Thu, Mar 27, 2025
Whatsapp

ਅਮਰ ਸਿੰਘ ਚਮਕੀਲਾ: ਧਨੀ ਰਾਮ ਤੋਂ ਚਮਕਦਾ ਸਿਤਾਰਾ ਬਣੇ ਚਮਕੀਲੇ ਦੇ ਉਭਾਰ ਤੇ ਅੰਤ ਦੀ ਕਹਾਣੀ

ਅਮਰ ਸਿੰਘ ਚਮਕੀਲਾ ਉਹ ਪੰਜਾਬੀ ਗਾਇਕ ਸੀ ਜਿਸਦੇ ਅਖਾੜਿਆਂ ’ਚ ਪੈਰ ਧਰਨ ਨੂੰ ਥਾਂ ਨਹੀਂ ਸੀ ਹੁੰਦੀ। ਦਹਾਕਿਆਂ ਬਾਅਦ ਵੀ ਉਸਦੇ ਗਾਣੇ ਅੱਜ ਵੀ ਸੁਪਰਹਿੱਟ ਹਨ। ਪਰ ਉਹ ਦੌਰ ਵੀ ਆਇਆ ਜਦੋਂ ਗੋਲੀਆਂ ਨਾਲ ਵਿੰਨ੍ਹੇ ਸਟਾਰ ਗਾਇਕ ਦੀ ਲਾਸ਼ ’ਤੇ ਪਿਆ ਭੰਗੜਾ ਪਾਇਆ ਗਿਆ ਸੀ

Reported by:  PTC News Desk  Edited by:  Amritpal Singh -- April 12th 2024 03:27 PM -- Updated: April 13th 2024 06:10 PM
ਅਮਰ ਸਿੰਘ ਚਮਕੀਲਾ: ਧਨੀ ਰਾਮ ਤੋਂ ਚਮਕਦਾ ਸਿਤਾਰਾ ਬਣੇ ਚਮਕੀਲੇ ਦੇ ਉਭਾਰ ਤੇ ਅੰਤ ਦੀ ਕਹਾਣੀ

ਅਮਰ ਸਿੰਘ ਚਮਕੀਲਾ: ਧਨੀ ਰਾਮ ਤੋਂ ਚਮਕਦਾ ਸਿਤਾਰਾ ਬਣੇ ਚਮਕੀਲੇ ਦੇ ਉਭਾਰ ਤੇ ਅੰਤ ਦੀ ਕਹਾਣੀ

Amar Singh Chamkila: ਸਾਲ 1960 ਵਿੱਚ ਜੰਮਿਆ ਪੰਜਾਬ ਦਾ ਮਸ਼ਹੂਰ ਗਾਇਕ ਅਮਰ ਸਿੰਘ ਚਮਕੀਲਾ 28 ਸਾਲ ਦੀ ਉਮਰ ਵਿੱਚ ਇੰਨਾ ਕੰਮ ਕਰ ਜਾਏਗਾ ਅਤੇ ਇੰਨਾ ਮਕਬੂਲ ਹੋ ਜਾਏਗਾ ਇਸ ਗੱਲ ਦਾ ਕਿਸੇ ਨੂੰ ਅੰਦਾਜਾ ਨਹੀਂ ਸੀ।

ਲੁਧਿਆਣਾ ਦੇ ਡੁਗਰੀ ਇਲਾਕੇ ਵਿੱਚ ਆਮ ਪਰਿਵਾਰ ਵਿੱਚ ਪੈਦਾ ਹੋਏ ਚਮਕੀਲਾ ਦਾ ਅਸਲੀ ਨਾਮ ਧਨੀ ਰਾਮ ਸੀ। ਆਮ ਪਰਿਵਾਰਾਂ ਵਾਂਗ ਢਿੱਡ ਪਾਲਣ ਲਈ ਮਿਹਨਤ ਮਜ਼ਦੂਰੀ ਦਾ ਰਾਹ ਚਮਕੀਲੇ ਨੇ ਵੀ ਅਪਣਾਇਆ। ਲੁਧਿਆਣਾ ਵਿੱਚ ਹੀ ਉਸਨੇ ਇੱਕ ਹੌਜ਼ਰੀ ਫੈਕਟਰੀ ਵਿੱਚ ਕੰਮ ਲੱਭ ਲਿਆ। 


