ਚਿਹਰੇ 'ਤੇ ਬੇਬਸੀ, ਹੱਥਾਂ 'ਚ ਹੱਥਕੜੀ, ਜੇਲ੍ਹ 'ਚੋਂ ਆ ਪਿਤਾ ਨੇ ਕੀਤਾ ਪੁੱਤ ਅਗਮਜੋਤ ਦਾ ਸਸਕਾਰ
ਬਠਿੰਡਾ: ਮਾਨਸਾ 'ਚ ਕਲਯੁੱਗੀ ਮਾਂ ਵੱਲੋਂ ਮਾਰੇ ਗਏ ਮਾਸੂਮ ਬੱਚੇ ਅਗਮਜੋਤ ਸਿੰਘ ਦਾ ਅੱਜ ਨਮ ਅੱਖਾਂ ਹੇਠ ਸਸਕਾਰ ਕੀਤਾ ਗਿਆ। ਅਗਮਜੋਤ ਨੂੰ ਉਸ ਦੇ ਪਿਤਾ ਨੇ ਅਗਨੀ ਵਿਖਾਈ ਜੋ ਕਿ ਜੇਲ੍ਹ ਵਿੱਚ ਸੀ। ਬੱਚੇ ਦੇ ਪਿਤਾ ਨੂੰ ਪੁਲਿਸ ਹੱਥਕੜੀਆਂ ਵਿੱਚ ਲੈ ਕੇ ਪਹੁੰਚੀ। ਸਸਕਾਰ ਮੌਕੇ ਰਿਸ਼ਤੇਦਾਰਾਂ ਸਮੇਤ ਸਮੂਹ ਪਿੰਡ ਵਾਸੀਆਂ ਦੀਆਂ ਅੱਖਾਂ ਵਿਚੋਂ ਹੰਝੂ ਵਹਿ ਰਹੇ ਸਨ। ਜਦਕਿ ਬੱਚੇ ਦੇ ਪਿਤਾ ਨੇ ਦਾਅਵਾ ਕੀਤਾ ਕਿ ਸਸਕਾਰ ਮੌਕੇ ਪੇਕੇ ਪਰਿਵਾਰ ਦਾ ਕੋਈ ਮੈਂਬਰ ਨਹੀਂ ਪਹੁੰਚਿਆ।
ਦੱਸ ਦਈਏ ਕਿ ਦੋ ਦਿਨ ਪਹਿਲਾਂ ਮਾਨਸਾ ਬੱਸ ਅੱਡੇ ਵਿਚੋਂ ਇੱਕ ਬੱਚੇ ਦੀ ਲਾਸ਼ ਮਿਲੀ ਸੀ, ਜੋ ਕਿ ਬੁਢਲਾਡਾ ਕਾਊਂਟਰ 'ਤੇ ਰੱਖੀ ਹੋਈ ਸੀ। ਪੁਲਿਸ ਨੇ ਮਾਮਲੇ ਵਿੱਚ ਖੁਲਾਸਾ ਕੀਤਾ ਸੀ ਕਿ ਮਾਂ ਵੀਰਪਾਲ ਕੌਰ ਨੇ ਹੀ ਬੱਚੇ ਦਾ ਕਤਲ ਕੀਤਾ ਹੈ। ਬੱਚੇ ਦੀ ਭੂਆ ਨੇ ਵੀ ਕਿਹਾ ਸੀ ਕਿ ਉਸ ਦੇ ਭਤੀਜੇ ਦਾ ਕਤਲ ਉਸ ਦੀ ਮਾਂ ਨੇ ਹੀ ਕੀਤਾ ਹੈ। ਪੁਲਿਸ ਨੇ ਕੇਸ ਦਰਜ ਕਰਕੇ ਵੀਰਪਾਲ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਸੀ, ਜੋ ਕਿ ਹੁਣ ਜੇਲ੍ਹ 'ਚ ਹੈ।
