Germany Car Accident : ਜਰਮਨੀ 'ਚ ਸਿਰਫਿਰੇ ਨੇ ਭੀੜ 'ਤੇ ਚੜ੍ਹਾਈ ਕਾਰ, 28 ਲੋਕ ਜ਼ਖ਼ਮੀ, 2 ਦੀ ਹਾਲਤ ਗੰਭੀਰ
Germany Car Accident : ਯੂਰਪੀ ਦੇਸ਼ ਜਰਮਨੀ 'ਚ ਅਮਰੀਕਾ ਦੇ ਨਿਊ ਓਰਲੀਨਜ਼ ਹਮਲੇ ਨੂੰ ਦੁਹਰਾਇਆ ਗਿਆ ਹੈ। ਮਿਊਨਿਖ ਸੁਰੱਖਿਆ ਸੰਮੇਲਨ ਤੋਂ ਪਹਿਲਾਂ ਇੱਕ ਪਾਗਲ ਨੌਜਵਾਨ ਨੇ ਕਾਰ ਹਮਲਾ ਕੀਤਾ ਹੈ। ਮੁਲਜ਼ਮ ਨੇ ਆਪਣੀ ਕਾਰ ਤੇਜ਼ ਰਫ਼ਤਾਰ ਨਾਲ ਭੀੜ 'ਤੇ ਚੜ੍ਹਾ ਦਿੱਤੀ। ਇਸ ਘਟਨਾ 'ਚ ਘੱਟੋ-ਘੱਟ 28 ਲੋਕ ਜ਼ਖਮੀ ਹੋਏ ਹਨ। ਕੁਝ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਮੁਲਜ਼ਮ ਅਫਗਾਨਿਸਤਾਨ ਦਾ ਨਿਵਾਸੀ ਹੈ ਅਤੇ ਜਰਮਨੀ 'ਚ ਸ਼ਰਣ ਮੰਗ ਰਿਹਾ ਸੀ। ਬਾਵੇਰੀਆ ਦੇ ਗਵਰਨਰ ਨੇ ਦਰਜਨਾਂ ਲੋਕਾਂ ਨੂੰ ਕਾਰ ਰਾਹੀਂ ਕੁਚਲਣ ਦੀ ਘਟਨਾ 'ਤੇ ਪਹਿਲੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਹਮਲਾ ਹੈ।
ਦੱਸ ਦੇਈਏ ਕਿ ਅਮਰੀਕਾ ਦੇ ਨਿਊ ਓਰਲੀਨਜ਼ ਦੀ ਬੋਰਬਨ ਸਟਰੀਟ 'ਤੇ ਜਦੋਂ ਲੋਕ ਨਵੇਂ ਸਾਲ ਦਾ ਜਸ਼ਨ ਮਨਾ ਰਹੇ ਸਨ ਤਾਂ ਇਕ ਵਿਅਕਤੀ ਨੇ ਉਨ੍ਹਾਂ ਨੂੰ ਟਰੱਕ ਨਾਲ ਕੁਚਲ ਦਿੱਤਾ। ਇਸ ਘਟਨਾ 'ਚ 15 ਲੋਕਾਂ ਦੀ ਮੌਤ ਹੋ ਗਈ ਸੀ। ਬਾਅਦ ਵਿਚ ਇਸ ਨੂੰ ਅੱਤਵਾਦੀ ਘਟਨਾ ਕਰਾਰ ਦਿੱਤਾ ਗਿਆ।
ਜਾਣਕਾਰੀ ਮੁਤਾਬਕ ਕਾਰ ਵੱਲੋਂ ਦਰਜਨਾਂ ਲੋਕਾਂ ਨੂੰ ਕੁਚਲਣ ਦੀ ਘਟਨਾ ਮਿਊਨਿਖ 'ਚ ਸਵੇਰੇ ਕਰੀਬ ਸਾਢੇ 10 ਵਜੇ ਵਾਪਰੀ। ਯੂਨੀਅਨ ਦਾ ਵਿਰੋਧ ਚੱਲ ਰਿਹਾ ਸੀ ਅਤੇ ਇਸ ਵਿੱਚ ਸ਼ਾਮਲ ਹੋਣ ਲਈ ਵੱਡੀ ਗਿਣਤੀ ਵਿੱਚ ਲੋਕ ਉੱਥੇ ਇਕੱਠੇ ਹੋਏ ਸਨ। ਉਦੋਂ ਇਕ ਨੌਜਵਾਨ ਤੇਜ਼ ਰਫਤਾਰ ਨਾਲ ਕਾਰ ਚਲਾ ਰਿਹਾ ਸੀ ਅਤੇ ਲੋਕਾਂ ਨੂੰ ਕੁਚਲ ਦਿੱਤਾ। ਇਸ ਘਟਨਾ 'ਚ 28 ਲੋਕ ਜ਼ਖਮੀ ਹੋ ਗਏ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ, ਜਿੱਥੇ ਦੋ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਪੁਲਿਸ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ।
ਪੁਲਿਸ ਨੇ ਗ੍ਰਿਫ਼ਤਾਰ ਕੀਤਾ ਮੁਲਜ਼ਮ
ਅਧਿਕਾਰੀਆਂ ਨੇ ਦੱਸਿਆ ਕਿ ਮਿਊਨਿਖ 'ਚ ਤੇਜ਼ ਰਫਤਾਰ ਕਾਰ ਨਾਲ ਦਰਜਨਾਂ ਲੋਕਾਂ ਨੂੰ ਕੁਚਲਣ ਵਾਲਾ ਦੋਸ਼ੀ ਅਫਗਾਨਿਸਤਾਨ ਦਾ ਨਿਵਾਸੀ ਹੈ ਅਤੇ ਉਸ ਦੀ ਉਮਰ ਕਰੀਬ 24 ਸਾਲ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਅਫਗਾਨ ਨੌਜਵਾਨ ਜਰਮਨੀ 'ਚ ਸ਼ਰਣ ਮੰਗ ਰਿਹਾ ਸੀ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਨੌਜਵਾਨ ਨੇ ਪਨਾਹ ਨਾ ਮਿਲਣ ਕਾਰਨ ਇਸ ਘਟਨਾ ਨੂੰ ਅੰਜਾਮ ਦਿੱਤਾ ਜਾਂ ਕੋਈ ਹੋਰ ਕਾਰਨ ਸੀ। ਮਿਊਨਿਖ 'ਚ ਕਾਰ ਹਮਲੇ ਤੋਂ ਬਾਅਦ ਪੁਲਿਸ ਅਤੇ ਸੁਰੱਖਿਆ ਬਲ ਅਲਰਟ 'ਤੇ ਹਨ। ਹਾਲਾਂਕਿ ਪੁਲਿਸ ਨੇ ਸਪੱਸ਼ਟ ਕੀਤਾ ਕਿ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਹੁਣ ਕੋਈ ਖ਼ਤਰਾ ਨਹੀਂ ਹੈ।
- PTC NEWS