'ਆਪ' ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੇ ਆਪਣੀ ਹੀ ਸਰਕਾਰ ਦੀ ਕਾਰਜਗੁਜ਼ਾਰੀ 'ਤੇ ਚੁੱਕਿਆ ਸਵਾਲ
ਅੰਮ੍ਰਿਤਸਰ: ਪੰਜਾਬ ਦੇ ਸਾਬਕਾ ਮੰਤਰੀ ਇੰਦਰਬੀਰ ਸਿੰਘ ਨਿੱਝਰ ਨੇ ਵੀਰਵਾਰ ਨੂੰ ਸਕੂਲ ਆਫ਼ ਐਮੀਨੈਂਸ ਬਾਰੇ ਇੱਕ ਟਵੀਟ ਕੀਤਾ ਜਿਸ 'ਤੇ ਸਾਬਕਾ ਆਈ.ਪੀ.ਐਸ ਅਧਿਕਾਰੀ ਅਤੇ ਅੰਮ੍ਰਿਤਸਰ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੇ ਇਸ ਤੇ ਵੱਡੇ ਸਵਾਲੀਆ ਨਿਸ਼ਾਨ ਖੜੇ ਕੀਤੇ ਹਨ।
ਕੁੰਵਰ ਵਿਜੇ ਪ੍ਰਤਾਪ ਨੇ ਕਿਹਾ ਕਿ ਦਿੱਗਜ ਆਗੂ ਸਤਪਾਲ ਡਾਂਗ ਨੇ ਸਕੂਲ ਦੀ ਕਾਇਆ ਕਲਪ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਹਾਲ ਹੀ ਵਿੱਚ ਸਕੂਲ ਦਾ ਦੌਰਾ ਕੀਤਾ ਸੀ ਅਤੇ ਇਸ ਸਕੂਲ ਦੇ ਨਤੀਜੇ ਹਮੇਸ਼ਾ ਚੰਗੇ ਆਉਂਦੇ ਹਨ।
ਅੰਮ੍ਰਿਤਸਰ ਉੱਤਰੀ ਤੋਂ ਵਿਧਾਇਕ ਵੱਲੋਂ ਆਪਣੀ ਹੀ ਪਾਰਟੀ ਦੀ ਸਰਕਾਰ ਦੀ ਇਹ ਆਲੋਚਨਾ ਉਸ ਦਿਨ ਸਾਹਮਣੇ ਆਈ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਦੋਵੇਂ ਅੰਮ੍ਰਿਤਸਰ ਵਿੱਚ ਹਨ ਅਤੇ ਵੀਰਵਾਰ ਨੂੰ ਇੱਥੇ ਇੱਕ ਉਦਯੋਗਿਕ ਮੀਟਿੰਗ ਕਰਨ ਵਾਲੇ ਹਨ। ਜਿਸ ਮਗਰੋਂ ਸੱਤਾ ਦੇ ਗਲਿਆਰਿਆਂ 'ਚ ਹੜਕੰਪ ਮੱਚ ਗਿਆ।
ਆਪ ਆਗੂ ਡਾ. ਇੰਦਰਬੀਰ ਸਿੰਘ ਨਿੱਝਰ ਨੇ ਆਪਣੀ ਪੋਸਟ 'ਚ ਲਿਖਿਆ "ਪੰਜਾਬ ਦੀ ਸਿੱਖਿਆ ਕ੍ਰਾਂਤੀ ਵਿੱਚ ਨਵੇਕਲੀ ਪਹਿਲ।"
