ਅਮਨ ਅਰੋੜਾ ਨੂੰ ਅਯੋਗ ਕਰਾਰ ਦੇ ਕੇ ਖਾਲੀ ਕਰਾਈ ਜਾਵੇ ਮੰਤਰੀ ਸੀਟ: ਅਕਾਲੀ ਦਲ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (Akali Dal) ਨੇ ਅੱਜ ਮੰਗ ਕੀਤੀ ਕਿ ਆਮ ਆਦਮੀ ਪਾਰਟੀ (AAP) ਦੇ ਆਗੂ ਤੇ ਕੈਬਨਿਟ ਮੰਤਰੀ ਅਮਨ ਅਰੋੜਾ (Aman Arora) ਨੂੰ ਅਦਾਲਤ ਵੱਲੋਂ ਹਮਲੇ ਦੇ ਕੇਸ ਵਿਚ ਦੋਸ਼ੀ ਠਹਿਰਾਉਣ ਮਗਰੋਂ ਉਨ੍ਹਾਂ ਨੂੰ ਤੁਰੰਤ ਅਯੋਗ ਕਰਾਰ ਦੇ ਕੇ ਸੀਟ ਨੂੰ ਖਾਲੀ ਘੋਸ਼ਤ ਕੀਤਾ ਜਾਣਾ ਚਾਹੀਦਾ ਹੈ ਤੇ ਪਾਰਟੀ ਨੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਸਵਾਲ ਕੀਤਾ ਕਿ ਉਹ ਦੱਸਣ ਕਿ ਉਹ ਅਜਿਹੇ ਕੇਸਾਂ ਵਿਚ ਸੁਪਰੀਮ ਕੋਰਟ ਦੇ ਹੁਕਮਾਂ ਦੀ ਰੋਸ਼ਨੀ ਵਿਚ ਅਰੋੜਾ ਨੂੰ ਅਯੋਗ ਕਰਾਰ ਦੇ ਕੇ ਸੀਟ ਖਾਲੀ ਘੋਸ਼ਤ ਕਰਨ ਲਈ ਦਿੱਤੇ ਬੇਨਤੀ ਪੱਤਰ ਨੂੰ ਰੋਕ ਕੇ ਅੜਿਕਾ ਕਿਉਂ ਬਣੇ ਹੋਏ ਹਨ।
ਅਕਾਲੀ ਦਲ ਦੇ ਆਗੂ ਰਾਜਿੰਦਰਾ ਦੀਪਾ ਤੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ (Arshdeep Singh Kaler) ਨੇ ਕਿਹਾ ਕਿ ਲਿਲੀ ਥਾਮਸ ਕੇਸ ਵਿਚ ਸੁਪਰੀਮ ਕੋਰਟ ਨੇ ਬਹੁਤ ਸਪਸ਼ਟ ਕਿਹਾ ਹੈ ਕਿ ਜੇਕਰ ਕਿਸੇ ਚੁਣੇ ਹੋਏ ਪ੍ਰਤੀਨਿਧ ਨੂੰ ਦੋਸ਼ੀ ਠਹਿਰਾਇਆ ਜਾਂਦਾ ਹੈ ਤਾਂ ਉਸਦੀ ਵਿਧਾਇਕ ਵਜੋਂ ਭੂਮਿਕਾ ਤੁਰੰਤ ਖ਼ਤਮ ਹੋ ਜਾਵੇਗੀ। ਇਨ੍ਹਾਂ ਆਗੂਆਂ ਨੇ ਕਿਹਾ ਕਿ ਸੁਪਰੀਮ ਕੋਰਟ ਦੀਆਂ ਸਪਸ਼ਟ ਹਦਾਇਤਾਂ ਦੇ ਬਾਵਜੂਦ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਮਾਮਲੇ ਵਿਚ ਕਾਰਵਾਈ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਸਪੀਕਰ ਜਾਣ ਬੁੱਝ ਕੇ ਇਸ ਮਾਮਲੇ ਵਿਚ ਅਕਾਲੀ ਦਲ ਦੇ ਵਫਦ ਨਾਲ ਮੁਲਾਕਾਤ ਤੋਂ ਟਲ ਰਹੇ ਹਨ ਤੇ ਉਹ 27 ਦਸੰਬਰ ਨੂੰ ਲਿਖਤੀ ਮੰਗ ਪੱਤਰ ਦੇਣ ਦੇ ਬਾਵਜੂਦ ਮਾਮਲੇ ਵਿਚ ਕਾਰਵਾਈ ਨਹੀਂ ਕਰ ਰਹੇ।
