਤੀ ਹਾਲਤ ਠੀਕ ਨਾ ਹੋਣ ਕਰਕੇ ਲਾੜੇ ਨੇ ਇਹ ਫ਼ੈਸਲਾ ਲਿਆ। ਹੁਣ ਉਨ੍ਹਾਂ ਦੇ ਰਿਸੈਪਸ਼ਨ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਦੋਵੇਂ ਪਤੀ-ਪਤਨੀ "ਤੇਰੇ ਸੰਗ ਯਾਰਾ..." ਗੀਤ 'ਤੇ ਨੱਚਦੇ ਦਿਖਾਈ ਦੇ ਰਹੇ ਹਨ।
ਪਰਿਵਾਰਕ ਮੈਂਬਰਾਂ ਅਨੁਸਾਰ ਲਾੜੇ ਦਾ ਨਾਮ ਨਿਤਿਨ ਵਰਮਾ ਹੈ। 25 ਸਾਲਾ ਨਿਤਿਨ ਅੰਬਾਲਾ ਛਾਉਣੀ ਦੇ ਮਤੀਦਾਸ ਨਗਰ ਦਾ ਰਹਿਣ ਵਾਲਾ ਹੈ। ਉਸਨੇ 12ਵੀਂ ਤੱਕ ਪੜ੍ਹਾਈ ਕੀਤੀ ਹੈ ਅਤੇ ਸੇਲਜ਼ ਦਾ ਕੰਮ ਕਰਦਾ ਹੈ। ਜਦੋਂ ਕਿ ਦੁਲਹਨ ਦਾ ਨਾਮ ਆਰੂਸ਼ੀ ਸ਼ਰਮਾ ਹੈ। ਉਹ 23 ਸਾਲਾਂ ਦੀ ਹੈ ਅਤੇ ਰੋਪੜ ਦੀ ਰਹਿਣ ਵਾਲੀ ਹੈ। ਉਸਨੇ ਬੀਏ ਤੱਕ ਪੜ੍ਹਾਈ ਕੀਤੀ ਹੈ।
ਲਗਭਗ 2 ਹਫ਼ਤੇ ਪਹਿਲਾਂ ਹੀ ਨਿਤਿਨ ਦੇ ਇੱਕ ਰਿਸ਼ਤੇਦਾਰ ਨੇ ਆਰੂਸ਼ੀ ਨੂੰ ਕਿਸੇ ਸਮਾਗਮ ਵਿੱਚ ਦੇਖਿਆ ਸੀ। ਇਸ ਤੋਂ ਬਾਅਦ ਉਸਨੇ ਆਰੂਸ਼ੀ ਦੇ ਪਰਿਵਾਰ ਦੀ ਜਾਣਕਾਰੀ ਪ੍ਰਾਪਤ ਕੀਤੀ ਅਤੇ ਵਿਆਹ ਦੀ ਗੱਲ ਅੱਗੇ ਵਧਾਈ। ਇਸ ਸਮੇਂ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਆਰੂਸ਼ੀ ਦੇ ਪਰਿਵਾਰ ਦੀ ਵਿੱਤੀ ਹਾਲਤ ਚੰਗੀ ਨਹੀਂ ਸੀ। ਆਰੂਸ਼ੀ 4 ਭੈਣ-ਭਰਾਵਾਂ ਵਿੱਚੋਂ ਸਭ ਤੋਂ ਵੱਡੀ ਹੈ। ਉਸਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਮਾਂ ਘਰਾਂ 'ਚ ਕੰਮ ਕਰਦੀ ਹੈ। ਉਸਦਾ ਛੋਟਾ ਭਰਾ ਵੀ ਕੱਦ ਵਿੱਚ ਛੋਟਾ ਹੈ।
ਲੋਕ ਬੋਲੇ - ਕੱਦ ਨਹੀਂ, ਸੋਚ ਵੱਡੀ ਹੋਣੀ ਚਾਹੀਦੀ
ਸੋਸ਼ਲ ਮੀਡੀਆ 'ਤੇ ਇਸ ਵਿਆਹ ਦੀ ਕਾਫ਼ੀ ਚਰਚਾ ਹੋ ਰਹੀ ਹੈ। ਲੋਕ ਇਸਦੀ ਪ੍ਰਸ਼ੰਸਾ ਕਰ ਰਹੇ ਹਨ। ਇਸ ਦੇ ਨਾਲ ਹੀ, ਨਿਤਿਨ ਅਤੇ ਆਰੂਸ਼ੀ ਦੋਵਾਂ ਨੇ ਆਪਣੇ ਇੰਟਰਵਿਊਆਂ ਵਿੱਚ ਇਹੀ ਗੱਲ ਕਹੀ ਹੈ ਕਿ ਜੇਕਰ ਸੋਚ ਸਾਫ਼ ਹੋਵੇ ਤਾਂ ਹਰ ਰਿਸ਼ਤਾਖ਼ੂਬਸੂਰਤ ਬਣ ਸਕਦਾ ਹੈ।
- PTC NEWS