Mohali News : 'ਆਪ' ਵਿਧਾਇਕ ਕੁਲਵੰਤ ਸਿੰਘ ਦੇ ਘਰ ਈਡੀ ਵੱਲੋਂ ਮਨੀ ਲਾਂਡਰਿੰਗ ਦੇ ਮਾਮਲੇ ਨੂੰ ਲੈ ਕੇ ਛਾਪੇਮਾਰੀ , ਪਰਿਵਾਰਕ ਮੈਂਬਰਾਂ ਤੋਂ ਕੀਤੀ ਜਾ ਰਹੀ ਪੁੱਛਗਿੱਛ
Mohali News : ਮੋਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਦੇ ਸੈਕਟਰ -94 ਸਥਿਤ ਘਰ 'ਚ ਈਡੀ ਦੀ ਟੀਮ ਪਹੁੰਚੀ ਹੈ। ਈਡੀ ਦੀ ਟੀਮ ਵੱਲੋਂ ਮਣੀ ਲਾਂਡਰਿੰਗ ਦੇ ਮਾਮਲੇ ਨੂੰ ਲੈ ਕੇ ਆਪ ਵਿਧਾਇਕ ਦੇ ਘਰ ਅਤੇ ਉਨ੍ਹਾਂ ਦੇ ਵੱਖ-ਵੱਖ ਠਿਕਾਣਿਆਂ ਦੀ ਤਲਾਸ਼ੀ ਲੈ ਰਹੀ ਹੈ। ਈਡੀ ਦੀ ਟੀਮ ਸਥਾਨਕ ਪੁਲਿਸ ਦੇ ਨਾਲ ਸਵੇਰੇ ਮੋਹਾਲੀ ਦੇ ਜਨਤਾ ਲੈਂਡ ਪ੍ਰਮੋਟਰਜ਼ ਲਿਮਟਿਡ (ਜੇਐਲਪੀਐਲ) ਇਲਾਕੇ ਵਿੱਚ ਵਿਧਾਇਕ ਕੁਲਵੰਤ ਸਿੰਘ ਦੇ ਘਰ ਪਹੁੰਚੀ।
JLPL ਕੁਲਵੰਤ ਸਿੰਘ ਦੀ ਰੀਅਲ ਅਸਟੇਟ ਕੰਪਨੀ ਹੈ। ਈਡੀ ਦੇ ਸੂਤਰਾਂ ਅਨੁਸਾਰ ਕੁਲਵੰਤ ਸਿੰਘ ਇਸ ਸਮੇਂ ਘਰ ਨਹੀਂ ਹਨ ਪਰ ਕੇਂਦਰੀ ਏਜੰਸੀ ਦੀ ਟੀਮ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕਰ ਰਹੀ ਹੈ। ਇਸੇ ਲਈ ਈਡੀ ਦੀ ਛਾਪੇਮਾਰੀ ਚੱਲ ਰਹੀ ਹੈ। ਸੂਤਰਾਂ ਅਨੁਸਾਰ ਇਹ ਛਾਪੇਮਾਰੀ ਪਰਲ ਐਗਰੋਟੈਕ ਕਾਰਪੋਰੇਸ਼ਨ ਲਿਮਟਿਡ (ਪੀਏਸੀਐਲ) ਵਿੱਚ ਹੋਏ ਘੁਟਾਲੇ ਨਾਲ ਸਬੰਧਤ ਹੈ।
ਆਰੋਪ ਹੈ ਕਿ ਪੀਏਸੀਐਲ ਦੇ ਡਾਇਰੈਕਟਰਾਂ ਨੇ ਕਥਿਤ ਤੌਰ 'ਤੇ ਨਿਵੇਸ਼ਕਾਂ ਦੇ ਪੈਸੇ ਨੂੰ ਕਈ ਥਾਵਾਂ 'ਤੇ ਸਥਿਤ ਜਾਅਲੀ ਕੰਪਨੀਆਂ ਨੂੰ ਟ੍ਰਾਂਸਫਰ ਕਰਕੇ ਗਬਨ ਕੀਤਾ ਸੀ। ਫਿਰ ਇਨ੍ਹਾਂ ਪੈਸਿਆਂ ਨੂੰ ਨਕਦੀ ਵਿੱਚ ਕਢਵਾ ਕੇ PACL ਦੇ ਮੁੱਖ ਸਹਿਯੋਗੀਆਂ ਨੂੰ ਸੌਂਪ ਦਿੱਤਾ ਗਿਆ ਅਤੇ ਫਿਰ ਹਵਾਲਾ ਦੇ ਜ਼ਰੀਏ ਭਾਰਤ ਤੋਂ ਬਾਹਰ ਦੀਆਂ ਕੰਪਨੀਆਂ ਨੂੰ ਜਾਇਦਾਦਾਂ ਖਰੀਦਣ ਲਈ ਟ੍ਰਾਂਸਫਰ ਕੀਤਾ ਗਿਆ। ਈਡੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਈਡੀ ਨੇ ਵਿਧਾਇਕ ਕੁਲਵੰਤ ਸਿੰਘ ਦੇ ਸੈਕਟਰ 71 ਸਥਿਤ ਘਰ 'ਤੇ ਛਾਪਾ ਮਾਰਿਆ ਸੀ। ਸ਼ਰਾਬ ਘੁਟਾਲੇ ਦੇ ਮਾਮਲੇ 'ਚ ED ਨੇ ਵਿਧਾਇਕ ਦੇ ਘਰ ਛਾਪਾ ਮਾਰਿਆ ਸੀ। ਇਸ ਤੋਂ ਬਾਅਦ ਉਸ ਤੋਂ ਪੁੱਛਗਿੱਛ ਕੀਤੀ ਗਈ।
- PTC NEWS