Fri, Jan 24, 2025
Whatsapp

ਅਮਰ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਦਿਵਸ 'ਤੇ ਵਿਸ਼ੇਸ਼

ਭਾਈ ਮਨੀ ਸਿੰਘ ਜੀ ਦਾ ਜਨਮ ਸੁਨਾਮ ਦੇ ਨੇੜੇ ਕੈਬੋਵਾਲ ਵਿਖੇ ਹੋਇਆ। ਬਚਪਨ ਵਿੱਚ ਹੀ ਆਪ ਜੀ ਆਨੰਦਪੁਰ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਸ ਆ ਗਏ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਉਪਰੰਤ ਵੀ ਆਪ ਜੀ ਆਨੰਦਪੁਰ ਸਾਹਿਬ ਹੀ ਟਿਕੇ ਰਹੇ।

Reported by:  PTC News Desk  Edited by:  KRISHAN KUMAR SHARMA -- July 08th 2024 06:00 AM
ਅਮਰ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਦਿਵਸ 'ਤੇ ਵਿਸ਼ੇਸ਼

ਅਮਰ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਦਿਵਸ 'ਤੇ ਵਿਸ਼ੇਸ਼

Shaheed Bhai Mani Singh Ji : ਸਿੱਖ ਕੌਮ ਪਾਸ ਅਣਗਿਣਤ ਸ਼ਹੀਦ ਸਿੰਘਾਂ ਸਿੰਘਣੀਆਂ ਭੁਚੰਗੀਆਂ ਦੀ ਗੌਰਵਮਈ ਵਿਰਾਸਤ ਹੈ, ਜਿਸ ਤਰ੍ਹਾਂ ਗੁਰੂ ਪਰੰਪਰਾ ਦੇ ਵਿੱਚ ਦੁਨਿਆਵੀ ਉਮਰ ਦੀ ਕੋਈ ਅਹਿਮੀਅਤ ਨਹੀਂ ਹੈ, ਉਸੇ ਤਰ੍ਹਾਂ ਸ਼ਹੀਦੀਆਂ ਵਿੱਚ ਵੀ ਉਮਰ ਦਾ ਕੋਈ ਅਰਥ ਨਹੀਂ ਹੈ। ਇਥੇ ਤਾਂ ਜੋਤ ਦਾ ਮਹੱਤਵ ਹੈ।ਜੋਤ ਕਦੀ ਵੀ ਦੁਨਿਆਵੀ ਉਮਰ ਦੇ ਹਿਸਾਬ ਨਾਲ ਛੋਟੀ ਜਾਂ ਵੱਡੀ ਨਹੀਂ ਹੁੰਦੀ। ਸਿੱਖ ਇਤਿਹਾਸ ਦਾ ਸ਼ਾਇਦ ਹੀ ਕੋਈ ਪੰਨਾ ਐਸਾ ਹੋਵੇਗਾ, ਜਿਸ ਉੱਤੇ ਸ਼ਹੀਦ ਸਿੰਘਾਂ ਦੀਆਂ ਕੁਰਬਾਨੀਆਂ ਅਤੇ ਸ਼ਹੀਦੀਆਂ ਦਾ ਜ਼ਿਕਰ ਨਾ ਹੁੰਦਾ ਹੋਵੇ। ਦੁਨੀਆਂ ਵਿੱਚ ਸਭ ਤੋਂ ਘੱਟ ਉਮਰ ਦੀ ਘੱਟ ਗਿਣਤੀ ਕੌਮ ਆਪਣੇ ਮਹਾਨ ਫ਼ਲਸਫ਼ੇ, ਸਿਧਾਂਤ, ਸਦਾਚਾਰ, ਸਭਿਆਚਾਰ, ਕੁਰਬਾਨੀ, ਉਦਮੀ, ਸਿਰੜੀ, ਤਿਆਗੀ ਆਦਿ ਸਦਗੁਣਾਂ ਅਤੇ ਇਕ ਸ਼ਾਨਾ-ਮੱਤੇ ਇਤਿਹਾਸ ਦੀ ਵਾਰਿਸ ਹੋਣ ਕਰਕੇ ਸਿੱਖ ਕੌਮ ਇੱਕ ਵਿਲੱਖਣ ਅਤੇ ਵਿਸ਼ੇਸ਼ ਮਹੱਤਵ ਵਾਲੀ ਕੌਮ ਹੈ। ਦੁਨੀਆਂ ਅੰਦਰ ਆਪਣੇ ਹੀ ਸੁੱਖ ਲਈ ਲੋਚਣਾ ਅਤੇ ਸੋਚਣਾ ਹੀ ਨਿਰਾਸ਼ਾ ਦਾ ਕਾਰਨ ਹੈ। ਇਹ ਅਵਗੁਣ ਸਿੱਖ ਕੌਮ ਦੇ ਹਿੱਸੇ ਵਿੱਚ ਨਹੀਂ ਆਏ।

