ਏਅਰ ਇੰਡੀਆ ਐਕਸਪ੍ਰੈਸ ਜਹਾਜ਼ ਦੇ ਇੰਜਣ ਨੂੰ ਲੱਗੀ ਅੱਗ, ਆਬੂ ਧਾਬੀ 'ਚ ਐਮਰਜੈਂਸੀ ਲੈਂਡਿੰਗ
ਨਵੀਂ ਦਿੱਲੀ : ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੇ ਆਬੂ ਧਾਬੀ ਤੋਂ ਕੇਰਲ ਦੇ ਕਾਲੀਕਟ ਹਵਾਈ ਅੱਡੇ ਉਤੇ ਆ ਰਹੇ ਏਅਰ ਇੰਡੀਆ ਐਕਸਪ੍ਰੈੱਸ ਜਹਾਜ਼ ਦੇ ਇੰਜਣ 'ਚ ਅੱਗ ਲੱਗ ਗਈ, ਜਿਸ ਤੋਂ ਬਾਅਦ ਜਹਾਜ਼ ਨੇ ਆਬੂ ਧਾਬੀ ਵਾਪਸ ਆ ਕੇ ਸੁਰੱਖਿਅਤ ਲੈਂਡਿੰਗ ਕੀਤੀ।
ਜਾਣਕਾਰੀ ਮੁਤਾਬਕ ਏਅਰ ਇੰਡੀਆ ਐਕਸਪ੍ਰੈੱਸ ਦੀ ਫਲਾਈਟ ਨੰਬਰ IX348 ਨੇ ਅਬੂ ਧਾਬੀ ਹਵਾਈ ਅੱਡੇ ਤੋਂ ਕੇਰਲ ਦੇ ਕਾਲੀਕਟ ਏਅਰਪੋਰਟ ਲਈ ਉਡਾਣ ਭਰੀ ਸੀ। ਫਲਾਈਟ ਦੇ ਇੰਜਣ-1 ਵਿਚ ਅੱਗ ਲੱਗਣ ਤੋਂ ਬਾਅਦ ਜਹਾਜ਼ ਅਬੂ ਧਾਬੀ ਹਵਾਈ ਅੱਡੇ 'ਤੇ ਵਾਪਸ ਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਟੇਕ ਆਫ ਤੋਂ ਪਹਿਲਾਂ ਪਾਇਲਟ ਨੂੰ ਇਹ ਖਰਾਬੀ ਨਜ਼ਰ ਨਹੀਂ ਆਈ। ਇਸ ਜਹਾਜ਼ 'ਚ 184 ਮੁਸਾਫ਼ਰ ਸਵਾਰ ਸਨ। ਸਾਰੇ ਮੁਸਾਫ਼ਰ ਬਿਲਕੁਲ ਸੁਰੱਖਿਅਤ ਹਨ ਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਕਾਬਿਲੇਗੌਰ ਹੈ ਕਿ ਹਾਲ ਹੀ ਵਿਚ ਜਹਾਜ਼ ਹਾਦਸਿਆਂ ਦੀਆਂ ਘਟਨਾਵਾਂ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਚਾਰ ਦਿਨ ਪਹਿਲਾਂ ਵੀ ਲਖਨਊ ਤੋਂ ਕੋਲਕਾਤਾ ਜਾ ਰਹੀ ਏਅਰ ਏਸ਼ੀਆ ਦੀ ਉਡਾਣ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਸੀ। ਜਹਾਜ਼ ਤੋਂ ਪੰਛੀ ਟਕਰਾਉਣ ਕਾਰਨ 180 ਲੋਕਾਂ ਦੀ ਜਾਨ ਖ਼ਤਰੇ ਵਿਚ ਸੀ।
ਇਹ ਵੀ ਪੜ੍ਹੋ : ਮਹਿੰਗਾਈ ਦੀ ਮਾਰ : ਅਮੂਲ ਦੁੱਧ 3 ਰੁਪਏ ਪ੍ਰਤੀ ਲੀਟਰ ਹੋਇਆ ਮਹਿੰਗਾ
ਅਜਿਹਾ ਹੀ ਮਾਮਲਾ ਦਿੱਲੀ ਤੋਂ ਭੁਵਨੇਸ਼ਵਰ ਜਾ ਰਹੀ ਵਿਸਤਾਰਾ ਫਲਾਈਟ 'ਚ ਦੇਖਣ ਨੂੰ ਮਿਲਿਆ। ਜਹਾਜ਼ 'ਚ ਤਕਨੀਕੀ ਖ਼ਰਾਬੀ ਆਉਣ ਤੋਂ ਬਾਅਦ ਇਸ ਦੀ ਦਿੱਲੀ ਦੇ ਆਈਜੀਆਈ ਏਅਰਪੋਰਟ 'ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਇਸ ਜਹਾਜ਼ 'ਚ 140 ਯਾਤਰੀ ਸਵਾਰ ਸਨ।
- PTC NEWS