Twitter ਤੇ Meta ਤੋਂ ਬਾਅਦ ਹੁਣ Amazon ਨੇ ਆਪਣੇ ਕਰਮਚਾਰੀਆਂ ਨੂੰ ਵਿਖਾਇਆ ਘਰ ਦਾ ਰਾਹ
Recession 2022: Amazon ਕੰਪਨੀ ਲਾਗਤ ਵਿੱਚ ਕਟੌਤੀ ਲਈ ਲਗਭਗ 10,000 ਕਰਮਚਾਰੀਆਂ ਦੀ ਛਾਂਟੀ ਕਰਨ ਦੀ ਯੋਜਨਾ ਬਣਾ ਰਿਹਾ ਹੈ। ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਕੰਪਨੀ ਇਸ ਹਫਤੇ ਇਨ੍ਹਾਂ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਸਕਦੀ ਹੈ। ਦੱਸਣਯੋਗ ਕਿ ਜੇਕਰ Amazon 10,000 ਕਰਮਚਾਰੀਆਂ ਦੀ ਛਾਂਟੀ ਕਰਦੀ ਹੈ ਤਾਂ ਇਹ ਕੰਪਨੀ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਵੇਗਾ ਕਿ ਇੰਨੀ ਵੱਡੀ ਗਿਣਤੀ ਵਿੱਚ ਕਰਮਚਾਰੀਆਂ ਦੀ ਛਾਂਟੀ ਕੀਤੀ ਜਾਵੇਗੀ। ਰਿਪੋਰਟ ਮੁਤਾਬਕ ਕੰਪਨੀ ਨੇ ਇਹ ਫੈਸਲਾ ਪਿਛਲੀਆਂ ਕੁੱਝ ਤਿਮਾਹੀਆਂ 'ਚ ਹੋਏ ਨੁਕਸਾਨ ਨੂੰ ਦੇਖਦੇ ਹੋਏ ਲਿਆ ਹੈ।
ਕੰਪਨੀ ਦੇ ਤਕਨੀਕੀ ਅਤੇ ਕਾਰਪੋਰੇਟ ਖੇਤਰ ਵਿੱਚ ਛਾਂਟੀ
ਕੰਪਨੀ ਅਲੈਕਸਾ ਵੌਇਸ ਅਸਿਸਟੈਂਟ ਰਿਟੇਲ ਡਿਵੀਜ਼ਨ ਅਤੇ ਮਨੁੱਖੀ ਵਸੀਲਿਆਂ ਸਮੇਤ ਕਾਰਪੋਰੇਟ ਅਤੇ ਤਕਨਾਲੋਜੀ ਖੇਤਰਾਂ ਵਿੱਚ ਨੌਕਰੀਆਂ ਵਿੱਚ ਕਟੌਤੀ ਕਰੇਗੀ। ਇੰਨੀ ਵੱਡੀ ਗਿਣਤੀ 'ਚ ਕਰਮਚਾਰੀਆਂ ਨੂੰ ਹਟਾਉਣ ਦਾ ਮਤਲਬ ਹੈ ਕਿ ਐਮਾਜ਼ਾਨ ਦੇ ਕਾਰਪੋਰੇਟ ਕਰਮਚਾਰੀਆਂ 'ਚੋਂ ਲਗਭਗ ਤਿੰਨ ਫੀਸਦੀ ਨੂੰ ਕੱਢਣਾ। ਹਾਲਾਂਕਿ ਅਜਿਹਾ ਬਿਲਕੁਲ ਨਹੀਂ ਹੈ ਕਿ ਸਿਰਫ਼ ਐਮਾਜ਼ਾਨ ਹੀ ਕਰਮਚਾਰੀਆਂ ਦੀ ਛਾਂਟੀ ਕਰ ਰਹੀ ਹੈ, ਇਸ ਤੋਂ ਪਹਿਲਾਂ ਵੀ ਫੇਸਬੁੱਕ ਅਤੇ ਟਵਿੱਟਰ ਵਰਗੀਆਂ ਦਿੱਗਜ ਕੰਪਨੀਆਂ ਵੀ ਵੱਡੀ ਗਿਣਤੀ 'ਚ ਕਰਮਚਾਰੀਆਂ ਦੀ ਛਾਂਟੀ ਕਰ ਚੁੱਕੀਆਂ ਹਨ।
ਕਈ ਟੀਮਾਂ ਵਿੱਚ ਹਾਇਰਿੰਗ ਫ੍ਰੀਜ਼
ਦੁਨੀਆ ਭਰ ਵਿੱਚ ਬਦਲਦੇ ਕਾਰੋਬਾਰੀ ਮਾਡਲ ਅਤੇ ਵਧਦੀ ਗਲੋਬਲ ਮੰਦੀ ਦੇ ਕਾਰਨ, ਦਿੱਗਜ ਤਕਨੀਕੀ ਕੰਪਨੀਆਂ ਵੱਡੀ ਗਿਣਤੀ ਵਿੱਚ ਆਪਣੇ ਕਰਮਚਾਰੀਆਂ ਦੀ ਛਾਂਟੀ ਕਰ ਰਹੀਆਂ ਹਨ। ਅਪ੍ਰੈਲ ਅਤੇ ਸਤੰਬਰ ਦੇ ਵਿਚਕਾਰ ਕਈ ਕੰਪਨੀਆਂ ਨੇ ਆਪਣੇ ਕਰਮਚਾਰੀਆਂ ਦੀ ਗਿਣਤੀ ਘਟਾ ਦਿੱਤੀ ਹੈ ਅਤੇ ਮੁੱਖ ਤੌਰ 'ਤੇ ਘੰਟਾਵਾਰ ਕਰਮਚਾਰੀਆਂ ਨੂੰ ਨਿਸ਼ਾਨਾ ਬਣਾ ਰਹੀ ਹੈ। ਹਾਲ ਹੀ ਵਿੱਚ Amazon ਨੇ Amazon Care ਨੂੰ ਬੰਦ ਕਰ ਦਿੱਤਾ ਹੈ। ਇਹ ਇੱਕ ਸੇਵਾ ਸੀ ਜੋ ਪ੍ਰਾਇਮਰੀ ਅਤੇ ਜ਼ਰੂਰੀ ਸਿਹਤ ਦੇਖਭਾਲ ਸੇਵਾਵਾਂ ਪ੍ਰਦਾਨ ਕਰਦੀ ਸੀ। ਇਸ ਸਾਲ ਅਕਤੂਬਰ ਵਿੱਚ, ਕੰਪਨੀ ਨੇ ਆਪਣੇ ਪ੍ਰਚੂਨ ਕਾਰੋਬਾਰ ਵਿੱਚ 10,000 ਤੋਂ ਵੱਧ ਭੂਮਿਕਾਵਾਂ ਨਾ ਭਰਨ ਦਾ ਫੈਸਲਾ ਕੀਤਾ ਅਤੇ ਦੋ ਹਫ਼ਤੇ ਪਹਿਲਾਂ ਇਸ ਨੇ ਅਗਲੇ ਕੁੱਝ ਮਹੀਨਿਆਂ ਲਈ ਕਾਰਪੋਰੇਟ ਭਰਤੀ ਨੂੰ ਵੀ ਰੋਕ ਦਿੱਤਾ।
- PTC NEWS