ਸਸਕਾਰ ਮੌਕੇ ਬੱਚੇ ਦੇ ਪਿਤਾ ਨੇ ਦੱਸਿਆ ਕਿ ਉਹ ਚਿੱਟੇ ਦੇ ਨਸ਼ੇ ਕਾਰਨ 3 ਸਾਲ ਤੋਂ ਜੇਲ੍ਹ 'ਚ ਬੰਦ ਸੀ। ਕਿਉਂਕਿ ਉਸ ਉਪਰ ਕਈ ਪਰਚੇ ਦਰਜ ਹਨ। ਉਸ ਨੇ ਕਿਹਾ ਕਿ ਵੀਰਪਾਲ ਕੌਰ ਨਾਲ ਉਸ ਦੀ ਲਵ ਮੈਰਿਜ ਹੋਈ ਸੀ ਅਤੇ ਜੇਲ੍ਹ ਜਾਣ ਤੋਂ ਬਾਅਦ ਉਹ ਉਸ ਨੂੰ ਕਦੇ ਮਿਲਣ ਨਹੀਂ ਆਈ। ਅਗਮਜੋਤ ਦੇ ਕਤਲ ਵਿੱਚ ਉਸ ਦੀ ਪਤਨੀ ਦੇ ਨਾਲ ਹੋਰ ਵੀ ਸ਼ਾਮਲ ਹਨ। ਉਹ ਪੁਲਿਸ ਨੂੰ ਅਪੀਲ ਕਰਦਾ ਹੈ ਕਿ ਦੂਜੇ ਮੁਲਜ਼ਮਾਂ ਨੂੰ ਵੀ ਟਰੇਸ ਕਰਕੇ ਫੜਿਆ ਜਾਵੇ।
ਇਸ ਮੌਕੇ ਇੱਕ ਪਿੰਡ ਵਾਸੀ ਨੇ ਕਿਹਾ ਕਿ ਔਰਤ ਨੇ ਪਹਿਲਾਂ ਬੱਚੇ ਲਈ ਇੱਕ ਟੋਆ ਪੁੱਟਿਆ ਹੋਇਆ ਸੀ। ਵੀਰਪਾਲ ਕੌਰ ਨਸ਼ੇ ਦੀ ਹਾਲਤ ਵਿੱਚ ਲਗ ਰਹੀ ਸੀ। ਜਦੋਂ ਟੋਏ ਵਿੱਚ ਅਗਮਜੋਤ ਪੂਰਾ ਨਹੀਂ ਆਇਆ ਤਾਂ ਉਸ ਨੇ ਪਹਿਲਾਂ ਉਸ ਨੂੰ ਨੁਹਾਇਆ ਅਤੇ ਫਿਰ ਸਕੂਲੀ ਵਰਦੀ ਪਾਈ। ਉਪਰੰਤ ਉਹ ਬੱਸ ਦੀ ਥਾਂ ਕਿਸੇ ਨਾਲ ਮਾਨਸਾ ਗਈ ਅਤੇ ਉਥੇ ਬੱਚੇ ਦੀ ਲਾਸ਼ ਰੱਖ ਦਿੱਤੀ।
ਉਨ੍ਹਾਂ ਕਿਹਾ ਕਿ ਅੱਜ ਬੱਚੇ ਦੇ ਅੰਤਿਮ ਸਸਕਾਰ ਮੌਕੇ ਹਰ ਇੱਕ ਦੀਆਂ ਅੱਖਾਂ ਵਿਚੋਂ ਹੰਝੂ ਵਹਿ ਰਹੇ ਹਨ। ਉਨ੍ਹਾਂ ਕਿਹਾ ਕਿ ਘਟਨਾ ਨਾਲ ਪੂਰਾ ਪਿੰਡ ਵਿਚ ਸੋਗ ਦੀ ਲਹਿਰ ਹੈ ਕਿਉਂਕਿ ਕਦੇ ਵੀ ਅਜਿਹੀ ਘਟਨਾ ਵੇਖਣ ਨੂੰ ਨਹੀਂ ਮਿਲੀ।
-