ਇਤਿਹਾਸ ਗਵਾਹ ਹੈ ਕਿ ਸਿੱਖ ਕੌਮ ਨੂੰ ਹਮੇਸ਼ਾਂ ਹੀ ਦੂਜਿਆਂ ਦੀ ਲੋਚਣਾ, ਸੋਚਣਾ, ਦੂਜਿਆਂ ਦੇ ਮਨੁੱਖੀ ਅਧਿਕਾਰਾਂ ਲਈ ਜੂਝਣਾ, ਨੇਕੀ, ਪਰਉਪਕਾਰ ਅਤੇ ਹੱਕ ਸੱਚ ਲਈ ਮਰ ਮਿਟਣਾ ਹਮੇਸ਼ਾਂ ਖੁਸ਼ੀ ਅਤੇ ਸੰਤੁਸ਼ਟੀ ਦਿੰਦਾ ਰਿਹਾ ਹੈ। ਸਿੱਖ ਕੌਮ ਦਾ ਇਤਿਹਾਸ ਗਵਾਹ ਹੈ ਕਿ ਇਸ ਕੌਮ ਨੂੰ ਇਨ੍ਹਾਂ ਉੱਤਮ ਗੁਣਾਂ ਦੀ ਧਾਰਨੀ ਹੋਣ ਕਰਕੇ ਇਨ੍ਹਾਂ ਲਈ ਕੁਰਬਾਨ ਹੋਣ ਦਾ ਮਾਣ ਪ੍ਰਾਪਤ ਹੈ। ਇਸ ਲਾਸਾਨੀ ਅਤੇ ਮਾਣ-ਮੱਤੇ ਇਤਿਹਾਸ ਵਿੱਚ ਇਕ ਇਹੋ-ਜਿਹੇ ਮਰਜੀਵੜੇ ਯੋਧੇ, ਜਿਨ੍ਹਾਂ ਨੂੰ ਪੰਥ ਵਿੱਚ 'ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ' ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ। ਭਾਈ ਮਨੀ ਸਿੰਘ ਦੇ ਜੀਵਨ ਬਿਰਤਾਂਤ ਨੂੰ ਵਾਚਿਆਂ ਪਤਾ ਲੱਗਦਾ ਹੈ ਕਿ ਆਪ ਜੀ ਗੁਰੂ ਘਰ ਦੇ ਸੱਚੇ ਪ੍ਰੀਤੀਵਾਨ ਸਿੱਖ ਸਨ। ਆਪ ਜੀ ਗੁਰ ਮਰਿਆਦਾ ਦੇ ਧਾਰਨੀ, ਉਸਦਾ ਪਾਲਣ ਕਰਨ ਅਤੇ ਕਰਾਉਣ ਵਾਲੇ ਸਨ। ਆਪ ਜੀ ਅਤਿ ਦਰਜੇ ਦੇ ਗਹਿਰ ਗੰਭੀਰ, ਨੀਤੀਵਾਨ, ਮਿੱਠ ਬੋਲੜੇ ਅਤੇ ਮਿਲਣਸਾਰ ਗੁਰਸਿੱਖ ਸਨ। ਉੱਚ ਕੋਟੀ ਦੇ ਵਿਦਵਾਨ, ਕਵੀ, ਕਥਾਵਾਚਕ  ਕਲਮ ਦੇ ਧਨੀ ਅਤੇ ਉੱਤਮ ਲਿਖਾਰੀ ਸਨ। ਗੁਰੂ ਘਰ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਸੇਵਾਦਾਰ ਅਤੇ ਸਤਿਗੁਰਾਂ ਦੇ ਦਰਬਾਰ ਦੇ ਦੀਵਾਨ ਸਨ। ਭਾਈ ਮਨੀ ਸਿੰਘ ਜੀ ਦਾ ਜਨਮ ਸੁਨਾਮ ਦੇ ਨੇੜੇ ਕੈਬੋਵਾਲ ਵਿਖੇ ਹੋਇਆ। ਬਚਪਨ ਵਿੱਚ ਹੀ ਆਪ ਜੀ ਆਨੰਦਪੁਰ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਸ ਆ ਗਏ। ਆਪ ਜੀ ਉਮਰ ਪੱਖੋਂ ਗੁਰੂ ਗੋਬਿੰਦ ਸਿੰਘ ਜੀ ਦੇ ਹਾਣੀ ਸਨ ਤੇ ਆਪ ਜੀ ਦਾ ਬਚਪਨ ਉਨ੍ਹਾਂ ਦੇ ਸਾਥ ਵਿੱਚ ਗੁਜ਼ਰਿਆ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਉਪਰੰਤ ਵੀ ਆਪ ਜੀ ਆਨੰਦਪੁਰ ਸਾਹਿਬ ਹੀ ਟਿਕੇ ਰਹੇ।


