ਬੱਚੀਆਂ ਨਾਲ ਜਿਨਸੀ ਸ਼ੋਸ਼ਣ ਦਾ ਮੁਲਜ਼ਮ ਅਜੇ ਵੀ ਆਜ਼ਾਦ, ਅਕਾਲੀ ਆਗੂ ਨੇ ਜਤਾਇਆ ਵਿਰੋਧ
ਚੰਡੀਗੜ੍ਹ: ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਮਜੀਠਾ ਹਲਕੇ ਦੇ ਸਰਕਾਰੀ ਐਲੀਮੈਂਟੀ ਸਕੂਲ ਦੀਆਂ ਮਾਸੂਮ ਬੱਚੀਆਂ ਨਾਲ ਛੇੜਛਾੜ ਕਰਨ ਵਾਲੇ ਮਾਮਲੇ ਦੀ ਸੀ.ਬੀ.ਆਈ (CBI) ਜਾਂਚ ਦੀ ਮੰਗ ਕੀਤੀ ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਬਰਖ਼ਾਸਤ ਕਰਨ ਦੀ ਵੀ ਮੰਗ ਕੀਤੀ ਹੈ।
ਇੱਥੇ ਜਾਰੀ ਕੀਤੇ ਇਕ ਬਿਆਨ ਵਿਚ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਜੇਕਰ ਸਿੱਖਿਆ ਮੰਤਰੀ ਨੂੰ ਤੁਰੰਤ ਬਰਖ਼ਾਸਤ ਨਾ ਕੀਤਾ ਤਾਂ ਇਹ ਮੰਨਿਆ ਜਾਵੇਗਾ ਕਿ ਉਹ ਇਸ ਘਨੌਣੇ ਅਪਰਾਧ ਵਿਚ ਪੀੜਤਾਂ ਤੇ ਮਾਪਿਆਂ ਦਾ ਸਾਥ ਦੇਣ ਦੀ ਥਾਂ ਦੋਸ਼ੀ ਦਾ ਸਾਥ ਦੇ ਰਹੇ ਹਨ।
ਉਹਨਾਂ ਨੇ ਇਹ ਵੀ ਸਵਾਲ ਕੀਤਾ ਕਿ ਮੁੱਖ ਮੰਤਰੀ ਨੇ ਹੁਣ ਤੱਕ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਿਉਂ ਨਹੀ ਕੀਤੀ। ਉਨ੍ਹਾਂ ਕਿਹਾ ਕਿ ਤੁਹਾਡੇ ਕੋਲ ਵਿਪਾਸਨਾ ਵਾਸਤੇ ਸਮਾਂ ਹੈ ਅਤੇ ਤੁਸੀਂ ਆਪਣੇ ਆਕਾ ਅਰਵਿੰਦ ਕੇਜਰੀਵਾਲ ਨੂੰ ਦੇਸ਼ ਭਰ ਵਿਚ ਘੁੰਮਾ ਸਕਦੇ ਹੋ ਪਰ ਤੁਹਾਡੇ ਜਿਣਸੀ ਸੋਸ਼ਣ ਦਾ ਸ਼ਿਕਾਰ ਹੋਈਆਂ ਛੋਟੀਆਂ ਬੱਚੀਆਂ ਨਾਲ ਮੁਲਾਕਾਤ ਕਰਨ ਦਾ ਸਮਾਂ ਨਹੀਂ ਹੈ।
ਮਜੀਠੀਆ ਨੇ ਮੁੱਖ ਮੰਤਰੀ ਤੇ ਆਪ ਦੇ ਚਰਿੱਤਰ ’ਤੇ ਵੀ ਸਵਾਲ ਚੁੱਕਿਆ ਤੇ ਕਿਹਾ ਕਿ ਤੁਸੀਂ ਹੁਣ ਤੱਕ ਬਿਲਕਿਸ ਬਾਨੋ ਨਾਲ ਹੋਏ ਅਨਿਆਂ ਦੀ ਗੱਲ ਕਰਦੇ ਸੀ ਪਰ ਹੁਣ ਜਦੋਂ ਤੁਹਾਡੇ ਕੋਲ ਇਕ ਗਲਤੀ ਦਾ ਇਨਸਾਫ ਦੇਣ ਦਾ ਸਮਾਂ ਹੈ ਤਾਂ ਤੁਸੀ ਚੁੱਪੀ ਧਾਰ ਲਈ ਹੈ ਜਿਸ ਤੋਂ ਤੁਹਾਡੀ ਬਿਮਾਰ ਮਾਨਸਿਕਤਾ ਦਾ ਪਤਾ ਚਲਦਾ ਹੈ।
ਮਜੀਠੀਆ ਨੇ ਇਹ ਵੀ ਮੰਗ ਕੀਤੀ ਕਿ ਅਧਿਆਪਕ ਰਾਕੇਸ਼ ਕੁਮਾਰ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਜਿਸਨੇ ਜਿਣਸੀ ਛੇੜਛਾੜ ਕੀਤੀ। ਉਹਨਾਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਕੇਸ ਵਿਚ ਐਫ.ਆਈ.ਆਰ ਦਰਜ ਹੋਣ ਦੇ 7 ਦਿਨਾਂ ਬਾਅਦ ਵੀ ਦੋਸ਼ੀ ਨੂੰ ਗ੍ਰਿਫਤਾਰ ਨਹੀ ਕੀਤਾ ਗਿਆ। ਉਹਨਾਂ ਇਹ ਵੀ ਮੰਗ ਕੀਤੀ ਕਿ ਦੋਸ਼ੀ ਨੂੰ ਸਰਕਾਰੀ ਨੌਕਰੀ ਤੋਂ ਤੁਰੰਤ ਬਰਖ਼ਾਸਤ ਕੀਤਾ ਜਾਵੇ ਅਤੇ ਕਿਹਾ ਕਿ ਹੁਣ ਤੱਕ ਅਜਿਹਾ ਇਸ ਕਰ ਕੇ ਨਹੀਂ ਕੀਤਾ ਗਿਆ ਕਿਉਂਕਿ ਰਾਕੇਸ਼ ਕੁਮਾਰ ਦੀ ਆਪ ਆਗੂ ਪੁਸ਼ਤ ਪਨਾਹੀ ਕਰ ਰਹੇ ਹਨ।
ਸਿੱਖਿਆ ਮੰਤਰੀ ਤੇ ਸੂਬਾ ਸਿੱਖਿਆ ਵਿਭਾਗ ਦੇ ਦੋਗਲੇ ਕਿਰਦਾਰ ਦੀ ਗੱਲ ਕਰਦਿਆਂ ਮਜੀਠੀਆ ਨੇ ਕਿਹਾ ਕਿ ਹਰਜੋਤ ਬੈਂਸ ਨੇ ਇਸ ਘਨੌਣੇ ਅਪਰਾਧ ਤੋਂ ਬਾਅਦ ਸਕੂਲ ਦਾ ਦੌਰਾ ਕਰਨ ਤੇ ਦੋਸ਼ੀ ਨੂੰ ਮਿਸਾਲੀ ਸਜ਼ਾ ਦੇਣ ਦੀ ਹਦਾਇਤ ਕਰਨ ਬਾਰੇ ਵੀ ਨਹੀਂ ਸੋਚਿਆ। ਉਹਨਾਂ ਨੇ ਰੱਖ ਭਗਵਾਨ ਐਲੀਮੈਂਟਰੀ ਸਕੂਲ ਦੀ ਮੈਨੇਜਮੈਂਟ ਜਿਸਨੇ ਤਿੰਨ ਲੜਕੀਆਂ ਦੇ ਮਾਪਿਆਂ ਵੱਲੋਂ ਦਾਇਰ ਸ਼ਿਕਾਇਤਾਂ ਦਬਾਉਣ ਦੀ ਕੋਸ਼ਿਸ਼ ਕੀਤੀ, ਉਸ ਖਿਲਾਫ ਕਾਰਵਾਈ ਕਰਨਾ ਵੀ ਵਾਜਬ ਨਹੀਂ ਸਮਝਿਆ।
ਉਹਨਾਂ ਕਿਹਾ ਕਿ ਮੈਨੇਜਮੈਂਟ ਵੱਲੋਂ ਪ੍ਰਭਾਵਤ ਪਰਿਵਾਰਾਂ ’ਤੇ ਸਮਝੌਤੇ ਲਈ ਦਬਾਅ ਪਾਉਣ ਲਈ ਉਸ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਸਕੂਲ ਵਿਚ ਲੱਗਾ ਸੀ.ਸੀ.ਟੀ.ਵੀ ਕੈਮਰਾ ਕਿਉਂ ਬੰਦ ਕੀਤਾ ਗਿਆ, ਇਸ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਤੇ ਇਹ ਵੀ ਪਤਾ ਲੱਗਣਾ ਚਾਹੀਦਾ ਹੈ ਕਿ ਦੋਸ਼ੀ ਕੁੜੀਆਂ ਨੂੰ ਵੱਖ ਕਰ ਕੇ ਉਹਨਾਂ ਦਾ ਸ਼ੋਸ਼ਣ ਕਿਉਂ ਕਰਦਾ ਸੀ।
ਇਸ ਦੌਰਾਨ ਮਜੀਠੀਆ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਪ੍ਰਭਾਵਤ ਪਰਿਵਾਰਾਂ ਦੀ ਲੜਾਈ ਵਾਸਤੇ ਅੱਗੇ ਆਉਣ ਤੇ ਮਦਦ ਕਰਨ। ਉਹਨਾਂ ਕਿਹਾ ਕਿ ਦੋਸ਼ੀਆਂ ਨੂੰ ਕਾਨੂੰਨ ਤੋਂ ਬਚਾਉਣ ਵਾਲਿਆਂ ਨੂੰ ਬੇਨਕਾਬ ਕਰਨ ਵਾਸਤੇ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ।
ਇਹ ਵੀ ਪੜ੍ਹੋ:
ਲਾਰੈਂਸ ਇੰਟਰਵਿਊ ਮਾਮਲਾ: HC ਦੀ ਪੰਜਾਬ ਸਰਕਾਰ ਨੂੰ ਝਾੜ, "ਲਗਦਾ ਹੈ ਕਿ ਜਾਣ-ਬੁੱਝ ਕੇ ਮਾਮਲਾ ਲਟਕਾਇਆ ਜਾ ਰਿਹੈ"
'ਬਠਿੰਡਾ ਪੁਲਿਸ ਮੁਰਦਾਬਾਦ' ਬੈਨਰ ਲੈ ਕੇ SSP ਦਫਤਰ ਪਹੁੰਚਿਆ ਨੌਜਵਾਨ, ਜਾਣੋ ਪੂਰਾ ਮਾਮਲਾ
ਪੰਜਾਬ ਸਰਕਾਰ ਦੀ ਜ਼ਮੀਨ 'ਤੇ ਕਬਜ਼ੇ ਦਾ ਮਾਮਲਾ; AAP ਵਿਧਾਇਕਾ ਨੂੰ ਸੰਮਨ ਜਾਰੀ
-