Mon, Dec 23, 2024
Whatsapp

ਅਕਾਲੀ ਦਲ ਨੇ ਸੂਬਾਈ ਚੋਣ ਕਮਿਸ਼ਨ ਨੂੰ ਆਖਿਆ- ਆਮ ਆਦਮੀ ਪਾਰਟੀ ਨੇ ਪੰਚਾਇਤ ਚੋਣ ਪ੍ਰਕਿਰਿਆ ਖੂਹ ਖਾਤੇ ਪਾਈ

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸੂਬਾਈ ਚੋਣ ਕਮਿਸ਼ਨ ਨੂੰ ਦੱਸਿਆ ਕਿ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਨੇ ਪੰਚਾਇਤ ਚੋਣ ਪ੍ਰਕਿਰਿਆ ਖੂਹ ਖਾਤੇ ਪਾ ਦਿੱਤੀ ਹੈ

Reported by:  PTC News Desk  Edited by:  Amritpal Singh -- October 07th 2024 07:28 PM
ਅਕਾਲੀ ਦਲ ਨੇ ਸੂਬਾਈ ਚੋਣ ਕਮਿਸ਼ਨ ਨੂੰ ਆਖਿਆ- ਆਮ ਆਦਮੀ ਪਾਰਟੀ ਨੇ ਪੰਚਾਇਤ ਚੋਣ ਪ੍ਰਕਿਰਿਆ ਖੂਹ ਖਾਤੇ ਪਾਈ

ਅਕਾਲੀ ਦਲ ਨੇ ਸੂਬਾਈ ਚੋਣ ਕਮਿਸ਼ਨ ਨੂੰ ਆਖਿਆ- ਆਮ ਆਦਮੀ ਪਾਰਟੀ ਨੇ ਪੰਚਾਇਤ ਚੋਣ ਪ੍ਰਕਿਰਿਆ ਖੂਹ ਖਾਤੇ ਪਾਈ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸੂਬਾਈ ਚੋਣ ਕਮਿਸ਼ਨ ਨੂੰ ਦੱਸ‌ਿਆ ਕਿ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਨੇ ਪੰਚਾਇਤ ਚੋਣ ਪ੍ਰਕਿਰਿਆ ਖੂਹ ਖਾਤੇ ਪਾ ਦਿੱਤੀ ਹੈ ਅਤੇ ਮੰਗ ਕੀਤੀ ਕਿ ਜਿਹੜੇ ਵਿਰੋਧੀ ਧਿਰ ਦੇ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਰੋਕਿਆ ਗਿਆ ਤੇ ਜਿਹਨਾਂ ਦੇ ਦਸਤਾਵੇਜ਼ ਠੀਕ ਹੋਣ ਦੇ ਬਾਵਜੂਦ ਵੀ ਨਾਮਜ਼ਦਗੀ ਪੱਤਰ ਰੱਦ ਕੀਤੇ ਗਏ, ਉਹਨਾਂ ਨੂੰ ਨਿਆਂ ਦਿੱਤਾ ਜਾਵੇ।

ਅਕਾਲੀ ਦਲ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਵਿਚ ਲੋਕਤੰਤਰ ਦਾ ਕਤਲ ਕੀਤਾ ਜਾ ਰਿਹਾ ਹੈ। ਪਾਰਟੀ ਨੇ ਇਹ ਵੀ ਮੰਗ ਕੀਤੀ ਕਿ ਸਾਰੇ ਜ਼ਿਲ੍ਹਿਆਂ ਵਿਚ ਸੀਨੀਅਰ ਅਫਸਰਾਂ ਨੂੰ ਆਬਜ਼ਰਵਰ ਵਜੋਂ ਤਾਇਨਾਤ ਕੀਤਾ ਜਾਵੇ ਅਤੇ ਸਾਰੇ ਬੂਥਾਂ ’ਤੇ ਸਮੁੱਚੀ ਚੋਣ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਕਰਵਾਈ ਜਾਵੇ। ਪਾਰਟੀ ਨੇ ਇਹ ਵੀ ਮੰਗ ਕੀਤੀ ਕਿ ਆਪ ਦੇ ਆਗੂਆਂ ਤੇ ਉਹਨਾਂ ਸਰਕਾਰੀ ਅਧਿਕਾਰੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ ਜੋ ਆਪਣਾ ਸੰਵਿਧਾਨਕ ਫਰਜ਼ ਨਿਭਾਉਣ ਵਿਚ ਨਾਕਾਮ ਰਹੇ ਹਨ ਅਤੇ ਆਪ ਮੰਤਰੀਆਂ ਤੇ ਵਿਧਾਇਕਾਂ ਦੇ ਚਹੇਤਿਆਂ ਵਜੋਂ ਕੰਮ ਕਰਦੇ ਰਹੇ ਹਨ।


ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਦੀ ਅਗਵਾਈ ਵਾਲੇ ਵਫਦ ਜਿਸ ਵਿਚ ਐਨ ਕੇ ਸ਼ਰਮਾ, ਅਰਸ਼ਦੀਪ ਕਲੇਰ, ਹਰਜੀਤ ਭੁੱਲਰ ਤੇ ਐਸ ਐਸ ਵੱਲਾਹ ਵੀ ਸ਼ਾਮਲ ਸਨ, ਨੇ ਸੂਬਾਈ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੂੰ ਇਕ ਵਿਸਥਾਰਿਤ ਮੰਗ ਪੱਤਰ ਵੀ ਸੌਂਪਿਆ ਜਿਸ ਵਿਚ ਦੱਸਿਆ ਗਿਆ ਕਿ ਕਿਵੇਂ ਵਿਰੋਧੀ ਧਿਰ ਦੇ ਉਮੀਦਵਾਰਾਂ ਦਾ ਪੰਚਾਇਤ ਚੋਣਾਂ ਲੜਨ ਦਾ ਅਧਿਕਾ ਖੋਹਿਆ ਗਿਆ।

ਵੇਰਵੇ ਸਾਂਝੇ ਕਰਦਿਆਂ ਡਾ. ਚੀਮਾ ਨੇ ਕਿਹਾ ਕਿ ਪਾਰਟੀ ਦੀ ਅਪੀਲ ’ਤੇ ਸੈਂਕੜੇ ਉਮੀਦਵਾਰ ਜਿਹਨਾਂ ਦੇ ਨਾਮਜ਼ਦਗੀ ਪੱਤਰ ਜਾਂ ਤਾਂ ਰੱਦ ਕਰ ਦਿੱਤੇ ਗਏ ਜਾਂ ਫਿਰ ਆਨੇ ਬਹਾਨੇ ਜਿਹਨਾਂ ਨੂੰ ਚੋਣ ਲੜਨ ਤੋਂ ਰੋਕਿਆ ਗਿਆ, ਨੇ ਆਪਣੀਆਂ ਸ਼ਿਕਾਇਤਾਂ ਦੇ ਨਾਲ ਪਾਰਟੀ ਦੇ ਲੀਗਲ ਸੈਲ ਨਾਲ ਸੰਪਰਕ ਕੀਤਾ। ਉਹਨਾਂ ਨੇ ਇਹ ਸਾਰੀਆਂ ਸ਼ਿਕਾਇਤਾਂ ਸੂਬਾਈ ਚੋਣ ਕਮਿਸ਼ਨ ਨੂੰ ਭੇਜ ਦਿੱਤੀਆਂ ਹਨ। ਅਕਾਲੀ ਦਲ ਦੇ ਵਫਦ ਨੇ ਚੋਣ ਕਮਿਸ਼ਨਰ ਨੂੰ ਅਪੀਲ ਕੀਤੀ ਕਿ ਉਹ ਸਾਰੇ ਮਾਮਲਿਆਂ ਵਿਚ ਤੁਰੰਤ ਕਾਰਵਾਈ ਕਰਨ ਤਾਂ ਜੋ ਲੋਕਤੰਤਰ ਵਿਚ ਲੋਕਾਂ ਦਾ ਵਿਸ਼ਵਾਸ ਬਹਾਲ ਕੀਤਾ ਜਾ ਸਕੇ।