ਜਦੋਂ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਪਾਉਂਟਾ ਸਾਹਿਬ ਵਿਖੇ ਸਾਹਿਤਕ ਗਤੀਵਿਧੀਆਂ ਵਿੱਚ ਮਸ਼ਰੂਫ ਸਨ, ਉਦੋਂ ਵੀ ਭਾਈ ਮਨੀ ਸਿੰਘ ਜੀ ਨਾਲ ਹੀ ਵਿਚਰਦੇ ਰਹੇ। ਭਾਈ ਮਨੀ ਸਿੰਘ ਦਾ ਝੁਕਾਅ ਵੀ ਸਾਹਿਤ ਵੱਲ ਹੋ ਗਿਆ ਅਤੇ ਆਪ ਜੀ ਗੁਰਬਾਣੀ  ਦੀਆਂ ਪੋਥੀਆਂ ਲਿਖਣ ਦੀ ਸੇਵਾ ਕਰਦੇ ਰਹੇ। ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨੇ ਭਾਈ ਮਨੀ ਸਿੰਘ ਦੀ ਗੁਰੂ ਘਰ ਪ੍ਰਤੀ ਮੁਕੰਮਲ ਸਮਰਪਣ ਦੀ ਭਾਵਨਾ, ਵਿਦਵਤਾ, ਭਰੋਸੇ, ਯੋਗਤਾ, ਪ੍ਰਬੰਧਕ ਸੂਝ-ਬੂਝ ਆਦਿ ਗੁਣਾਂ ਨੂੰ ਧਿਆਨ ਵਿੱਚ ਰੱਖਦਿਆਂ ਉਹਨਾਂ ਨੂੰ ਆਨੰਦਪੁਰ ਸਾਹਿਬ ਗੁਰੂ ਦਰਬਾਰ ਦੇ ਦੀਵਾਨ ਥਾਪ ਦਿੱਤਾ ਜਿਸ ਦੀ ਜ਼ਿੰਮੇਵਾਰੀ ਉਨ੍ਹਾਂ ਨੇ ਪੂਰੀ ਸ਼ਰਧਾ ਤੇ ਯੋਗਤਾ ਦੇ ਨਾਲ ਨਿਭਾਈ। ਗੁਰੂ ਗੋਬਿੰਦ ਸਿੰਘ ਜੀ ਨੇ ਸੰਨ 1699 ਈ:  ਨੂੰ ਖੰਡੇ ਬਾਟੇ ਦੀ ਪਾਹੁਲ ਭਾਵ ਅੰਮ੍ਰਿਤ ਛਕਾ ਕੇ ਦੁਨੀਆਂ ਦੇ ਸਾਹਮਣੇ ਖਾਲਸੇ ਨੂੰ ਪ੍ਰਗਟ ਕਰ ਦਿੱਤਾ। ਗੁਰੂ ਘਰ ਦੇ ਅਨਿੰਨ ਸਿੱਖ ਭਾਈ ਮਨੀ ਸਿੰਘ ਜੀ ਨੇ ਵੀ ਉਸੇ ਦਿਨ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਹੁਣ ਭਾਈ ਮਨੀ ਸਿੰਘ ਦਾ ਗੁਰੂ ਦਰਬਾਰ ਵਿੱਚ ਹੋਰ ਵੀ ਸਤਿਕਾਰ ਵੱਧ ਗਿਆ। ਉਹ ਸਤਿਗੁਰਾਂ ਦੇ ਚੋਣਵੇਂ ਸਿੰਘਾਂ ਵਿੱਚ ਗਿਣੇ ਜਾਣ ਲੱਗ ਪਏ। ਸਤਿਗੁਰਾਂ ਨੇ ਭਾਈ ਮਨੀ ਸਿੰਘ ਜੀ ਦੀ ਗੁਰਮਤਿ ਗਿਆਨ ਵਿਦਵਤਾ ਨੂੰ ਵੇਖਦਿਆਂ ਉਨ੍ਹਾਂ ਦੀ ਗੁਰੂ-ਸ਼ਬਦ ਦੀ ਕਥਾ ਕਰਨ ਲਈ ਸੇਵਾ ਲਗਾ ਦਿੱਤੀ, ਜੋ ਉਨ੍ਹਾਂ ਨੇ ਪੂਰੀ ਨਿਪੁੰਨਤਾ ਸਹਿਤ ਨਿਭਾਈ। ਇਸ ਤਰ੍ਹਾਂ ਹੁਣ ਭਾਈ ਸਾਹਿਬ ਤਲਵਾਰ ਦੇ ਧਨੀ, ਉੱਚ ਕੋਟੀ ਦੇ ਵਿਦਵਾਨ, ਮਹਾਨ ਕਥਾਵਾਚਕ, ਚੰਗੇ ਘੋੜਸਵਾਰ, ਪ੍ਰਮੁੱਖ ਸੇਵਾਦਾਰ ਅਤੇ ਅੰਮ੍ਰਿਤਧਾਰੀ ਸਿੰਘ ਸਨ।

