AAP Government ਵੱਲੋਂ 25 ਹਜ਼ਾਰ ਤਖ਼ਤੀਆਂ ਲਾਉਣਾ ਅਤੇ ਇਹਨਾਂ ਦੇ ਉਦਘਾਟਨ ਵਾਸਤੇ ਸਮਾਗਮ ਕਰਨ ਦਾ ਫੈਸਲਾ ਇਕ ਵੱਡਾ ਘੁਟਾਲਾ : ਸ਼੍ਰੋਮਣੀ ਅਕਾਲੀ ਦਲ
Shiromani Akali Dal News : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿਚ ਹੋਏ ਛੋਟੇ ਮੋਟੇ ਕੰਮਾਂ ਦੇ ਉਦਘਾਟਨ ਵਾਸਤੇ 25 ਹਜ਼ਾਰ ਤਖ਼ਤੀਆਂ ਲਾਉਣਾ ਅਤੇ ਇਹਨਾਂ ਦੇ ਉਦਘਾਟਨੀ ਸਮਾਗਮ ਕਰਵਾਉਣਾ ਅਤੇ ਛੋਟੇ ਮੋਟੇ ਕੰਮਾਂ ’ਤੇ 1 ਹਜ਼ਾਰ ਕਰੋੜ ਰੁਪਏ ਦਾ ਖਰਚਾ ਕਰਨਾ ਆਪਣੇ ਆਪ ਵਿਚ ਇਕ ਘੁਟਾਲਾ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਪਾਰਟੀ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਛੋਟੇ ਮੋਟੇ ਕੰਮਾਂ ਦੀ ਜ਼ਿੰਮੇਵਾਰੀ ਦੇ ਨਾਲ ਨਾਲ ਟਰੱਕ ਭਰ ਕੇ ਤਖ਼ਤੀਆਂ ਲਿਆਉਣ ਤੇ ਮਾਪੇ-ਅਧਿਆਪਕ ਮਿਲਣੀਆਂ ਕਰਵਾ ਕੇ ਇਹਨਾਂ ਪ੍ਰਾਜੈਕਟਾਂ ਦੀ ਦਿੱਲੀ ਦੇ ਆਗੂਆਂ ਜਿਹਨਾਂ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਹਨ ਤੇ ਜਿਹਨਾਂ ਨੇ ਵੱਖ-ਵੱਖ ਕੰਮਾਂ ਵਾਸਤੇ ਜੇਲ੍ਹ ਵੀ ਭੁਗਤੀ ਹੈ, ਤੋਂ ਉਦਘਾਟਨ ਕਰਵਾਉਣ ਦੀ ਜ਼ਿੰਮੇਵਾਰੀ ਅਧਿਆਪਕਾਂ ਨੂੰ ਸੌਂਪੀ ਹੈ। ਉਹਨਾਂ ਕਿਹਾ ਕਿ ਆਪ ਸਰਕਾਰ ਦੇ ਸੂਬਾ ਵਿਧਾਨ ਸਭਾ ਵਿਚ 92 ਵਿਧਾਇਕ ਹਨ ਪਰ ਇਸਨੇ ਕਿਸੇ ਨੂੰ ਵੀ ਇਸ ਕੰਮ ਦੀ ਅਗਵਾਈ ਦੇ ਯੋਗ ਨਹੀਂ ਸਮਝਿਆ ਅਤੇ ਇਹ ਜ਼ਿੰਮੇਵਾਰੀ ਦਿੱਲੀ ਦੇ ਆਗੂ ਮਨੀਸ਼ ਸਿਸੋਦੀਆ ਤੇ ਹੋਰਨਾਂ ਨੂੰ ਸੌਂਪ ਦਿੱਤੀ ਹੈ।
ਉਹਨਾਂ ਕਿਹਾ ਕਿ ਸੂਬੇ ਦਾ ਮੁੱਖ ਮੰਤਰੀ ਸਕੂਲਾਂ ਤੇ ਹਸਪਤਾਲਾਂ ਦੇ ਦੌਰੇ ਕਰਨ ਵਾਲੇ ਦਿੱਲੀ ਦੇ ਆਗੂਆਂ ਦੀ ਐਸਕਾਰਟ ਕਰਨ ਜੋਗਾ ਰਹਿ ਗਿਆ ਹੈ। ਉਹਨਾਂ ਕਿਹਾ ਕਿ ਇਹ ਬਾਹਰੀ ਲੋਕ ਜਿਹਨਾਂ ਦਾ ਪ੍ਰਸ਼ਾਸਨ ਵਿਚ ਕੋਈ ਵੀ ਯੋਗਦਾਨ ਨਹੀਂ ਹੈ, ਸਕੂਲ ਤੇ ਹਸਪਤਾਲ ਚਲਾਉਣ ਵਾਸਤੇ ਨੀਤੀਆਂ ਘੜ ਰਹੇ ਹਨ।