ਚਮਕੀਲੇ ਦੀ ਮਿਹਨਤ ਵੀ ਜਾਰੀ ਰਹੀ ਤੇ ਗੀਤ ਲਿਖਣ ਦਾ ਜਨੂੰਨ ਵੀ

ਘਰ ਦੀ ਜਿੰਮੇਵਾਰੀ ਚੁੱਕਣ ਵਾਲੇ ਚਮਕੀਲੇ ਨੂੰ ਗੀਤ ਲਿਖਣ ਦਾ ਬੇਹੱਦ ਕਾਫੀ ਸ਼ੌਕ ਸੀ। ਪਰ ਇਹੀ ਸ਼ੌਕ ਇੱਕ ਦਿਨ ਧਨੀ ਰਾਮ ਨੂੰ ਦੁਨੀਆਂ ਭਰ ਵਿੱਚ ਮਸ਼ਹੂਰ ਕਰ ਗਿਆ। 

ਲੁਧਿਆਣਾ ਵਿੱਚ ਰਹਿੰਦੀ ਚਮਕੀਲੇ ਦੀ ਪਤਨੀ ਗੁਰਮੇਲ ਕੌਰ ਸ਼ੁਰੂਆਤੀ ਦਿਨਾਂ ਨੂੰ ਯਾਦ ਕਰਦੇ ਹਨ।

ਗੁਰਮੇਲ ਕੌਰ ਕਹਿੰਦੇ ਹਨ, ‘‘ਜਦੋਂ ਉਹ ਫੈਕਟਰੀ ਵਿੱਚ ਨੌਕਰੀ ਕਰਨ ਜਾਂਦੇ ਸੀ ਉਸ ਤੋਂ ਤਿੰਨ ਕੁ ਸਾਲ ਬਾਅਦ ਸਾਨੂੰ ਪਤਾ ਲੱਗਾ ਕਿ ਇਹ ਗੀਤ ਵੀ ਲਿਖਦੇ ਹਨ। ਕੰਮ ਤੋਂ ਪਰਤ ਕੇ ਕਮਰੇ ਅੰਦਰ ਤੁੰਬੀ ਲੈ ਕੇ ਧੁਨਾਂ ਜਿਹੀਆਂ ਜ਼ਰੂਰ ਕੱਢਦੇ ਸੀ ਪਰ ਸਾਨੂੰ ਬਹੁਤਾ ਸਮਝ ਨਹੀਂ ਸੀ ਆਉਂਦਾ ਉਸ ਵੇਲੇ ਕੁਝ।’’

ਧਨੀ ਰਾਮ ਅਮਰ ਸਿੰਘ ਚਮਕੀਲਾ ਇੰਝ ਬਣਿਆ

ਜਦੋਂ ਧਨੀ ਰਾਮ ਦਿਹਾੜੀਆਂ ਕਰ ਰਿਹਾ ਸੀ ਤਾਂ ਉਸ ਦੌਰ ਵਿੱਚ ਪੰਜਾਬ ਦੇ ਨਾਮਵਰ ਗਾਇਕ ਸੁਰਿੰਦਰ ਛਿੰਦਾ ਦੀ ਚੜ੍ਹਤ ਸੀ।

ਧਨੀ ਰਾਮ ਉਰਫ ਚਮਕੀਲਾ ਜਦੋਂ ਗੀਤਾਂ ਦੇ ਬੋਲਾਂ ਵਿੱਚ ਉਲਝਿਆ ਹੋਇਆ ਸੀ ਤਾਂ ਉਸ ਵੇਲੇ ਛਿੰਦਾ ਦੀ ਪ੍ਰਸਿੱਧੀ ਦੇ ਝੰਡੇ ਝੂਲਦੇ ਹੁੰਦੇ ਸੀ।

