ਸੀਵਰੇਜ ਦੇ ਗੰਦਲੇ ਪਾਣੀ ਨਾਲ ਦੂਸ਼ਿਤ ਹੋ ਰਹੀ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਆਲੇ-ਦੁਆਲੇ ਦੀ ਆਬੋ ਹਵਾ
ਮੁਨੀਸ਼ ਗਰਗ, (ਤਲਵੰਡੀ ਸਾਬੋ, 14 ਨਵੰਬਰ): ਪੰਜਾਬ ਦੇ ਲੋਕਾਂ ਨੂੰ ਇਸ ਵਾਰ ਪੰਜਾਬ ਸਰਕਾਰ ਤੋਂ ਕਾਫੀ ਆਸਾਂ ਸਨ ਪਰ ਇਹ ਆਸਾ ਉਸ ਸਮੇਂ ਨਿਰਾਸਾਵਾਂ ਵਿੱਚ ਬਦਲ ਜਾਂਦੀਆਂ ਹਨ ਜਦੋਂ ਲੋਕਾਂ ਨੂੰ ਰਹਿਣ ਸਹਿਣ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਤਾਜ਼ਾ ਮਾਮਲਾ ਸਿੱਖਾਂ ਦੇ ਚੌਥੇ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਦਾ ਹੈ ਜਿੱਥੇ ਸੀਵਰੇਜ ਦੀ ਸਮੱਸਿਆ ਜੀਅ ਦਾ ਜੰਜਾਲ ਬਣੀ ਹੋਈ ਹੈ। ਸ਼ਹਿਰ ਦਾ ਸਾਰਾ ਗੰਦਾ ਸੀਵਰੇਜ ਦਾ ਪਾਣੀ ਤਖ਼ਤ ਸਾਹਿਬ ਦੇ ਡਿਊਡੀ ਦੇ ਅੱਗੇ ਖੜ੍ਹ ਜਾਂਦਾ ਹੈ, ਜਿੱਥੋਂ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂ ਗੰਦੇ ਪਾਣੀ ਦੀ ਬਦਬੂ ਕਾਰਨ ਸਰਕਾਰ ਨੂੰ ਕੌਸ ਰਹੇ ਹਨ।
ਦੱਸ ਦੇਈਏ ਕਿ ਸ਼੍ਰੋਮਣੀ ਕਮੇਟੀ ਤੇ ਸ਼ਹਿਰ ਵਾਸੀਆਂ ਨੇ ਖੰਡਾ ਵਾਲਾ ਚੌਂਕ 'ਤੇ ਧਰਨਾ ਵੀ ਲਇਆ ਸੀ, ਜਿਸ ਤੋਂ ਬਾਅਦ ਭਾਵੇਂ ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਦੇ ਮੰਤਰੀ ਡਾ: ਇੰਦਰਵੀਰ ਸਿੰਘ ਨਿੱਝਰ ਨੇ ਪਿਛਲੇ ਮਹੀਨੇ ਦੀ 20 ਅਕਤੂਬਰ ਨੂੰ ਸ਼ਹਿਰ ਵਾਸੀਆਂ ਦੀਆਂ ਅੱਖਾਂ ਪੂਝਣ ਲਈ ਸੀਵਰੇਜ ਦਾ ਨੀਂਹ ਪੱਥਰ ਰੱਖ ਕੇ ਕੰਮ ਜਲਦੀ ਸ਼ੁਰੂ ਹੋਣ ਸਬੰਧੀ ਬਿਆਨ ਦਿੱਤਾ ਸੀ ਪਰ ਇੱਕ ਮਹੀਨਾ ਬੀਤ ਜਾਣ ਪਿੱਛੋਂ ਕੋਈ ਵੀ ਕੰਮ ਚਾਲੂ ਨਹੀਂ ਹੋਇਆ। ਜਿਸ 'ਤੇ ਸ਼ਹਿਰਵਾਸੀ ਤੇ ਸ਼ਰਧਾਲੂ ਕਾਫੀ ਰੋਸ ਵਿੱਚ ਹਨ ਤੇ ਸਮੱਸਿਆ ਦਾ ਹੱਲ ਨਾ ਨਿਕਲਣ 'ਤੇ ਤਿੱਖਾ ਸਘੰਰਸ ਕਰਨ ਦੀ ਚਿਤਾਵਨੀ ਦੇ ਰਹੇ ਹਨ।
