AAP ਦੇ ਮੰਤਰੀਆਂ ਨੂੰ ਪਹਿਲਾਂ ਅਸਤੀਫਾ ਦੇਣਾ ਚਾਹੀਦੈ, ਫੇਰ ਚੋਣਾਂ ਲੜਨ: ਚੀਮਾ
ਸ੍ਰੀ ਆਨੰਦਪੁਰ ਸਾਹਿਬ: ਖੁਦ ਨੂੰ ਆਮ ਲੋਕਾਂ ਦੀ ਪਾਰਟੀ ਕਹਾਉਣ ਵਾਲੀ ਆਮ ਆਦਮੀ ਪਾਰਟੀ ਨੂੰ ਲੋਕ ਸਭਾ ਚੋਣਾਂ 'ਚ ਉਤਾਰਨ ਲਈ ਕੋਈ ਆਮ ਘਰ ਦਾ ਉਮੀਦਵਾਰ ਨਹੀਂ ਲੱਭਿਆ, ਇਸੇ ਲਈ ਮੰਤਰੀਆਂ, ਸਾਬਕਾ ਵਿਧਾਇਕਾਂ ਤੇ ਇੱਕ ਕਲਾਕਾਰ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਵੱਲੋਂ ਕੀਤਾ ਗਿਆ। ਚੀਮਾ ਨੇ ਕਿਹਾ ਆਮ ਆਦਮੀ ਪਾਰਟੀ ਵੱਲੋ ਪੰਜ ਮੰਤਰੀਆਂ ਨੂੰ ਲੋਕ ਸਭਾ ਚੋਣਾਂ 2024 (Lok Sabha 2024) ਵਿੱਚ ਉਤਾਰਨ ਨਾਲ ਮੰਤਰੀਆਂ ਦੇ ਵਿਭਾਗਾਂ ਦਾ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ, ਇਸ ਲਈ ਚੋਣ ਲੜਨ ਤੋਂ ਪਹਿਲਾਂ ਇਨ੍ਹਾਂ ਮੰਤਰੀਆਂ ਨੂੰ ਅਸਤੀਫਾ ਦੇਣਾ ਚਾਹੀਦਾ ਹੈ। ਚੀਮਾ ਨੇ ਸਵਾਲ ਪੁੱਛਦੇ ਕਿਹਾ ਕਿ ਢਾਈ ਮਹੀਨੇ ਲਈ ਇਹ ਸਾਰੇ ਉਮੀਦਵਾਰ ਆਪਣੇ ਹਲਕਿਆਂ ਦੇ ਵਿੱਚ ਘੁੰਮਣਗੇ ਤੇ ਇਸ ਸਮੇਂ ਦੌਰਾਨ ਪੰਜਾਬ ਦੀ ਜਨਤਾ ਕਿਸ ਕੋਲ ਜਾ ਕੇ ਆਪਣੇ ਕੰਮ ਕਰਵਾਏਗੀ?
ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਕਾਰ ਸਮਝੌਤੇ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਚੀਮਾ ਨੇ ਕਿਹਾ ਕਿ ਦੋਵੇਂ ਪਾਰਟੀਆਂ ਕੇਂਦਰੀ ਪੱਧਰ 'ਤੇ ਇਕੱਠੀਆਂ ਹਨ, ਇਸ ਲਈ ਸੰਭਵ ਹੀ ਨਹੀਂ ਕਿ ਪੰਜਾਬ ਵਿੱਚ ਉਹ ਅਲੱਗ ਅਲੱਗ ਚੋਣ ਲੜਨ। ਉਨ੍ਹਾਂ ਕਿਹਾ ਖੁੱਲੇ ਰੂਪ ਵਿੱਚ ਨਹੀਂ ਸਗੋਂ ਲੁਕਵੇਂ ਰੂਪ ਦੇ ਵਿੱਚ ਦੋਵੇਂ ਪਾਰਟੀਆਂ ਇਕੱਠੇ ਹੋ ਕੇ ਚੋਣ ਲੜ ਰਹੀਆਂ ਹਨ। ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ ਤੇ ਭਾਜਪਾ ਨਾਲ ਚੋਣ ਸਮਝੌਤੇ ਬਾਰੇ ਸਥਿਤੀ ਆਉਣ ਵਾਲੇ ਦਿਨਾਂ ਵਿੱਚ ਸਾਫ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਸ਼੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਉਹ ਪਹਿਲਾਂ ਵੀ ਚੋਣ ਲੜ ਚੁੱਕੇ ਹਨ ਤੇ ਇਸ ਵਾਰ ਵੀ ਉਹ ਪਾਰਟੀ ਕੋਲੋਂ ਟਿਕਟ ਦੀ ਮੰਗ ਕਰਨਗੇ।
ਡਾਕਟਰ ਚੀਮਾ ਨੇ ਚੰਡੀਗੜ੍ਹ ਵਿਖੇ ਹੋਣ ਵਾਲੀ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਸ਼੍ਰੋਮਣੀ ਵੱਲੋਂ ਲੋਕ ਸਭਾ ਚੋਣਾਂ ਦੇ ਸਬੰਧੀ, ਤੇ ਸੂਬੇ ਦੇ ਰਾਜਨੀਤਿਕ ਹਾਲਾਤਾਂ ਸਬੰਧੀ ਵਿਚਾਰਾਂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਦੇ ਰਾਜ ਹੇਠ ਸੂਬਾ ਬੇਹਦ ਮਾੜੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ ਇਸਨੂੰ ਲੈਕੇ ਕਿ ਕਿ ਸਟਰੈਟਜੀ ਦੇ ਤਹਿਤ ਕੰਮ ਕੀਤਾ ਜਾਵੇ ਇਹ ਵਿਚਾਰਾਂ ਵੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਵਿਚਾਰੀਆਂ ਜਾਣਗੀਆਂ।
ਇਸ ਮੌਕੇ ਅਕਾਲੀ ਦਲ ਯੂਥ ਵਿੰਗ ਦੇ ਸੂਬਾਈ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੌਮੀ ਤਿਉਹਾਰ ਹੋਲਾ ਮਹੱਲਾ ਮੌਕੇ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਵੱਲੋਂ 'ਮੇਰੀ ਦਸਤਾਰ ਮੇਰੀ ਸ਼ਾਨ ਮਹਿਮ ਰਾਹੀਂ' ਦਸਤਾਰ ਅਤੇ ਸਿੱਖੀ ਨਾਲ ਜੋੜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਯੂਥ ਅਕਾਲੀ ਦਲ ਵੱਲੋਂ ਵੱਖ-ਵੱਖ ਸਥਾਨਾਂ ਤੇ ਇਸ ਮੁਹਿੰਮ ਦੇ ਤਹਿਤ ਕੈਂਪ ਲਗਾਏ ਗਏ ਅਤੇ ਨੌਜਵਾਨਾਂ ਵਿੱਚ ਦਸਤਾਰ ਅਤੇ ਸਿੱਖੀ ਪ੍ਰਤੀ ਚੇਤਨਾ ਪੈਦਾ ਕੀਤੀ ਗਈ। ਉਨ੍ਹਾਂ ਕਿਹਾ ਜਿੱਥੇ ਪਹਿਲੇ ਉਪਰਾਲੇ ਸਾਰਥਕ ਨਤੀਜੇ ਦੇ ਰਹੇ ਹਨ ਉਥੇ ਹੀ ਇਸ ਵਾਰ ਹੋਲੇ ਮਹੱਲੇ ਤੇ ਯੂਥ ਅਕਾਲੀ ਦਲ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ ਤੇ ਹੁਣ ਆਸ ਪ੍ਰਗਟ ਕੀਤੀ ਕੇ ਵੱਧ ਤੋਂ ਵੱਧ ਨੌਜਵਾਨ ਇਸ ਮੁਹਿੰਮ ਦਾ ਹਿੱਸਾ ਬਣਨਗੇ।
-