ਕਾਫੀ ਕੋਸ਼ਿਸਾਂ ਤੋਂ ਬਾਅਦ ਚਮਕੀਲਾ ਦੀ ਮੁਲਾਕਾਤ ਸੁਰਿੰਦਰ ਛਿੰਦਾ ਨਾਲ ਹੋ ਸਕੀ। ਇਸ ਮੁਲਾਕਾਤ ਦੇ ਸੂਤਰਧਾਰ ਬਣੇ ਛਿੰਦਾ ਦੇ ਢੋਲਕੀ ਮਾਸਟਰ ਕੇਸਰ ਸਿੰਘ ਟਿੱਕੀ। ਉਸ ਵੇਲੇ ਛਿੰਦਾ ਨੂੰ ਪਤਾ ਲੱਗਾ ਕਿ ਇਸ ਨੌਜਵਾਨ ਨੂੰ ਗੀਤ ਲਿਖਣ ਦਾ ਸ਼ੌਕ ਹੈ।

ਆਖਿਰਕਾਰ ਛਿੰਦਾ ਦੀ ਟੀਮ ਵਿੱਚ ਧਨੀ ਰਾਮ ਸ਼ਾਮਲ ਹੋ ਗਿਆ। ਧਨੀ ਰਾਮ ਦਾ ਮੁੱਖ ਕੰਮ ਹੁੰਦਾ ਸੀ ਛਿੰਦਾ ਦੇ ਅਖਾੜਿਆਂ ਵਿੱਚ ਦਰੀਆਂ ਵਿਛਾਉਣ ਤੋਂ ਲੈ ਕੇ ਸਟੇਜ ਦੀ ਸਾਂਭ ਸੰਭਾਲ ਕਰਨ ਦਾ। ਇਹੀ ਉਹ ਦੌਰ ਸੀ ਜਦੋਂ ਡੁਗਰੀ ਦੇ ਧਨੀ ਰਾਮ ਨੂੰ ਨਵਾਂ ਨਾਮ ਮਿਲਿਆ ਅਮਰ ਸਿੰਘ ਚਮਕੀਲਾ। ਇਹ ਨਾਮ ਸੁਰਿੰਦਰ ਛਿੰਦਾ ਨੇ ਰੱਖਿਆ ਸੀ।

ਛਿੰਦਾ ਗਾਇਆ ਚਮਕੀਲੇ ਦਾ ਪਹਿਲਾ ਗੀਤ ਜੋ ਹੋ ਗਿਆ ਹਿੱਟ

ਸੁਰਿੰਦਰ ਛਿੰਦਾ ਨੇ ਚਮਕੀਲੇ ਦੇ ਲਿਖੇ ਕਈ ਗੀਤ ਗਾਏ ਸਨ ਪਰ ਪਹਿਲੇ ਗੀਤ ਬਾਰੇ ਦੱਸਣਾ ਲਾਜ਼ਮੀ ਹੈ। ਚਮਕੀਲੇ ਨੇ ਬੇਸ਼ੱਕ ਗੀਤ ਤਾਂ ਬਹੁਤ ਲਿਖੇ ਪਰ ਜੋ ਪਹਿਲਾ ਗੀਤ ਮਕਬੂਲ ਹੋਇਆ ਉਹ ਸੀ ‘ਮੈਂ ਡਿੱਗੀ ਤਿਲਕ ਕੇ’।

ਹਾਲਾਂਕਿ ਛਿੰਦਾ ਨੂੰ ਲੱਗਿਆ ਕਿ ਇਸ ਗਾਣੇ ਨੂੰ ਸਮਾਜ ਵਿੱਚ ਸ਼ਾਇਦ ਪਸੰਦ ਨਹੀਂ ਕੀਤਾ ਜਾਵੇਗਾ, ਪਰ ਚਮਕੀਲਾ ਦੇ ਵਾਰ ਵਾਰ ਕਹਿਣ ਮਗਰੋਂ ਉਹ ਤਿਆਰ ਹੋ ਗਏ। ਇਹ ਗੀਤ ਲੋਕਾਂ ਨੇ ਬੇਹੱਦ ਪਸੰਦ ਕੀਤਾ।

