Punjab News: ਹੁਸ਼ਿਆਰਪੁਰ ‘ਚ ਅਕਾਲੀ ਆਗੂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਅਕਾਲੀ ਆਗੂ ਤੇ ਸਾਬਕਾ ਸਰਪੰਚ ਸੁਰਜੀਤ ਸਿੰਘ ਅਣਖੀ ਵਾਸੀ ਮੇਘੋਵਾਲ ਗੰਜਿਆਂ, ਜ਼ਿਲ੍ਹਾ ਹੁਸ਼ਿਆਰਪੁਰ ’ਤੇ ਕੁਝ ਅਣਪਛਾਤਿਆਂ ਵੱਲੋਂ ਗੋਲੀਆਂ ਨਾਲ ਹਮਲਾ ਕਰ ਦਿੱਤਾ । ਜਾਣਕਾਰੀ ਅਨੁਸਾਰ ਇਕ ਕਰਿਆਨੇ ਦੀ ਦੁਕਾਨ ’ਤੇ ਅਚਾਨਕ ਮੋਟਰਸਾਈਕਲ ਸਵਾਰਾਂ ਨੇ ਉਨ੍ਹਾਂ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਜ਼ਖਮੀ ਹਾਲਤ ਵਿਚ ਉਨ੍ਹਾਂ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਲਿਜਾਇਆ ਗਿਆ।ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਸੁਰਜੀਤ ਸਿੰਘ ਵੀਰਵਾਰ ਦੇਰ ਸ਼ਾਮ ਪਿੰਡ ਅਣਖੀ ਵਿਖੇ ਕਰਿਆਨੇ ਦੀ ਦੁਕਾਨ ‘ਤੇ ਖੜ੍ਹਾ ਸੀ। ਇਸ ਦੌਰਾਨ ਬਾਈਕ ‘ਤੇ ਦੋ ਨੌਜਵਾਨ ਉਥੇ ਆਏ। ਨੌਜਵਾਨਾਂ ਨੇ ਅਣਖੀ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਗੋਲੀਆਂ ਦੀ ਆਵਾਜ਼ ਸੁਣ ਕੇ ਪਿੰਡ ਦੇ ਲੋਕ ਇਕੱਠੇ ਹੋ ਗਏ। ਲੋਕਾਂ ਨੇ ਤੁਰੰਤ ਅਣਖੀ ਨੂੰ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।ਸੁਰਜੀਤ ਸਿੰਘ ਅਣਖੀ ਪਿੰਡ ਦੇ ਦੋ ਵਾਰ ਸਰਪੰਚ ਰਹੇ ਅਤੇ ਹੁਣ ਉਨ੍ਹਾਂ ਦੀ ਪਤਨੀ ਪਿੰਡ ਦੀ ਸਰਪੰਚ ਹੈ। ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਗੋਲੀਬਾਰੀ ਦੀ ਇਸ ਘਟਨਾ ਕਾਰਨ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ।