ਸ੍ਰੀ ਕੇਸਗੜ੍ਹ ਸਾਹਿਬ ਮੱਥਾ ਟੇਕ ਕੇ ਪਰਤ ਰਹੇ ਲੁਧਿਆਣਾ ਦੇ ਨੌਜਵਾਨਾਂ ਨਾਲ ਵਾਪਰਿਆ ਹਾਦਸਾ, ਇੱਕ ਦੀ ਮੌਤ, 2 ਫੱਟੜ
ਸ੍ਰੀ ਆਨੰਦਪੁਰ ਸਾਹਿਬ (ਬੀ ਐੱਸ ਚਾਨਾ) : ਮਾਤਾ ਨਾਨਕੀ ਹਸਪਤਾਲ ਦੇ ਨਜ਼ਦੀਕ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਮੋਟਰਸਾਈਕਲ 'ਤੇ ਵਾਪਿਸ ਲੁਧਿਆਣਾ ਘਰ ਪਰਤ ਰਹੇ ਨੌਜਵਾਨਾਂ ਨੂੰ ਇੱਕ ਅਣਪਛਾਤੇ ਵਾਹਨ ਵੱਲੋਂ ਪਿੱਛੋਂ ਟੱਕਰ ਮਾਰੀ ਗਈ, ਜਿਸ ਨਾਲ ਮੋਟਰਸਾਈਕਲ ਚਾਲਕ ਨੌਜਵਾਨ ਦੀਪਕ ਕੁਮਾਰ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਪਿੱਛੇ ਬੈਠੇ ਦੋਵੇਂ ਨੌਜਵਾਨ ਫੱਟੜ ਹੋ ਗਏ।
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਚੌਂਕੀ ਇੰਚਾਰਜ ਐਸਆਈ ਜਸਮੇਰ ਸਿੰਘ ਨੇ ਦੱਸਿਆ ਕਿ ਇੱਕ ਵਾਹਨ ਵੱਲੋਂ ਪਿੱਛੋਂ ਟੱਕਰ ਮਾਰਨ ਕਾਰਨ ਮੋਟਰਸਾਈਕਲ ਚਾਲਕ ਮੋਟਰਸਾਈਕਲ ਦਾ ਸੰਤੁਲਨ ਗਵਾ ਬੈਠਾ ਅਤੇ ਉਸਦਾ ਮੋਟਰਸਾਈਕਲ ਨੇੜੇ ਲੱਗੇ ਦਰਖਤ ਵਿੱਚ ਜਾ ਵੱਜਾ। ਉਹਨਾਂ ਦੱਸਿਆ ਕਿ ਇਸ ਦੁਰਘਟਨਾ ਵਿੱਚ ਦੀਪਕ ਕੁਮਾਰ ਦੀ ਮੌਕੇ ਤੇ ਮੌਤ ਹੋ ਗਈ ਅਤੇ ਉਸਦੇ ਦੋਨੋਂ ਸਾਥੀ ਫੱਟੜ ਹੋ ਗਏ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਤਿੰਨੋਂ ਨੌਜਵਾਨ ਸ਼ਿਮਲਾਪੁਰੀ ਲੁਧਿਆਣਾ ਦੇ ਰਹਿਣ ਵਾਲੇ ਹਨ। ਦੀਪਕ ਕੁਮਾਰ ਦੀ ਲਾਸ਼ ਦਾ ਪੋਸਟਮਾਰਟਮ ਕਰਾਉਣ ਤੋਂ ਬਾਅਦ ਉਸ ਦੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ।
- PTC NEWS