ਕੇਸਾਂ ਦੇ ਵੇਰਵੇ ਸਾਂਝੇ ਕਰਦਿਆਂ ਡਾ. ਚੀਮਾ ਨੇ ਦੱਸਿਆ ਕਿ ਡੇਰਾਬੱਸੀ ਵਿਚ ਸਰਪੰਚ ਦੇ ਅਹੁਦੇ ਲਈ 91 ਅਤੇ ਪੰਚ ਦੇ ਅਹੁਦੇ ਲਈ 204 ਉਮੀਦਵਾਰਾਂ ਦੇ ਕਾਗਜ਼ ਰੱਦ ਕਰ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਕੁਰਲੀ ਪਿੰਡ ਦੇ ਮਾਮਲੇ ਵਿਚ ਸਾਰੀ ਵਿਰੋਧੀ ਧਿਰ ਨੇ ਆਪਣੀ ਉਮੀਦਵਾਰੀ ਦੇ ਕਾਗਜ਼ ਉਸ ਵੇਲੇ ਵਾਪਸ ਲੈ ਲਏ ਜਦੋਂ ਸਰਪੰਚ ਦੇ ਅਹੁਦੇ ਲਈ ਵਿਰੋਧੀ ਧਿਰ ਦੇ ਸਾਰੇ ਉਮੀਦਵਾਰਾਂ ਦੇ ਕਾਗਜ਼ ਰੱਦ ਕਰ ਦਿੱਤੇ ਗਏ। ਉਹਨਾਂ ਇਹ ਵੀ ਦੱਸਿਆ ਕਿ ਮੁਹਾਲੀ ਦੇ ਪਿੰਡ ਚਪੜਚਿੜੀ ਜਿਥੇ ਐਸ ਸੀ ਉਮੀਦਵਾਰ ਰਾਜਬੀਰ ਕੌਰ ਦੇ ਨਾਮਜ਼ਦਗੀ ਪੱਤਰ ਇਸ ਕਰ ਕੇ ਰੱਦ ਕਰ ਦਿੱਤੇ ਗਏ ਕਿ ਉਹਨਾਂ ਨੇ ਜਲ ਸਪਲਾਈ ਕੁਨੈਕਸ਼ਨ ਦੀ ਐਨ ਓ ਸੀ ਨਹੀਂ ਲਿਆਂਦੀ, ਜਦੋਂ ਕਿ ਅਸਲੀਅਤ ਵਿਚ ਉਹਨਾਂ ਕੋਲ ਜਲ ਸਪਲਾਈ ਦਾ ਕੁਨੈਕਸ਼ਨ ਹੀ ਨਹੀਂ ਹੈ। ਉਹਨਾਂ ਇਹ ਵੀ ਦੱਸਿਆ ਕਿ ਬਟਾਲਾ ਵਿਚ ਕੋਟਲੀ ਭਾਨ ਸਿੰਘ ਵਿਚ ਸਰਪੰਚ ਦੇ ਅਹੁਦੇ ਲਈ ਦੋ ਅਤੇ ਪੰਚ ਦੇ ਅਹੁਦੇ ਲਈ 14 ਉਮੀਦਵਾਰਾਂ ਦੇ ਕਾਗਜ਼ ਰੱਦ ਕਰ ਦਿੱਤੇ ਗਏ ਹਨ। ਡਾ. ਚੀਮਾ ਨੇ ਦੱਸਿਆ ਕਿ ਡੇਰਾਬੱਸੀ ਦੇ ਇਕ ਹੋਰ ਮਾਮਲੇ ਵਿਚ ਪੰਚ ਜਸਵਿੰਦਰ ਕੌਰ ਦੇ ਕਾਗਜ਼ ਇਹ ਕਹਿ ਕੇ ਰੱਦ ਕੀਤੇ ਗਏ ਕਿ ਉਹਨਾਂ ਦੇ ਆਪਣੇ ਘਰ ਦੇ ਬਾਹਰ ਥੜਾ (ਰੈਂਪ) ਬਣਾਇਆ ਹੋਇਆ ਹੈ ਜਦੋਂ ਕਿ ਅਜਿਹਾ ਕੋਈ ਥੜਾ ਨਹੀਂ ਬਣਿਆ ਹੋਇਆ।