ਆਨੰਦਪੁਰ ਸਾਹਿਬ ਛੱਡਣ ਤੋਂ ਬਾਅਦ ਆਪ ਮਾਤਾ ਸੁੰਦਰੀ ਜੀ ਨਾਲ ਦਿੱਲੀ ਆ ਗਏ। ਮਾਤਾ ਸੁੰਦਰੀ ਜੀ ਦੇ ਹੁਕਮਾਂ ਨਾਲ ਹੀ ਆਪ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਨਿਯੁਕਤ ਕੀਤੇ ਗਏ, ਜਿਥੇ ਬੈਠ ਕੇ ਆਪ ਗੁਰੂ ਦੇ ਵਜ਼ੀਰ ਵਜੋਂ ਭੂਮਿਕਾ ਨਿਭਾਉਂਦੇ ਰਹੇ। ਸਿੱਖ ਧਰਮ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਸਮੱਸਿਆਵਾਂ ਪੈਦਾ ਹੋਣ ਦੇ ਆਸਾਰ ਨਜ਼ਰ ਆਉਣ ਲੱਗ ਗਏ। ਆਪ ਨੇ ਸੁਚੱਜੇ ਢੰਗ ਨਾਲ ਉਹਨਾਂ ਦਾ ਸਮਾਧਾਨ ਕਰਕੇ ਸਿੱਖਾਂ ਨੂੰ ਇਕ ਲੜੀ ਵਿੱਚ ਪਰੋ ਦਿੱਤਾ। ਇਸ ਸਮੇਂ ਲਾਹੌਰ ਦੇ ਸੂਬੇਦਾਰ ਵਜੋਂ ਜ਼ਕਰੀਆਂ ਖ਼ਾਨ  ਭੂਮਿਕਾ ਨਿਭਾਅ ਰਿਹਾ ਸੀ ਜੋ ਸਿੱਖਾਂ ਦੇ ਖੂਨ ਦਾ ਪਿਆਸਾ ਸੀ। ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖੇ ਗਏ ਅਤੇ ਬਹੁਤ ਬੇਦਰਦੀ ਨਾਲ ਸਿੱਖਾਂ ਨੂੰ ਰੋਜ਼ਾਨਾ ਕਤਲ ਕੀਤਾ ਜਾਂਦਾ। ਹਰਿਮੰਦਰ ਸਾਹਿਬ 'ਚ ਸਿੱਖਾਂ ਦੇ ਆਉਣ 'ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਗਈ।

