ਬਠਿੰਡਾ 'ਚ ਚਚੇਰੇ ਭਰਾ ਦਾ ਕਤਲ ਕਰਨ ਤੋਂ ਬਾਅਦ ਸ਼ਖ਼ਸ ਨੇ ਖੁਦ ਨੂੰ ਵੀ ਮਾਰੀ ਗੋਲੀ
ਬਠਿੰਡਾ: ਬਠਿੰਡਾ ਸ਼ਹਿਰ ਵਿੱਚ ਪਰਿਵਾਰ ਦੇ ਆਪਸੀ ਝਗੜੇ ਵਿੱਚ ਇੱਕ ਪਰਿਵਾਰਿਕ ਮੈਂਬਰ ਨੇ ਗੋਲੀ ਚਲਾ ਦਿੱਤੀ। ਗੋਲੀ ਲੱਗਣ ਕਾਰਨ 2 ਵਿਅਕਤੀ ਦੀ ਮੌਤ ਹੋ ਗਈ ਜਦਕਿ 3 ਹੋਰ ਜ਼ਖਮੀ ਹੋ ਗਏ।
ਜਾਣਕਾਰੀ ਮਿਲਦਿਆਂ ਹੀ ਪੁਲਿਸ ਨੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ। ਇਹ ਵੀ ਦੱਸਿਆ ਜਾ ਰਿਹਾ ਕਿ ਇਸ ਦੌਰਾਨ ਗੋਲੀ ਚਲਾਉਣ ਵਾਲੇ ਆਰੋਪੀ ਨੇ ਖੁਦ ਨੂੰ ਵੀ ਗੋਲੀ ਮਾਰ ਲਈ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਫ਼ਿਲਹਾਲ ਪੁਲਿਸ ਮੌਕੇ 'ਤੇ ਪਹੁੰਚ ਕੇ ਜਾਂਚ ਕਰ ਰਹੀ ਹੈ।
ਜਾਣਕਾਰੀ ਮੁਤਾਬਕ ਬਠਿੰਡਾ ਦੇ ਪਿੰਡ ਕੋਠਾ ਗੁਰੂ 'ਚ ਸ਼ੁੱਕਰਵਾਰ ਸਵੇਰੇ ਚਾਚਾ-ਤਾਇਆ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਇਸ ਦੌਰਾਨ ਇੱਕ ਵਿਅਕਤੀ ਨੇ ਆਪਣੇ ਘਰ ਦੀ ਛੱਤ 'ਤੇ ਚੜ੍ਹ ਕੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਦੱਸਿਆ ਜਾ ਰਿਹਾ ਕਿ ਆਰੋਪੀ ਵੱਲੋਂ 20-25 ਰਾਉਂਡ ਫਾਇਰ ਕੀਤੇ ਗਏ। ਇਹ ਘਟਨਾ ਸਵੇਰੇ 9 ਵਜੇ ਦੀ ਦੱਸੀ ਜਾ ਰਹੀ ਹੈ। ਕਾਫੀ ਦੇਰ ਤੱਕ ਆਰੋਪੀ ਛੱਤ 'ਤੇ ਖੜਿਆ ਰਿਹਾ ਅਤੇ ਲਗਾਤਾਰ ਫਾਇਰਿੰਗ ਕਰਦਾ ਰਿਹਾ। ਜ਼ਖ਼ਮੀਆਂ ਨੂੰ ਦਿਆਲਪੁਰ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।
ਐੱਸ.ਐੱਸ.ਪੀ ਬਠਿੰਡਾ ਗੁਲਨੀਤ ਸਿੰਘ ਖੁਰਾਣਾ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਗੋਲੀ ਮਾਰਨ ਵਾਲੇ ਦਾ ਨਾਂ ਗੁਰਸ਼ਰਨ ਸਿੰਘ ਹੈ। ਉਸ ਨੇ ਆਪਣੇ ਚਾਚੇ ਦੇ ਬੇਟੇ ਗੁਰਸ਼ੰਟ ਸਿੰਘ 'ਤੇ ਗੋਲੀਆਂ ਚਲਾਈਆਂ ਹਨ। ਗੋਲੀ ਲੱਗਣ ਕਾਰਨ ਗੁਰਸ਼ੰਟ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਇਸ ਮਗਰੋਂ ਜਦੋਂ ਉਸਦੇ ਦੋਸਤ ਨੇ ਗੁਰਸ਼ੰਟ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਵੀ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ।
ਜਦੋਂ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕੀਤੀ ਤਾਂ ਤਾਂ ਫਿਰ ਆਰੋਪੀ ਨੇ ਆਪਣੇ ਆਪ ਨੂੰ ਕਮਰੇ 'ਚ ਬੰਦ ਕਰ ਲਿਆ ਅਤੇ ਥੋੜੀ ਦੇਰ ਬਾਅਦ ਉਸਨੇ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ: ਪੰਜਾਬ 'ਚ ਬਦਲਿਆ ਮੌਸਮ ਦਾ ਮਿਜਾਜ਼; ਜਲੰਧਰ ਸਣੇ ਕਈ ਜ਼ਿਲ੍ਹਿਆਂ 'ਚ ਸਵੇਰ ਤੋਂ ਹੀ ਤੇਜ਼ ਮੀਂਹ
- PTC NEWS