ਰਾਜਿੰਦਰ ਦੀਪਾ ਨੇ ਕਿਹਾ ਕਿ ਅਮਨ ਅਰੋੜਾ ਨੂੰ 3 ਮਾਰਚ 2008 ਨੂੰ ਸੁਨਾਮ ਵਿੱਚ ਉਨ੍ਹਾਂ ਦੀ ਰਿਹਾਇਸ਼ ’ਤੇ ਉਨ੍ਹਾਂ ਤੇ ਉਨ੍ਹਾਂ ਦੀ ਪਤਨੀ ’ਤੇ ਹਮਲੇ ਦਾ ਦੋਸ਼ੀ ਪਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਹਮਲੇ ਮਗਰੋਂ ਅਰੋੜਾ 2007 ਦੀਆਂ ਵਿਧਾਨ ਸਭਾ ਚੋਣਾਂ ਹਾਰ ਗਏ ਸਨ। ਉਨ੍ਹਾਂ ਕਿਹਾ ਕਿ ਅਰੋੜਾ ਨੂੰ ਕੇਸ ਵਿਚ ਹੁਣ ਤੱਕ ਰਾਹਤ ਨਹੀਂ ਮਿਲੀ ਹੈ ਤੇ ਉਨ੍ਹਾਂ ਦਾ ਵਿਧਾਨ ਸਭਾ ਮੈਂਬਰ ਬਣਿਆ ਰਹਿਣਾ ਕਿਸੇ ਵੀ ਤਰੀਕੇ ਜਾਇਜ਼ ਨਹੀਂ ਹੈ।
ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਆਪ ਤੇ ਇਸਦੇ ਆਗੂਆਂ ਦੇ ਦੋਗਲੇ ਮਿਆਰ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਸੂਬੇ ਦੇ ਰਾਜਪਾਲ ਨਾਲ ਵਿਵਾਦਾਂ ਮਗਰੋਂ ਸੁਪਰੀਮ ਕੋਰਟ ਤੋਂ ਜਦੋਂ ਆਪ ਨੂੰ ਰਾਹਤ ਮਿਲੀ ਤਾਂ ਇਸਨੂੰ ਸੰਵਿਧਾਨ ਦੀ ਜਿੱਤ ਕਰਾਰ ਦਿੱਤਾ ਗਿਆ ਪਰ ਹੁਣ ਸੁਪਰੀਮ ਕੋਰਟ ਦੀਆਂ ਚੁਣੇ ਹੋਏ ਪ੍ਰਤੀਨਿਧਾਂ ਨੂੰ ਦੋਸ਼ੀ ਠਹਿਰਾਉਣ ਦੇ ਮਾਮਲੇ ਵਿਚ ਦਿੱਤੀਆਂ ਸਪਸ਼ਟ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ।
ਐਡਵੋਕੇਟ ਕਲੇਰ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਪੰਜਾਬੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਬਚਣ ਦੀ ਸਲਾਹ ਦੇ ਕੇ ਆਪ ਚੌਧਰੀ ਬਣ ਕੇ ਟਿੱਪਣੀਆਂ ਕਰਨ ਦਾ ਯਤਨ ਨਾ ਕਰਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਰਾਜ ਵਿੱਚ ਨਸ਼ਿਆਂ ਦਾ ਪਸਾਰ ਖ਼ਤਰਨਾਕ ਪੱਧਰ ਤੱਕ ਵੱਧ ਗਿਆ ਹੈ ਅਤੇ ਸਮਾਜ ਭਲਾਈ ਸਕੀਮਾਂ ਠੱਪ ਹੋ ਗਈਆਂ ਹਨ ਅਤੇ ਸਮਾਜ ਦਾ ਹਰ ਵਰਗ ਭਾਵੇਂ ਕਿਸਾਨ ਹੋਵੇ, ਵਪਾਰੀ ਹੋਵੇ ਜਾਂ ਫਿਰ ਉਦਯੋਗਪਤੀ ਜਾਂ ਨੌਜਵਾਨ ਹੋਵੇ, ਅੱਜ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਿਹਾ ਹੈ।
ਇਹ ਪੜ੍ਹੋ:
-