AAP ਦਾ ਹਿਮਾਚਲ 'ਚ ਨਹੀਂ ਖੁਲ੍ਹਿਆ ਖਾਤਾ, ਗੁਜਰਾਤ 'ਚ 128 ਦੀ ਜ਼ਮਾਨਤ ਜ਼ਬਤ
ਚੰਡੀਗੜ੍ਹ: ਆਮ ਆਦਮੀ ਪਾਰਟੀ ਵੱਲੋਂ ਗੁਜਰਾਤ ਅਤੇ ਹਿਮਾਚਲ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਸਨ। ਵੱਡੇ ਦਾਅਵਿਆਂ ਦੀ ਫੂਕ ਉਦੋਂ ਨਿਕਲੀ ਜਦੋਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਦਾਅਵਿਆ ਦੇ ਬਿਲਕੁੱਲ ਉਲਟ ਆਏ।
ਹਿਮਾਚਲ ਚ ਖਾਤਾ ਵੀ ਨਹੀਂ ਖੋਲ੍ਹ ਸਕਿਆ
ਹਿਮਾਚਲ ਪ੍ਰਦੇਸ਼ ਵਿੱਚ ਪਹਿਲੀ ਵਾਰ ਵਿਧਾਨ ਸਭਾ ਚੋਣ ਲੜਨ ਵਾਲੀ ਆਮ ਆਦਮੀ ਪਾਰਟੀ ਨੂੰ ਸਿਰਫ਼ 1.10 ਫ਼ੀਸਦੀ ਵੋਟਾਂ ਮਿਲੀਆਂ ਅਤੇ ਉਹ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀ। ਦਿੱਲੀ ਅਤੇ ਪੰਜਾਬ ਵਿੱਚ ਰਿਕਾਰਡ ਤੋੜ ਜਿੱਤਾਂ ਦਰਜ ਕਰਨ ਵਾਲੀ ‘ਆਪ’ ਹਿਮਾਚਲ ਵਿੱਚ ਜ਼ੀਰੋ ਹੀ ਨਹੀ ਟੁੱਟ ਸਕੀ ਅਤੇ 67 ਸੀਟਾਂ ’ਤੇ ਖੜ੍ਹੇ ‘ਆਪ’ ਦੇ ਉਮੀਦਵਾਰ ਆਪਣੀ ਜ਼ਮਾਨਤ ਵੀ ਨਹੀਂ ਬਚਾ ਸਕੇ। ਕਈ ਸੀਟਾਂ 'ਤੇ ਇਸ ਨੂੰ NOTA ਨਾਲੋਂ ਘੱਟ ਵੋਟਾਂ ਮਿਲੀਆਂ। ਕੁੱਲ ਮਿਲਾ ਕੇ ਨੋਟਾ ਦੀ ਪ੍ਰਤੀਸ਼ਤਤਾ ਲਗਭਗ 0.60 ਸੀ। ਡਲਹੌਜ਼ੀ, ਕਸੁੰਮਤੀ, ਚੋਪਾਲ, ਅਰਕੀ, ਚੰਬਾ ਅਤੇ ਚੁਰਾਹ ਵਰਗੇ ਹਲਕਿਆਂ ਵਿੱਚ ਲੋਕਾਂ ਨੇ 'ਆਪ' ਨਾਲੋਂ ਨੋਟਾ ਨੂੰ ਜ਼ਿਆਦਾ ਤਰਜੀਹ ਦਿੱਤੀ।
ਗੁਜਰਾਤ ਵਿੱਚ 128 ਸੀਟਾਂ ਉੱਤੇ ਜ਼ਮਾਨਤ ਜ਼ਬਤ
ਗੁਜਰਾਤ 'ਚ ਭਾਜਪਾ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਭਾਜਪਾ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਚੁਟਕੀ ਲੈਂਦੇ ਹੋਏ ਉਨ੍ਹਾਂ ਨੂੰ ਕੱਟੜ ਬੇਈਮਾਨ ਕਰਾਰ ਦਿੱਤਾ ਹੈ। ਭਾਜਪਾ ਪ੍ਰਧਾਨ ਜੇ. ਪੀ. ਨੱਡਾ ਨੇ ਵੀਰਵਾਰ ਨੂੰ ਗੁਜਰਾਤ ਜਿੱਤ ਦੇ ਜਸ਼ਨ ਦੌਰਾਨ ਆਪਣੇ ਸੰਬੋਧਨ 'ਚ ਕਿਹਾ ਕਿ ਆਮ ਆਦਮੀ ਪਾਰਟੀ ਨੇ ਗੁਜਰਾਤ 'ਚ ਜਿੱਤ ਦੀ ਭਵਿੱਖਬਾਣੀ ਕੀਤੀ ਸੀ ਪਰ ਆਮ ਆਦਮੀ ਪਾਰਟੀ ਨੂੰ ਗੁਜਰਾਤ ਦੀਆਂ ਜ਼ਿਆਦਾਤਰ ਸੀਟਾਂ ਉੱਤੇ ਜ਼ਮਾਨਤ ਜਬਤ ਹੋਈ। ਉਨ੍ਹਾਂ ਕਿਹਾ ਕਿ ਹਿਮਾਚਲ ਦੀਆਂ ਕੁਝ ਸੀਟਾਂ 'ਤੇ 'ਆਪ' ਨੂੰ ਨੋਟਾ ਨਾਲੋਂ ਘੱਟ ਵੋਟਾਂ ਮਿਲੀਆਂ ਹਨ। ਜੇਪੀ ਨੱਡਾ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਨਕਾਰ ਦਿੱਤਾ ਹੈ।
ਨੱਡਾ ਨੇ ਕਾਂਗਰਸ 'ਤੇ ਵੀ ਹਮਲਾ ਬੋਲਿਆ
ਗੁਜਰਾਤ 'ਚ ਭਾਜਪਾ ਦੀ ਸ਼ਾਨਦਾਰ ਜਿੱਤ 'ਤੇ ਨੱਡਾ ਨੇ ਕਿਹਾ ਕਿ ਪਾਰਟੀ ਨੂੰ 52.5 ਫੀਸਦੀ ਵੋਟਾਂ ਮਿਲੀਆਂ ਹਨ। ਉਨ੍ਹਾਂ ਕਿਹਾ ਹੈ ਕਿ ਗੁਜਰਾਤ 'ਚ ਅੱਜ ਤੱਕ ਕਿਸੇ ਵੀ ਪਾਰਟੀ ਨੂੰ ਇੰਨੀਆਂ ਵੋਟਾਂ ਅਤੇ ਇੰਨੀਆਂ ਸੀਟਾਂ ਨਹੀਂ ਮਿਲੀਆਂ ਹਨ। ਉਨ੍ਹਾਂ ਕਿਹਾ ਕਾਂਗਰਸ ਪਿਛਲੀ ਵਾਰ 41.4 ਫੀਸਦੀ ਵੋਟਾਂ ਮਿਲੀਆ ਸਨ ਪਰ ਇਸ ਵਾਰ ਘਟ ਕੇ 27.3 ਫੀਸਦੀ ਰਹਿ ਗਿਆ ਹੈ।
- PTC NEWS