ਡਾ. ਚੀਮਾ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਸਕੀਮ ਹੋਰ ਕੁਝ ਨਹੀਂ ਬਲਕਿ ਸੂਬੇ ਦੇ ਟੈਕਸ ਦਾਤਿਆਂ ਦੇ ਪੈਸੇ ਦੀ ਦਿੱਲੀ ਦੇ ਤਖ਼ਤ ਦੇ ਕਦਮਾਂ ਵਿਚ ਬਰਬਾਦੀ ਹੈ। ਉਹਨਾਂ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਦਿੱਲੀ ਦਾ ਸਿੱਖਿਆ ਮਾਡਲ ਫੇਲ੍ਹ ਮਾਡਲ ਹੈ। ਉਹਨਾਂ ਕਿਹਾ ਕਿ ਇਸ ਫੇਲ੍ਹ ਮਾਡਲ ਨੂੰ ਪੰਜਾਬ ਵਿਚ ਲਾਗੂ ਕਰਵਾਉਣਾ ਹੋਰ ਕੁਝ ਨਹੀਂ ਬਲਕਿ ਨਿਰਾ ਭ੍ਰਿਸ਼ਟਾਚਾਰ ਹੈ।
ਅਕਾਲੀ ਆਗੂ ਨੇ ਛੋਟੇ ਛੋਟੇ ਕੰਮਾਂ ਵਾਸਤੇ ਵੀ ਤਖ਼ਤੀਆਂ ਲਾਉਣ ਲਈ ਸਰਕਾਰੀ ਅਧਿਆਪਕਾਂ ਨੂੰ ਮਜਬੂਰ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ ਅਤੇ ਕਿਹਾ ਕਿ ਇਹ ਸੂਬੇ ਦੇ ਬੇਸ਼ਕੀਮਤੀ ਸਰੋਤ ਖ਼ਰਾਬ ਕਰਨ ਵਾਲੀ ਗੱਲ ਹੈ ਜਦੋਂ ਕਿ ਇਹਨਾਂ ਦੀ ਵਰਤੋਂ 60 ਹਜ਼ਾਰ ਆਸਾਮੀਆਂ ਭਰ ਕੇ ਸਰਕਾਰੀ ਸਕੂਲਾਂ ਵਿਚ ਆਧੁਨਿਕ ਸਿੱਖਿਆ ਯੰਤਰ ਸ਼ੁਰੂ ਕਰਨ ਵਾਸਤੇ ਵੀ ਕੀਤੀ ਜਾ ਸਕਦੀ ਸੀ।
ਡਾ. ਚੀਮਾ ਨੇ ਆਪ ਸਰਕਾਰ ਵੱਲੋਂ ਅਧਿਆਪਕਾਂ ਨੂੰ ਸਰਕਾਰ ਦੇ ਸੋਸ਼ਲ ਮੀਡੀਆ ਵਰਕਰ ਬਣਨ ਲਈ ਮਜਬੂਰ ਕਰਨ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਅਧਿਆਪਕਾਂ ਨੂੰ ਆਖਿਆ ਗਿਆ ਹੈ ਕਿ ਉਹ ਟਵਿੱਟਰ ਤੇ ਫੇਸਬੁੱਕ ’ਤੇ ਆਪਣੇ ਖ਼ਾਤੇ ਖੋਲ੍ਹਣ ਅਤੇ ਆਪ ਸਰਕਾਰ ਦੀਆਂ ਪੋਸਟਾਂ ਹੈਸ਼ਟੈਗ ਲਗਾ ਕੇ ਸ਼ੇਅਰ ਕਰਨ ਤਾਂ ਜੋ ਹਰ ਮੁਹਾਜ਼ ’ਤੇ ਸਰਕਾਰ ਦੀ ਅਸਫਲਤਾ ਤੋਂ ਲੋਕਾਂ ਦਾ ਧਿਆਨ ਪਾਸੇ ਕੀਤਾ ਜਾ ਸਕੇ।
ਉਹਨਾਂ ਕਿਹਾ ਕਿ ਮੈਂ ਸਮੂਹ ਪੰਜਾਬੀਆਂ ਨੂੰ ਅਪੀਲ ਕਰਦਾ ਹਾਂ ਕਿ ਸਿੱਖਿਆ ਖੇਤਰ ਦੀ ਰਾਖੀ ਵਾਸਤੇ ਇਕਜੁੱਟ ਹੋਣ ਅਤੇ ਅਜਿਹੇ ਸਟੰਟ ਰਾਹੀਂ ਆਪ ਸਰਕਾਰ ਨੂੰ ਇਸ ਸੈਕਟਰ ਤਬਾਹ ਕਰਨ ਤੋਂ ਰੋਕਣ ਵਾਸਤੇ ਸਾਥ ਦੇਣ।
ਇਹ ਵੀ ਪੜ੍ਹੋ : Shiromani Gurdwara Parbandhak Committee ਵੱਲੋਂ ਖਾਲਸਾ ਸਾਜਣਾ ਦਿਵਸ ਮੌਕੇ 1942 ਸ਼ਰਧਾਲੂਆਂ ਦਾ ਜਥਾ ਜਾਵੇਗਾ ਪਾਕਿਸਤਾਨ
- PTC NEWS