ਗਾਣਾ ਸੀ ‘ਮੈਂ ਡਿੱਗੀ ਤਿਲਕ ਕੇ’, ਕਲਮ ਅਮਰ ਸਿੰਘ ਚਮਕੀਲਾ ਅਤੇ ਆਵਾਜ਼ ਸੁਰਿੰਦਰ ਛਿੰਦਾ।

ਹਾਲਾਂਕਿ ਚਮਕੀਲੇ ਨੂੰ ਵੀ ਥੋੜਾ ਬਹੁਤ ਸ਼ੌਕ ਸੀ ਗਾਉਣ ਦਾ ਪਰ ਉਹ ਛਿੰਦਾ ਸਾਹਮਣੇ ਹਜੇ ਕੱਚਾ ਸੀ। ਉਹ ਗੱਲ ਵੱਖ ਹੈ ਕਿ ਅਖਾੜੇ ਦੀ ਸ਼ੁਰੂਆਤ ਕਰਨ ਲਈ ਪਹਿਲਾ ਗੀਤ ਅਮਰ ਸਿੰਘ ਚਮਕੀਲਾ ਹੀ ਗਾਉਂਦਾ ਸੀ ਤੇ ਫਿਰ ਅਖਾੜੇ ਨੂੰ ਅੱਗੇ ਸਾੰਭਣ ਦਾ ਕੰਮ ਸੁਰਿੰਦਰ ਛਿੰਦਾ ਹੀ ਕਰਦੇ।

ਚਮਕੀਲਾ ਨੂੰ ਗਾਇਕੀ ਦੀਆਂ ਬਰੀਕੀਆਂ ਵੀ ਸੁਰਿੰਦਰ ਛਿੰਦਾ ਨੇ ਸਿਖਾਈਆਂ ਸਨ।

ਕਹਾਣੀ ਚਮਕੀਲੇ ਦੀ ਦੁਨੀਆਂ ਦੀ ਨਜ਼ਰ ਵਿੱਚ ਆਉਣ ਦੀ ਇੱਕ ਵਾਰ ਸੁਰਿੰਦਰ ਛਿੰਦਾ ਕੈਨੇਡਾ ਗਏ ਹੋਏ ਸੀ। ਭਾਰਤ ਵਿੱਚ ਉਨ੍ਹਾਂ ਦੀ HMV ਕੰਪਨੀ ਲਈ ਰਿਕਾਰਡਿੰਗ ਸੀ।

ਛਿੰਦਾ ਦਾ ਕੈਨੇਡਾ ਤੋਂ ਉਸ ਵੇਲੇ ਆਉਣਾ ਮੁਮਕਿਨ ਨਹੀਂ ਸੀ ਤੇ ਕੰਪਨੀ ਨੂੰ ਰਿਕਾਰਡ ਕਰਨ ਦੀ ਜਲਦੀ ਸੀ। ਫਿਰ ਉਸ ਵੇਲੇ ਕੰਪਨੀ ਨੂੰ ਸੁਝਾਅ ਦਿੱਤਾ ਗਿਆ ਕਿ ਗੀਤ ਚਮਕੀਲੇ ਨੇ ਹੀ ਲਿਖੇ ਨੇ ਤਾਂ ਕਿਉਂ ਨਾ ਉਸ ਨੂੰ ਹੀ ਮੌਕਾ ਦੇ ਕੇ ਦੇਖਿਆ ਜਾਵੇ।

ਕੰਪਨੀ ਨੂੰ ਚਮਕੀਲੇ ਦੇ ਗਾਏ ਗੀਤ ਪਸੰਦ ਆ ਗਏ। ਫਿਰ ਇੱਥੋਂ ਸ਼ੁਰੂ ਹੋਈ ਚਮਕੀਲੇ ਦੇ ਚਮਕਣ ਦੀ ਕਹਾਣੀ।

ਅਮਰ ਸਿੰਘ ਚਮਕੀਲਾ ਤੇ ਅਮਰਜੋਤ ਕੌਰ ਦੀ ਜੋੜੀ

ਚਮਕੀਲੇ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਵਿੱਚ ਵੱਖ-ਵੱਖ ਕੁੜੀਆਂ ਨਾਲ ਜੋੜੀਆਂ ਬਣਾਈਆਂ ਪਰ ਅਮਰਜੋਤ ਨਾਲ ਉਸਦੀ ਜੋੜੀ ਕਾਫੀ ਹਿੱਟ ਹੋਈ।