ਅਕਾਲੀ ਦਲ ਦੇ ਲੀਗਲ ਵਿੰਗ ਦੇ ਚੇਅਰਮੈਨ ਅਰਸ਼ਦੀਪ ਕਲੇਰ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਵਕੀਲਾਂ ਦੀ ਟੀਮ ਨੇ ਉਹਨਾਂ ਕੋਲ ਅੱਜ ਸ਼ਿਕਾਇਤਾਂ ਲੈ ਕੇ ਪਹੁੰਚੇ ਲੋਕਾਂ ਦੀਆਂ ਸ਼ਿਕਾਇਤਾਂ ਦੇ ਨੁਕਤੇ ਦਰਜ ਕੀਤੇ ਹਨ। ਉਹਨਾਂ ਕਿਹਾ ਕਿ ਜੇਕਰ ਸੂਬਾਈ ਚੋਣ ਕਮਿਸ਼ਨ ਨੇ ਕੋਈ ਰਾਹਤ ਨਾ ਦਿੱਤੀ ਤਾਂ ਫਿਰ ਪਾਰਟੀ ਨਿਆਂ ਵਾਸਤੇ ਹਾਈ ਕੋਰਟ ਕੋਲ ਪਹੁੰਚ ਕਰੇਗੀ।

ਇਸ ਦੌਰਾਨ ਅਕਾਲੀ ਦਲ ਦੇ ਵਫਦ ਨੇ ਸੂਬਾਈ ਚੋਣ ਕਮਿਸ਼ਨ ਦੇ ਇਹ ਵੀ ਧਿਆਨ ਵਿਚ ਲਿਆਂਦਾ ਕਿ ਉਸ ਵੱਲੋਂ ਵਿਰੋਧੀ ਧਿਰ ਦੇ ਉਮੀਦਵਾਰਾਂ ਨਾਲ ਹੋਏ ਅਨਿਆਂ ਬਾਰੇ ਪਹਿਲਾਂ ਦਿੱਤੀਆਂ ਸ਼ਿਕਾਇਤਾਂ ਦੇ ਮਾਮਲੇ ਵਿਚ ਕੋਈ ਨਿਆਂ ਨਹੀਂ ਦਿੱਤਾ ਗਿਆ। ਉਹਨਾਂ ਕਿਹਾ ਕਿ ਅਸੀਂ ਦੱਸਿਆ ਸੀ ਕਿ ਮੋਗਾ ਵਿਚ 15 ਪਿੰਡਾਂ ਵਿਚ ਆਪ ਦੇ ਗੁੰਡਿਆਂ ਨੇ ਵਿਰੋਧੀ ਧਿਰ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਖੋਹ ਲਏ ਤੇ ਉਹਨਾਂ ਨੂੰ ਡਰਾਇਆ ਧਮਕਾਇਆ, ਵਿਰੋਧੀ ਧਿਰ ਦੇ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ’ਤੇ ਰਸੀਦਾਂ ਨਹੀਂ ਦਿੱਤੀਆਂ ਗਈਆਂ ਅਤੇ ਵਿਰੋਧੀ ਧਿਰ ਦੇ ਉਮੀਦਵਾਰਾਂ ’ਤੇ ਗੋਲੀਆਂ ਚਲਾਈਆਂ ਗਈਆਂ। ਉਹਨਾਂ ਸੂਬਾਈ ਚੋਣ ਕਮਿਸ਼ਨ ਨੂੰ ਦੱਸਿਆ ਕਿ ਚੋਣ ਪ੍ਰਕ‌ਿਰਿਆ ਵਿਚ ਪਾਰਦਰਸ਼ਤਾ ਦੀ ਘਾਟ ’ਤੇ ਲੋਕ ਪ੍ਰੇਸ਼ਾਨ ਹਨ ਅਤੇ ਉਹਨਾਂ ਮੰਗ ਕੀਤੀ ਕਿ ਚੋਣ ਕਮਿਸ਼ਨ ਵਿਚ ਪੰਜਾਬੀਆਂ ਦਾ ਵਿਸ਼ਵਾਸ ਬਹਾਲ ਕਰਨ ਵਾਸਤੇ ਫੌਰੀ ਕਦਮ ਚੁੱਕੇ ਜਾਣ।

- PTC NEWS

Top News view more...

Latest News view more...

PTC NETWORK