ਇਸ ਸਬੰਧੀ ਸ਼ਰਧਾਲੂਆਂ ਨੇ ਸਰਕਾਰ 'ਤੇ ਤੰਜ ਕਸਦਿਆਂ ਕਿਹਾ ਕਿ ਪਿਛਲੇ ਦੋ ਮਹੀਨਿਆਂ ਤੋਂ ਸਰਕਾਰ ਤੋਂ ਇਸਦੇ ਹੱਲ ਕਰਨ ਦੀ ਮੰਗ ਕਰ ਰਹੇ ਹਾਂ ਜਿਸ ਲਈ ਉਨ੍ਹਾਂ ਧਰਨਾ ਵੀ ਲਾਇਆ ਸੀ ਤੇ ਸਰਕਾਰ ਨੇ ਨੀਂਹ ਪੱਥਰ ਵੀ ਰੱਖ ਕੇ ਕਿਹਾ ਸੀ ਕਿ ਜਲਦੀ ਕੰਮ ਸ਼ੁਰੂ ਹੋ ਜਾਵੇਗਾ ਪਰ ਅਜੇ ਤੱਕ ਪ੍ਰਸ਼ਾਸਨ ਦਾ ਸੀਵਰੇਜ ਵਾਲ ਕੋਈ ਧਿਆਨ ਨਹੀਂ ਪਿਆ। ਇੱਥੇ ਤੱਕ ਕਿ ਸੀਵਰੇਜ ਦਾ ਗੰਦਲਾ ਪਾਣੀ ਟਰੈਕਟਰਾਂ ਨਾਲ ਕੱਢ ਕੇ ਪਾਰਕਾਂ ਵਿੱਚ ਜਿਹੜੇ 500-600 ਨਵੇਂ ਪੌਦਾ ਲਾਏ ਗਏ ਨੇ ਉਨ੍ਹਾਂ 'ਚ ਸੀਵਰੇਜ ਦਾ ਗੰਦਾ ਪਾਣੀ ਪਾਇਆ ਜਾ ਰਿਹਾ ਜਿਸ ਨਾਲ ਪੌਦੇ ਵੀ ਖਰਾਬ ਹੋ ਰਹੇ ਹਨ।
ਇੱਥੇ ਦੱਸਣਾ ਬਣਦਾ ਹੈ ਕਿ ਦੇਸ਼ੋਂ-ਵਿਦੇਸ਼ੋਂ ਆਉਣ ਵਾਲੀ ਸੰਗਤਾਂ ਤੇ ਸ਼ਰਧਾਲੂਆਂ ਨੂੰ ਗੰਦੇ ਬਦਬੂਦਾਰ ਪਾਣੀ ਕਰਕੇ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਹੋਰ ਕਿਤੋਂ ਲੰਘਣ ਨੂੰ ਕੋਈ ਜਗ੍ਹਾ ਵੀ ਨਹੀਂ ਹੈ। ਇਕੱਠੇ ਹੋਏ ਗੰਦੇ ਪਾਣੀ ਨਾਲ ਬਿਮਾਰੀਆਂ ਫੈਲ ਰਹੀਆਂ ਤੇ ਤਖ਼ਤ ਸਾਹਿਬ ਨੇੜੇ ਡੇਗੂ-ਮਲੇਰੀਆ ਦਾ ਵੀ ਖ਼ਤਰਾ ਵੱਧ ਗਿਆ ਹੈ। ਸੰਗਤਾਂ ਤੇ ਸ਼ਰਧਾਲੂਆਂ ਨੇ ਪੰਜਾਬ ਸਰਕਾਰ ਇਸ ਸਮੱਸਿਆ 'ਤੇ ਫੌਰੀ ਕਾਰਵਾਈ ਕਰਕੇ ਹੱਲ ਕਰਨ ਦੀ ਗੱਲ ਆਖੀ ਹੈ ਤੇ ਮੰਗ ਪੂਰੀ ਨਾ ਹੋਣ 'ਤੇ ਤਿੱਖੇ ਸਘੰਰਸ ਦੀ ਚਿਤਾਵਨੀ ਦਿੱਤੀ ਹੈ।
- PTC NEWS