ਜਿਸ ਤੇ ਤਨਜ਼ ਕਸਦਿਆਂ ਕੁੰਵਰ ਵਿਜੇ ਪ੍ਰਤਾਪ ਨੇ ਕਮੈਂਟ ਕਰਦਿਆਂ ਲਿਖਿਆ, "ਡਾਕਟਰ ਸਾਹਬ ਤੁਹਾਨੂੰ ਵੀ ਬਹੁਤ ਬਹੁਤ ਵਧਾਈ ਹੋਵੇ ਜੀ, ਇਹ ਸਕੂਲ ਮੈਨੂੰ ਵੀ ਜ਼ਰੂਰ ਦਿਖਾਵੋ, ਜੇਕਰ ਇਹ ਨਵਾਂ ਬਣਿਆ ਹੋਵੇ। ਜਿੱਥੇ ਤੱਕ ਮੈਨੂੰ ਪਤਾ ਹੈ ਇਹ ਪਹਿਲਾਂ ਤੋਂ ਹੀ ਇਕ ਬੇਹਤਰੀਨ ਸਕੂਲ ਹੈ ਅਤੇ ਇਸਨੂੰ ਸਮਾਰਟ ਸਕੂਲ ਪਹਿਲਾਂ ਹੀ ਬਣਾ ਦਿੱਤਾ ਗਿਆ ਸੀ ਪਿਛਲੀਆਂ ਸਰਕਾਰਾਂ ਵੱਲੋਂ। ਇਸ ਸਕੂਲ ਵਿੱਚ ਮੈਨੂੰ ਵੀ ਜਾਣ ਦਾ ਮੌਕਾ ਮਿਲਿਆ ਹੈ ਕਈ ਮੌਕਿਆਂ ਤੇ। ਇਹ ਜਰੂਰ ਹੈ ਕਿ ਕੁਛ ਨਵੇਂ ਰੇਨੋਵੇਸ਼ਨਸ ਹੁਣ ਕਰਾਏ ਗਏ ਹਨ। ਜਿੱਥੇ ਤਕ ਮੈਨੂੰ ਪਤਾ ਹੈ ਸ੍ਰੀ ਸਤਪਾਲ ਡਾਂਗ ਜੀ ਨੇ ਇਸ ਸਕੂਲ ਦੀ ਕਾਇਆ ਪਲਟ ਕੀਤੀ ਸੀ। ਓਹਨਾਂ ਦੀ ਭਤੀਜੀ ਮਧੂ ਡਾਂਗ ਜੀ ਨੇ ਹਾਲ ਦੇ ਵਿੱਚ ਹੀ ਇਕ ਫੰਕਸ਼ਨ ਇਥੇ ਕਰਾਏ ਸੀ ਜਿੱਥੇ ਮੈਨੂੰ ਵੀ ਜਾਣ ਦਾ ਮੌਕਾ ਮਿਲਿਆ ਸੀ। Result ਇਸ ਸਕੂਲ ਦੇ ਬਹੁਤ ਹੀ ਬੇਹਤਰੀਨ ਹੁੰਦੇ ਨੇ, ਕਾਫੀ ਸਮਾਂ ਤੋਂ ਮੈਂ ਵੇਖ ਰਿਹਾ ਹਾਂ। ਅਸੀਂ ਤਾਂ ਨਵੇਂ ਬੇਹਤਰੀਨ ਸਕੂਲ ਬਣਾਉਣ ਦੇ ਵਾਇਦੇ ਕੀਤੇ ਸੀ। ਕਿਰਪਾ ਕਰ ਕੇ ਚਾਨਣਾ ਪਾਵੋ ਜੀ।"
ਜਦੋਂ ਤੋਂ 'ਆਪ' ਸਰਕਾਰ ਨੇ ਰਾਜ ਦੀ ਵਾਗਡੋਰ ਸੰਭਾਲੀ ਹੈ ਕੁੰਵਰ ਵਿਜੇ ਪ੍ਰਤਾਪ ਵੱਖ-ਵੱਖ ਮੁੱਦਿਆਂ ਅਤੇ 2015 ਦੇ ਬੇਅਦਬੀ ਮਾਮਲਿਆਂ ਦੀ ਜਾਂਚ ਦੀ ਦਿਸ਼ਾ ਦੇ ਮੁੱਦੇ 'ਤੇ ਸਰਕਾਰ ਦੀ ਆਲੋਚਨਾ ਕਰਦੇ ਰਹੇ ਹਨ। ਇਸ ਸਾਲ ਦੇ ਸ਼ੁਰੂ ਵਿੱਚ ਵਿਧਾਇਕ ਨੇ ਸਰਕਾਰੀ ਭਰੋਸਾ ਬਾਰੇ ਵਿਧਾਨ ਸਭਾ ਕਮੇਟੀ ਤੋਂ ਵੀ ਅਸਤੀਫ਼ਾ ਦੇ ਦਿੱਤਾ ਸੀ, ਜੋ ਬੇਅਦਬੀ ਦੇ ਮਾਮਲਿਆਂ ਦੀ ਜਾਂਚ ਦੀ ਸਮੀਖਿਆ ਕਰਨ ਲਈ ਬਣਾਈ ਗਈ ਸੀ।
ਦੱਸਣਯੋਗ ਹੈ ਕਿ ਸਾਬਕਾ ਆਈ.ਪੀ.ਐਸ ਅਧਿਕਾਰੀ ਜਦੋਂ ਸੇਵਾ ਵਿੱਚ ਸਨ ਤਾਂ ਉਹ ਸਾਲ 2015 ਦੇ ਕੋਟਕਪੂਰਾ ਗੋਲੀਬਾਰੀ ਮਾਮਲੇ ਦੀ ਜਾਂਚ ਲਈ ਬਣਾਈ ਗਈ ਐਸ.ਆਈ.ਟੀ ਦਾ ਹਿੱਸਾ ਵੀ ਸਨ।
- PTC NEWS