ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ ਵਿਧਾਨ ਸਭਾ ਸੀਟਾਂ ਦੀਆਂ ਜ਼ਿਮਨੀ ਚੋਣਾਂ ਲਈ ਰਹੇ ਤਿਆਰ
Punjab Election: ਪੰਜਾਬ ’ਚ ਸਿਆਸੀ ਮਾਹੌਲ ਅਗਲੇ 6-7 ਮਹੀਨਿਆਂ ਤੱਕ ਗਰਮਾਇਆ ਹੀ ਰਹੇਗਾ। ਲੋਕ ਸਭਾ ਚੋਣਾਂ 2024 ਤੋਂ ਬਾਅਦ ਪਾਰਟੀਆਂ ਖ਼ਾਲੀ ਹੋਣ ਵਾਲੀਆਂ ਵਿਧਾਨ ਸਭਾ ਸੀਟਾਂ ਦੀਆਂ ਜ਼ਿਮਨੀ ਚੋਣਾਂ ਵਿਚ ਉਲਝ ਜਾਂਣਗੀਆਂ।
ਆਮ ਆਦਮੀ ਪਾਰਟੀ ਨੇ 5 ਕੈਬਨਿਟ ਮੰਤਰੀਆਂ ਨੂੰ ਲੋਕ ਸਭਾ ਚੋਣਾਂ ਵਿੱਚ ਉਤਾਰ ਕੇ ਵਿਧਾਨ ਸਭਾ ਸੀਟਾਂ ਦੀਆਂ ਜ਼ਿਮਨੀ ਚੋਣਾਂ ਦਾ ਰਸਤਾ ਵੀ ਖੋਲ੍ਹ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਕੈਬਨਿਟ ਵਿੱਚ ਸ਼ਾਮਿਲ 5 ਮੰਤਰੀ ਇਸ ਵੇਲੇ 5 ਵਿਧਾਨ ਸਭਾ ਸੀਟਾਂ ਦੀ ਨੁਮਾਇੰਦਗੀ ਕਰ ਰਹੇ ਹਨ।
ਕੁਲਦੀਪ ਸਿੰਘ ਧਾਲੀਵਾਲ ਅਜਨਾਲਾ ਵਿਧਾਨ ਸਭਾ ਸੀਟ ਦੀ ,ਡਾ. ਬਲਬੀਰ ਸਿੰਘ ਪਟਿਆਲਾ ਦਿਹਾਤੀ ਦੀ ਵਿਧਾਨ ਸਭਾ ਸੀਟ, ਗੁਰਮੀਤ ਸਿੰਘ ਖੁੱਡੀਆਂ ਲੰਬੀ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕਰ ਰਹੇ ਹਨ ਅਤੇ ਉਨ੍ਹਾਂ ਨੇ ਵਿਧਾਨ ਸਭਾ ਚੋਣਾਂ ਵਿੱਚ 2 ਸਾਲ ਪਹਿਲਾਂ ਸਾਬਕਾ ਮੁੱਖ ਮੰਤਰੀ ਸਵ. ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਇਆ ਸੀ। ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਬਰਨਾਲਾ ਵਿਧਾਨ ਸਭਾ ਹਲਕੇ ਦੀ, ਇਸੇ ਤਰ੍ਹਾਂ ਲਾਲਜੀਤ ਸਿੰਘ ਭੁੱਲਰ ਪੱਟੀ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕਰ ਰਹੇ ਹਨ। ਹੁਣ ਇਨ੍ਹਾਂ ਵਿਚੋਂ ਜਿੰਨੇ ਵੀ ਕੈਬਨਿਟ ਮੰਤਰੀ ਲੋਕ ਸਭਾ ਦੀ ਚੋਣ ਜਿੱਤ ਜਾਣਗੇ, ਓਨੀਆਂ ਹੀ ਸੀਟਾਂ ’ਤੇ ਚੋਣ ਕਮਿਸ਼ਨ ਨੂੰ ਜ਼ਿਮਨੀ ਚੋਣਾਂ ਕਰਵਾਉਣੀਆਂ ਪੈਣਗੀਆਂ।