ਦੋਵਾਂ ਨੇ ਕਈ ਹਿੱਟ ਗਾਣੇ ਦਿੱਤੇ। ਇਨ੍ਹਾਂ ਵਿੱਚ 'ਪਹਿਲੇ ਲਲਕਾਰੇ ਨਾਲ',' ਟਕੁਏ ਤੇ ਟਕੁਆ' ਅੱਜ ਵੀ ਗਣਗੁਣਾਏ ਜਾਂਦੇ ਹਨ। ਅੱਜ ਵੀ ਅਮਰ ਸਿੰਘ ਚਮਕੀਲਾ ਦੇ ਗਾਣੇ ਸੁਣਨ ਵਾਲਿਆਂ ਦੀ ਇੱਕ ਵੱਡੀ ਗਿਣਤੀ ਹੈ। 

ਇੱਕ ਗੱਲ ਇਹ ਵੀ ਹੈ ਕਿ ਚਮਕੀਲਾ ਦੇ ਗਾਣਿਆਂ ਨੂੰ ਇੱਕ ਤਬਕਾ ‘ਅਸ਼ਲੀਲ’ ਵੀ ਕਰਾਰ ਦਿੰਦਾ ਹੈ। ਹਾਲਾਂਕਿ ਇਸ ਦੇ ਜਵਾਬ ਵਿੱਚ ਅਮਰ ਸਿੰਘ ਚਮਕੀਲਾ ਵੱਲੋਂ ਗਾਏ ਧਾਰਮਿਕ ਗੀਤ, ‘ਸਰਹੰਦ ਦੀ ਦੀਵਾਰ’ ਅਤੇ ‘ਬਾਬਾ ਤੇਰਾ ਨਨਕਾਣਾ’ ਦਾ ਵੀ ਜਿਕਰ ਆਉਂਦਾ ਹੈ।

ਚਮਕੀਲੇ ਦੀ ਜਿੰਦਗੀ ਦਾ ਉਹ ਆਖਰੀ ਦਿਨ

ਦਿਨ ਸੀ 8 ਮਾਰਚ 1988 ਦਾ ਜਲੰਧਰ ਦੇ ਮਹਿਸਮਪੁਰ ਵਿੱਚ ਅਮਰ ਸਿੰਘ ਚਮਕੀਲਾ, ਅਮਰਜੋਤ ਕੌਰ ਅਤੇ ਉਨ੍ਹਾਂ ਦੇ ਸਾਥੀਆਂ ਦਾ ਅਖਾੜਾ ਲੱਗਣਾ ਸੀ।

ਪਿੰਡ ਦੇ ਬਾਹਰ ਬਣੇ ਘਰ ਵਿੱਚ ਵਿਆਹ ਸਮਾਗਮ ਸੀ। ਉਸ ਘਰ ਤੋਂ ਥੋੜੀ ਹੀ ਦੂਰ ਇੱਕ ਮਕਾਨ ਵਿੱਚ ਚਮਕੀਲੇ ਤੇ ਉਸਦੇ ਸਾਥੀਆਂ ਨੂੰ ਠਹਿਰਾਇਆ ਗਿਆ ਸੀ। ਚਮਕੀਲੇ ਉਸਦੇ ਸਾਥੀਆਂ ਦੇ ਖਾਣੇ ਪਾਣੀ ਦਾ ਧਿਆਨ ਪਿੰਡ ਦੇ ਹੀ ਜੋਗਿੰਦਰ ਸਿੰਘ ਨੂੰ ਰੱਖਣ ਲਈ ਕਿਹਾ ਗਿਆ ਸੀ।

ਜੋਗਿੰਦਰ ਸਿੰਘ ਯਾਦ ਕਰਦੇ ਹਨ, ‘‘8 ਮਾਰਚ ਦਾ ਦਿਨ ਸੀ ਅਤੇ ਮੌਸਮ ਵੀ ਠੀਕ ਸੀ। ਧੁੱਪ ਚ ਚਮਕੀਲਾ ਬੈਠਾ ਸਾਥੀਆਂ ਸਣੇ ਰੋਟੀ ਖਾਣ ਦੀ ਤਿਆਰੀ ਵਿੱਚ। ਮੈਂ ਦਾਲ ਲੈ ਕੇ ਪਹੁੰਚਿਆ ਅਤੇ ਭਾਂਡੇ ਨੂੰ ਛੂਹ ਕੇ ਉਸਨੇ ਕਿਹਾ ਬਾਈ ਜੀ ਦਾਲ ਤਾਂ ਠੰਡੀ ਹੈ। ਮੈਂ ਵਾਪਸ ਤੁਰ ਪਿਆ ਤੇ ਅਚਾਨਕ ਚਮਕੀਲੇ ਨੇ ਮੈਨੂੰ ਪਿੱਛੋਂ ਫੜ੍ਹ ਲਿਆ ਤੇ ਕਿਹਾ ਲਗਦਾ ਗੁੱਸਾ ਕਰ ਗਿਆ ਫਿਰ ਉਸਨੇ ਓਹੀ ਦਾਲ ਖਾਧੀ।’’

