ਪਟਿਆਲਾ, 13 ਜਨਵਰੀ: ਹਲਕਾ ਘਨੌਰ ਦੇ ਪਿੰਡ ਜੰਡਮੰਘੋਲੀ ਵਿਖੇ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਨਥਾਣਾ ਸਾਹਿਬ ਵਿਖੇ ਅੱਜ ਮਾਘੀ ਦੇ ਤਿਓਹਾਰ ਮੌਕੇ ਲਗਭਗ ਦੋ ਦਹਾਕਿਆਂ ਤੋਂ ਬਾਅਦ ਅਕਾਲੀ ਕਾਨਫਰੰਸ ਹੋਈ, ਜਿਸ ਵਿਚ ਵਿਸ਼ੇਸ਼ ਤੌਰ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਤੇ ਹਲਕਾ ਘਨੌਰ ਦੇ ਇੰਚਾਰਜ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸ਼੍ਰੋਮਣੀ ਕਮੇਟੀ ਦੇ ਮੀਤ ਪ੍ਰਧਾਨ ਅਵਤਾਰ ਸਿੰਘ ਰਈਆ ਪਹੁੰਚੇ। ਇਸ ਮੌਕੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਿਹੜਾ ਸਿੱਖ ਫੌਜੀਆਂ ਲਈ ਦਸਤਾਰ ਦੇ ਉਪਰ ਹੈਲਮਟ ਪਾਉਣ ਦਾ ਹੁਕਮ ਸੁਣਾਇਆ ਹੈ, ਨੂੰ ਸਿੱਖ ਕੌਮ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰੇਗੀ ਕਿਉਕਿ ਦਸਤਾਰ ਸਿੱਖਾਂ ਦੀ ਸ਼ਾਨ ਦਾ ਪ੍ਰਤੀਕ ਹੈ ਅਤੇ ਗੁਰੂ ਮਹਾਰਾਜ ਵਲੋਂ ਦਿੱਤੀ ਇਕ ਵੱਡੀ ਦਾਤ ਹੈ। ਇਹ ਦਸਤਾਰ ਕਿਸੇ ਮਨੁੱਖ ਵਲੋਂ ਸਿੱਖਾਂ ਨੂੰ ਨਹੀਂ ਸੌਂਪੀ ਗਈ ਸਗੋਂ ਖੁਦ ਦਸ਼ਮ ਪਿਤਾ ਨੇ ਜਦੋਂ ਖਾਲਸਾ ਪੰਥ ਦੀ ਸਥਾਪਨਾ ਕੀਤੀ ਉਸ ਸਮੇਂ ਪੰਜ ਕਕਾਰਾਂ ਦੇ ਨਾਲ ਹਰ ਵੇਲੇ ਦਸਤਾਰ ਬੰਨ੍ਹਣ ਦਾ ਹੁਕਮ ਕੀਤਾ ਸੀ ਤੇ ਦਸਤਾਰ ਤੋਂ ਉਪਰ ਸਿੱਖ ਲਈ ਕੋਈ ਹੋਰ ਚੀਜ਼ ਨਹੀਂ ਹੋ ਸਕਦੀ। ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਰਿਆ ਨੇ ਕਿਹਾ ਕਿ ਗੁਰੂ ਅਮਰਦਾਸ ਪਾਤਸ਼ਾਹ ਨੇ ਇਸ ਜਗ੍ਹਾ ’ਤੇ 22 ਵਾਰ ਆ ਕੇ ਸਿੱਖੀ ਦਾ ਪ੍ਰਚਾਰ ਕੀਤਾ ਤੇ ਇਹ ਧਰਤੀ ਉਨ੍ਹਾਂ ਦੇ ਚਰਨਛੋਹ ਪ੍ਰਾਪਤ ਹੈ। ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਮਾਘੀ ਦੇ ਮੌਕੇ 40 ਮੁਕਤਿਆਂ ਅਤੇ ਮਾਤਾ ਭਾਗ ਕੌਰ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸਜਦਾ ਕੀਤਾ। ਸ਼੍ਰੋਮਣੀ ਕਮੇਟੀ ਮੈਂਬਰ ਜਰਨੈਲ ਸਿੰਘ ਕਰਤਾਰਪੁਰ ਤੇ ਜਸਮੇਰ ਸਿੰਘ ਲਾਛੜੂ ਨੇ ਕਿਹਾ ਕਿ ਸਿੱਖਾਂ ਨੂੰ ਆਪਣੇ ਇਤਿਹਾਸਕ ਦਿਨ ਬੜੇ ਚਾਵਾਂ ਨਾਲ ਮਨਾਉਣੇ ਚਾਹੀਦੇ ਹਨ।