ਭਾਈ ਮਨੀ ਸਿੰਘ ਜੀ ਨੇ ਸੰਨ 1738 ਈ: ਵਿੱਚ ਨਵਾਬ ਜ਼ਕਰੀਆ ਖ਼ਾਨ ਨੂੰ ਪੱਤਰ ਲਿਖ ਕੇ ਆਗਿਆ ਮੰਗੀ ਕਿ ਜੇਕਰ ਉਹ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਤੋਂ ਪਾਬੰਦੀ ਹਟਾ ਦੇਵੇ ਅਤੇ ਸਿੱਖਾਂ ਦਾ ਦੀਵਾਲੀ ਤੇ ਅੰਮ੍ਰਿਤਸਰ ਵਿੱਚ ਇਕੱਠ ਹੋਣ ਦਿੱਤਾ ਜਾਵੇ ਤਾਂ 5000 ਸਰਕਾਰੀ ਖਜ਼ਾਨੇ ਵਿਚ ਜਮਾਂ ਕਰਵਾ ਦਿੱਤੇ ਜਾਣਗੇ। ਜ਼ਕਰੀਆ ਖ਼ਾਨ ਇਸ ਮੌਕੇ ਦੀ ਤਾਕ ਵਿੱਚ ਸੀ ਕਿ ਸਿੱਖ ਅੰਮ੍ਰਿਤਸਰ ਇਕੱਠੇ ਹੋਣ ਤਾਂ ਕਿ ਉਹਨਾਂ ਦਾ ਇਕੱਠਿਆਂ ਹੀ ਮਲੀਆ ਮੇਟ ਕਰ ਦਿੱਤਾ ਜਾਵੇ। ਪਰ ਸਿੱਖਾਂ ਨੂੰ ਜ਼ਕਰੀਆ ਖਾਨ ਦੇ ਅਜਿਹੇ  ਮਨਸੂਬੇ ਦੀ ਖ਼ਬਰ ਪਹਿਲਾਂ ਹੀ ਮਿਲ ਗਈ ਸੀ ਜਿਸ ਕਰਕੇ ਦੀਵਾਲੀ 'ਤੇ ਜੋੜ ਮੇਲ ਨਾ ਹੋ ਸਕਿਆ। ਭਾਈ ਮਨੀ ਸਿੰਘ ਨੇ ਪੈਸੇ ਖਜ਼ਾਨੇ ਵਿੱਚ ਜਮਾਂ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਜ਼ਕਰੀਆ ਖ਼ਾਨ ਨੇ ਭਾਈ ਸਾਹਿਬ ਦੀ ਗ੍ਰਿਫ਼ਤਾਰੀ ਦੇ ਹੁਕਮ ਜਾਰੀ ਕਰ ਦਿੱਤੇ। ਭਾਈ ਸਾਹਿਬ ਨੂੰ ਗ੍ਰਿਫ਼ਤਾਰ ਕੀਤਾ ਗਿਆ। ਸਿੱਖ ਸੰਗਤਾਂ ਨੇ ਆਪਣੇ ਵੱਲੋਂ ਪੈਸਾ ਜਮਾਂ ਕਰਾਉਣ ਦੀ ਪੇਸ਼ਕਸ਼ ਦਿੱਤੀ ਪਰ ਭਾਈ ਸਾਹਿਬ ਨੇ ਮਨ੍ਹਾਂ ਕਰ ਦਿੱਤਾ। ਕਾਜ਼ੀਆਂ ਤੇ ਮੁਲਾਂ ਨੇ ਆਪਣੀ ਪੁਰਾਣੀਆਂ ਸ਼ਰਤਾਂ ਰੱਖਦੇ ਹੋਏ ਇਸਲਾਮ ਕਬੂਲਣ ਲਈ ਕਿਹਾ। ਭਾਈ ਮਨੀ ਸਿੰਘ ਜੀ ਮੁਸਕਰਾਏ ਪਰ ਇਸਲਾਮ ਕਬੂਲ ਕਰਨ ਤੋਂ ਮਨ੍ਹਾਂ ਕਰ ਦਿੱਤਾ ਅਤੇ ਸੰਨ 1739 ਈ: ਵਿੱਚ ਬੰਦ ਬੰਦ ਕਟਵਾਉਂਦੇ ਹੋਏ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਸ਼ਹਾਦਤ ਦਾ ਜਾਮ ਪੀ ਗਏ।

- PTC NEWS

Top News view more...

Latest News view more...

PTC NETWORK