ਖਾਣਾ ਖਾ ਕੇ ਜਿਵੇਂ ਹੀ ਚਮਕੀਲਾ ਆਪਣੇ ਸਾਥੀ ਕਲਾਕਾਰਾਂ ਨਾਲ ਦੂਜੇ ਘਰ ਜਾਣ ਲਈ ਨਿਕਲਿਆ ਕੁਝ ਦੂਰੀ ’ਤੇ ਹੀ ਉਸਦੀ ਕਾਰ ਨੂੰ ਹਥਿਆਰਬੰਦ ਲੋਕਾਂ ਨੇ ਘੇਰਿਆ ਅਤੇ ਮੌਤ ਦੇ ਘਾਟ ਉਤਾਰ ਦਿੱਤਾ।

ਚਮਕੀਲਾ ਦੇ ਅਖਾੜਿਆਂ ਦੀਆਂ ਸਟੇਜਾਂ ਨੂੰ ਸਾਂਭਣ ਵਾਲੇ ਸ਼ਖਸ ਜਿਸਨੂੰ ਲੋਕ ਮਣਕੂ ਦੇ ਨਾਂ ਨਾਲ ਜਾਣਦੇ ਨੇ ਉਹ ਉਸ ਪਲ ਨੂੰ ਯਾਦ ਕਰਦੇ ਹਨ।

ਮਣਕੂ ਮੁਤਾਬਕ, ‘‘ਉਸ ਦੌਰ ਵਿੱਚ ਕਈ ਵਾਰ ਚਮਕੀਲੇ ਨੂੰ ਧਮਕੀਆਂ ਆਉਂਦੀਆਂ ਸਨ। ਪਰ ਅਸੀਂ ਉਸਨੂੰ ਦੱਸਣ ਤੋਂ ਬਚਦੇ ਸੀ ਕਿਉਂਕਿ ਇਸ ਅਸਰ ਉਸਦੀ ਪੇਸ਼ਕਾਰੀ ’ਤੇ ਪੈਣਾ ਸੀ। ਜਿਵੇਂ ਹੀ ਚਮਕੀਲਾ ਤੇ ਅਮਰਜੋਤ ਦੀ ਗੱਡੀ ਸਟੇਜ ਸਾਹਮਣੇ ਆ ਕੇ ਰੁਕੀ ਇੰਝ ਅਵਾਜਾਂ ਆਈਆਂ ਜਿਵੇਂ ਦਿਵਾਲੀ ਵੇਲੇ ਉੱਚੀ ਅਵਾਜ਼ ਵਾਲੇ ਪਟਾਕੇ ਚੱਲੇ। ਸਾਨੂੰ ਤੱਕ ਕੁਝ ਸਮਝ ਆਇਆ ਅਮਰ ਸਿੰਘ ਚਮਕੀਲਾ, ਅਮਨਜੋਤ ਕੌਰ, ਬਲਦੇਵ ਸਿੰਘ ਢੋਲਕੀ ਮਾਸਟਰ ਅਤੇ ਹਰਜੀਤ ਸਿੰਘ ਗਿੱਲ ਲਾਸ਼ਾਂ ਵਿੱਚ ਤਬਦੀਲ ਹੋ ਗਏ ਸਨ।’’