ਕੇਂਦਰੀ ਚੋਣ ਕਮਿਸ਼ਨ ਆਮ ਤੌਰ ’ਤੇ ਚੁਣੇ ਜਾਣ ਵਾਲੇ ਵਿਧਾਇਕਾਂ ਦੀਆਂ ਸੀਟਾਂ ’ਤੇ ਲੋਕ ਸਭਾ ਚੋਣਾਂ ਦੇ 6 ਮਹੀਨਿਆਂ ਅੰਦਰ ਉਪ-ਚੋਣਾਂ ਕਰਵਾਉਂਦੀ ਹੈ। ਇੰਝ ਪੰਜਾਬ ਦੀ ਸਿਆਸਤ ਅਗਲੇ 6-7 ਮਹੀਨਿਆਂ ’ਚ ਸਿਆਸਤ ਵਿੱਚ ਹੀ ਉਲਝੀ ਰਹੇਗੀ ਅਤੇ ਸਰਕਾਰ ਤੇ ਵਿਰੋਧੀ ਪਾਰਟੀਆਂ ਦਾ ਪੂਰਾ ਧਿਆਨ ਉਪ-ਚੋਣਾਂ ਵੱਲ ਲੱਗਾ ਰਹੇਗਾ। ਲੋਕ ਸਭਾ ਚੋਣਾਂ ਦੇ ਨਤੀਜੇ ਜਿਸ ਤਰ੍ਹਾਂ ਦੇ ਵੀ ਰਹਿਣ ਪਰ ਪੰਜਾਬ ਦਾ ਸਿਆਸੀ ਪਾਰਾ ਤਾਂ ਉੱਚਾ ਹੀ ਰਹੇਗਾ। ਹੁਣ ਇਹ ਵੀ ਦੇਖਣਾ ਬਾਕੀ ਹੈ ਕਿ ਬਾਕੀ ਰਹਿੰਦੀਆਂ 5 ਸੀਟਾਂ ’ਤੇ ਆਮ ਆਦਮੀ ਪਾਰਟੀ ਕਿੰਨੇ ਹੋਰ ਮੰਤਰੀਆਂ ਨੂੰ ਚੋਣ ਮੈਦਾਨ ਵਿਚ ਉਤਾਰਦੀ ਹੈ।
ਇਹ ਵੀ ਚਰਚਾ ਚੱਲ ਰਹੀ ਹੈ ਕਿ ਜਲਦ ਹੀ ਇਸ ਬਾਰੇ ਕੋਈ ਫ਼ੈਸਲਾ ਲਿਆ ਜਾ ਸਕਦਾ ਹੈ। ਲੋਕ ਸਭਾ ਚੋਣਾਂ ਦੇ ਨਤੀਜੇ ਮਈ ਦੇ ਮਹੀਨੇ ਵਿਚ ਆ ਜਾਣਗੇ ਅਤੇ ਕੇਂਦਰ ਵਿੱਚ ਨਵੀਂ ਸਰਕਾਰ ਦਾ ਗਠਨ ਹੋ ਜਾਵੇਗਾ। ਉਸ ਤੋਂ 6 ਮਹੀਨਿਆਂ ਅੰਦਰ ਉਪ-ਚੋਣਾਂ ਦਾ ਰਾਹ ਪੱਧਰਾ ਹੋਵੇਗਾ। ਇਸ ਹਿਸਾਬ ਨਾਲ ਅਕਤੂਬਰ ਤੱਕ ਚੋਣ ਕਮਿਸ਼ਨ ਨੂੰ ਪੰਜਾਬ ’ਚ ਉਪ-ਚੋਣਾਂ ਵੀ ਕਰਵਾਉਣੀਆਂ ਪੈਣਗੀਆਂ। ਜ਼ਿਮਨੀ ਚੋਣ ਵਿਚ ਇਕ ਵਾਰ ਮੁੜ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦਾ ਵੱਕਾਰ ਦਾਅ ’ਤੇ ਲੱਗੇਗਾ।
-