Bathinda Adarsh School Video : ਬਠਿੰਡਾ ਪੁਲਿਸ ਨੇ ਧਰਨਾਕਾਰੀਆਂ ਨੂੰ ਖਦੇੜਨ ਤੋਂ ਬਾਅਦ ਦਰਜ ਕੀਤਾ ਕੇਸ, SP ਸਿਟੀ ਨੇ ਦੱਸਿਆ ਕਾਰਨ
Bathinda Adarsh School case : ਪਿਛਲੇ 70 ਦਿਨਾਂ ਤੋਂ ਆਦਰਸ਼ ਸਕੂਲ ਚਾਉਕੇ ਵਿਖੇ ਮੈਨੇਜਮੈਂਟ ਖਿਲਾਫ ਅਧਿਆਪਕ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਜਾ ਰਹੇ ਧਰਨੇ ਨੂੰ ਬੀਤੇ ਦਿਨ ਪੁਲਿਸ ਨੇ ਲਾਠੀਚਾਰਜ ਕਰਕੇ ਜ਼ਬਰਦਸਤੀ ਖਦੇੜ ਦਿੱਤਾ, ਜਿਸ ਦੀ ਵੀਡੀਓ ਵੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਹੁਣ ਇਸ ਮਾਮਲੇ ਵਿੱਚ ਪੁਲਿਸ ਨੇ ਧਰਨਾਕਾਰੀਆਂ ਖਿਲਾਫ਼ ਮਾਮਲਾ ਵੀ ਦਰਜ ਕਰ ਲਿਆ ਹੈ। ਦੱਸਣਾ ਬਣਦਾ ਹੈ ਕਿ ਸਕੂਲ ਵਿੱਚੋਂ ਅਧਿਆਪਕਾਂ ਨੂੰ ਫਾਰਗ ਕਰਨ ਦੇ ਵਿਰੋਧ ਵਿੱਚ ਫਾਰਗ ਕੀਤੇ ਗਏ ਅਧਿਆਪਕਾਂ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਸਕੂਲ ਅੱਗੇ ਪਿਛਲੇ ਕਰੀਬ ਦੋ ਮਹੀਨੇ ਤੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਬੀਤੇ ਦਿਨ ਪ੍ਰਦਰਸ਼ਨਕਾਰੀਆਂ ਨੇ ਸਕੂਲ ਸਟਾਫ ਨੂੰ ਅੰਦਰ ਬੰਦ ਕਰਕੇ ਸਕੂਲ ਨੂੰ ਜਿੰਦਾ ਲਗਾ ਕੇ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ, ਜਿਸ ਦੌਰਾਨ ਪੁਲਿਸ ਵੱਲੋਂ ਧਰਨਾਕਾਰੀਆਂ ਨੂੰ ਉਠਾਉਣ ਲਈ ਆਪਣੇ ਹਿਰਾਸਤ ਵਿੱਚ ਲੈ ਲਿਆ ਗਿਆ।
ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪੁਲਿਸ 'ਤੇ ਲਾਠੀ ਚਾਰਜ ਕਰਨ ਅਤੇ ਕੁੱਟਮਾਰ ਕਰਨ ਦੇ ਦੋਸ਼ ਲਗਾਏ, ਜਿਸ ਤੋਂ ਬਾਅਦ ਅੱਜ ਬਠਿੰਡਾ ਪੁਲਿਸ ਦੇ ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨਾਲ ਪ੍ਰਸ਼ਾਸਨ ਵੱਲੋਂ ਕਈ ਵਾਰ ਮੀਟਿੰਗਾਂ ਕੀਤੀਆਂ ਗਈਆਂ ਪਰ ਉਸਦੇ ਬਾਵਜੂਦ ਵੀ ਉਨਾਂ ਵੱਲੋਂ ਧਰਨਾ ਜਾਰੀ ਰੱਖਿਆ ਅਤੇ ਬੀਤੇ ਦਿਨ ਸਕੂਲ ਸਟਾਫ ਨੂੰ ਸਕੂਲ ਵਿੱਚ ਬੰਦ ਕਰਕੇ ਜਿੰਦਰਾ ਲਗਾ ਦਿੱਤਾ। ਪਿੰਡ ਵਾਸੀ ਵੀ ਪ੍ਰਦਰਸ਼ਨਕਾਰੀਆਂ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕਰ ਰਹੇ ਸਨ। ਪ੍ਰਦਰਸ਼ਨਕਾਰੀਆਂ ਵੱਲੋਂ ਸਕੂਲ ਦੇ ਗੇਟ ਬੰਦ ਕਰਕੇ ਸਟਾਫ ਨੂੰ ਬੰਦੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਸ 'ਤੇ ਪੁਲਿਸ ਨੇ ਸਖ਼ਤੀ ਨੇ ਇਹ ਐਕਸ਼ਨ ਕਰ ਦਿੱਤਾ।
''ਪੁਲਿਸ ਨੇ ਲਾਠੀਚਾਰਜ ਨਹੀਂ, ਸਗੋਂ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਦੀ ਗੱਡੀ ਭੰਨੀ''
ਐਸਪੀ ਸਿਟੀ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨੂੰ ਅਜਿਹਾ ਕਰਨ ਤੋਂ ਰੋਕਿਆ ਗਿਆ ਪਰ ਉਸਦੇ ਬਾਵਜੂਦ ਵੀ ਉਹਨਾਂ ਨੇ ਅਧਿਆਪਕਾਂ ਨੂੰ ਅੰਦਰ ਬੰਦਕ ਬਣਾ ਲਿਆ। ਪੁਲਿਸ ਅਧਿਕਾਰੀ ਨੇ ਕਿਹਾ ਕਿ ਕਿਸੇ ਦੀ ਵੀ ਨਾ ਹੀ ਤਾਂ ਕੁੱਟਮਾਰ ਕੀਤੀ ਗਈ ਹੈ ਤੇ ਨਾ ਹੀ ਲਾਠੀਚਾਰਜ ਕੀਤਾ ਗਿਆ। ਸਗੋਂ ਜਦੋਂ ਪ੍ਰਦਰਸ਼ਨਕਾਰੀਆਂ ਨੂੰ ਗੱਡੀ ਵਿੱਚ ਲਿਜਾਇਆ ਜਾ ਰਿਹਾ ਸੀ ਤਾਂ ਉਹਨਾਂ ਨੇ ਗੱਡੀ ਦੀ ਭੰਨਤੋੜ ਵੀ ਕੀਤੀ ਅਤੇ ਸਰਕਾਰੀ ਡਿਊਟੀ ਵਿੱਚ ਵਿਘਨ ਪਾਇਆ, ਜਿਸ ਕਰਕੇ ਉਹਨਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅਜੇ ਵੀ ਪ੍ਰਦਰਸ਼ਨਕਾਰੀਆਂ ਨਾਲ ਪ੍ਰਸ਼ਾਸਨ ਮੀਟਿੰਗ ਕਰਨ ਲਈ ਤਿਆਰ ਹੈ ਤੇ ਮਾਮਲਾ ਬੈਠ ਕੇ ਹੱਲ ਕਰਨਾ ਚਾਹੁੰਦਾ ਹੈ।
- PTC NEWS