ਗੋਲੀਆਂ ਮਾਰਨ ਵਾਲਿਆਂ ਨੇ ਪਾਇਆ ਸੀ ਭੰਗੜਾ

ਇਸ ਕਤਲਕਾਂਡ ਨੂੰ ਤਿੰਨ ਲੋਕ ਦੁਪਹੀਆ ਵਾਹਨ ਤੇ ਅੰਜਾਮ ਦੇਣ ਆਏ ਸਨ। ਉਹ ਭੀੜ ਦਾ ਹਿੱਸਾ ਬਣ ਕੇ ਆਏ ਸਨ।

ਮਣਕੂ ਦੱਸਦੇ ਹਨ, ਉਨ੍ਹਾਂ ਹਮਲਾਵਰਾਂ ਨੇ ਲਾਸ਼ਾਂ ਉਤੇ ਇੱਕ ਚਿੱਠੀ ਰੱਖੀ ਅਤੇ ਖੁਸ਼ੀ ਵਿੱਚ ਭੰਗੜਾ ਪਾ ਰਹੇ ਸਨ। ਉੱਥੇ ਕਿਸੇ ਨੂੰ ਕਹਿੰਦੇ ਹੋਏ ਨਿਕਲ ਗਏ ਕਿ ਦੇਖੋ ਤੁਹਾਡਾ ਚਮਕੀਲਾ ਚਮਕਾਇਆ ਹੋਇਆ ਅਸੀਂ।’’

ਇਸ ਕੇਸ ਦਾ ਕੀ ਬਣਿਆ?

ਪੁਲਿਸ ਇਸ ਕੇਸ ਦੀ ਤਫ਼ਤੀਸ਼ ਨੂੰ ਬੰਦ ਕਰ ਚੁੱਕੀ ਹੈ। ਇਸ ਕਤਲਕਾਂਡ ਦਾ ਕੇਸ ਨੂਰਮਹਿਲ ਥਾਣੇ ਵਿੱਚ ਦਰਜ ਹੋਇਆ ਸੀ। ਤਫ਼ਤੀਸ਼ ਦੌਰਾਨ ਤਿੰਨ ਸ਼ੱਕੀਆਂ ਨੂੰ ਇਸ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਸੀ। ਤਿੰਨੇ ਮੁਲਜ਼ਮਾਂ ਨੂੰ ਅਦਾਲਤ ਨੇ ਭਗੌੜਾ ਕਰਾਰ ਕਰ ਦਿੱਤਾ ਸੀ। ਇਹ ਤਿੰਨੇ ਮੁਲਜ਼ਮ ਵੱਖ-ਵੱਖ ਥਾਂਵਾਂ ਅਤੇ ਵੱਖ-ਵੱਖ ਸਮਿਆਂ ਉੱਤੇ ਪੁਲਿਸ ਦੇ ਮੁਕਾਬਲਿਆਂ ਵਿੱਚ ਮਾਰੇ ਜਾ ਚੁੱਕੇ ਹਨ। ਅਦਾਲਤ ਵੱਲੋਂ ਇਸ ਕੇਸ ਦਾ ਨਿਪਟਾਰਾ ਕੀਤਾ ਜਾ ਚੁੱਕਿਆ ਹੈ। ਇਸ ਕਤਲਕਾਂਡ ਪਿੱਛੇ ਅਸਲ ਵਿੱਚ ਕੌਣ ਲੋਕ ਸਨ ਇਸ ਦਾ ਹਜੇ ਤੱਕ ਵੀ ਖੁਲਾਸਾ ਨਹੀਂ ਹੋ ਸਕਿਆ।

ਆਪਣੇ ਗੀਤਾਂ ’ਤੇ ਦੁਨੀਆਂ ਨੂੰ ਨੱਚਣ ਲਾਉਣ ਵਾਲੇ ਚਮਕੀਲਾ ਅਤੇ ਅਮਰਜੋਤ ਦੀ ਲੁਧਿਆਣਾ ਦੇ ਡੁਗਰੀ ਵਿੱਚ ਇੱਕ ਸਮਾਧ ਬਣਾਈ ਗਈ ਹੈ ਅਤੇ ਇਹੀ ਉਨ੍ਹਾਂ ਦੀ ਆਖਰੀ ਯਾਦਗਾਰ ਵੀ ਰਹਿ ਗਈ ਹੈ।

Story by: Dalip Singh, Digital Editor, PTC News

- PTC NEWS

Top News view more...

Latest News view more...

PTC NETWORK