Murder In Sultanpur Lodhi : 2 ਮਹੀਨੇ ਪਹਿਲਾਂ ਵਿਦੇਸ਼ ਤੋਂ ਆਏ ਨੌਜਵਾਨ ਦਾ ਬੇਰਹਿਮੀ ਨਾਲ ਕਤਲ; ਦੋਸਤਾਂ ’ਤੇ ਲੱਗਿਆ ਇਲਜ਼ਾਮ
Murder In Sultanpur Lodhi : ਕਿਸੇ ਨੇ ਠੀਕ ਹੀ ਕਿਹਾ ਹੈ ਕਿ ਦੋਸਤ ਬਣਾਉਣ ਸਮੇਂ ਸਾਵਧਾਨ ਨਾ ਰਹਿਣ ਵਾਲਿਆਂ ਨੂੰ ਭਵਿੱਖ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦੈ। ਅਜਿਹਾ ਇੱਕ ਵਰਤਾਰਾ ਸੁਲਤਾਨਪੁਰ ਲੋਧੀ ਤੋਂ ਨਿਕਲ ਕੇ ਸਾਹਮਣੇ ਆਇਆ ਹੈ। ਖ਼ਬਰ ਬੇਹੱਦ ਦੁਖਦਾਈ ਹੈ। ਜਿਨਾਂ ਦੋਸਤਾਂ ਤੇ ਇੱਕ ਨੌਜਵਾਨ ਨੂੰ ਭਰੋਸਾ ਸੀ, ਉਨ੍ਹਾਂ ਦੋਸਤਾਂ ਨੇ ਹੀ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਜਾਣਕਾਰੀ ਅਨੁਸਾਰ ਕਿ ਜਸਵਿੰਦਰ ਸਿੰਘ ਜੋ ਕਿ ਦੁਬਈ ਤੋਂ ਕਰੀਬ ਦੋ ਮਹੀਨੇ ਪਹਿਲਾਂ ਹੀ ਘਰ ਆਇਆ ਸੀ। ਉਸਦਾ ਉਸਦੇ ਹੀ ਦੋਸਤਾਂ ਵੱਲੋਂ ਬੇਰਹਮੀ ਨਾਲ ਕਤਲ ਕਰ ਦਿੱਤਾ ਗਿਆ।
ਮਾਮਲੇ ਸਬੰਧੀ ਮ੍ਰਿਤਕ ਦੇ ਭਰਾ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਜਸਵਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਉਮਰ 29 ਸਾਲ ਵਾਸੀ ਪਿੰਡ ਕੁਤਬੇਵਾਲ ਥਾਣਾ ਲੋਹੀਆਂ ਜ਼ਿਲ੍ਹਾ ਜਲੰਧਰ ਜੋਂ ਕਿ 2 ਮਹੀਨੇ ਪਹਿਲਾਂ ਦੁਬਈ ਤੋਂ ਆਇਆ ਸੀ ਅਤੇ ਉਸ ਦੇ ਦੋਸਤ ਉਸ ਨੂੰ ਘਰੋਂ ਆਕੇ ਲੈ ਜਾਂਦੇ ਹਨ ਅਤੇ ਜਿਸ ਤੋ ਬਾਅਦ ਉਸਦਾ ਇਕ ਦੋਸਤ ਪਰਿਵਾਰ ਨੂੰ ਫੋਨ ਕਰਕੇ ਜਾਣਕਾਰੀ ਦਿੰਦਾ ਹੈ ਕਿ ਤੁਹਾਡਾ ਮੁੰਡਾ ਵੱਢ ਦਿੱਤਾ ਹੈ, ਉਸਦਾ ਇਲਾਜ ਕਰਵਾ ਲਓ।
ਹਰਵਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਜਦੋਂ ਉਹ ਮੌਕੇ ’ਤੇ ਪਹੁੰਚਦੇ ਹਨ ਤਾਂ ਜਸਵਿੰਦਰ ਸਿੰਘ ਗੰਭੀਰ ਹਾਲਤ ਚ ਖੂਨ ਨਾਲ ਲੱਥ ਪੱਥ ਪਿੰਡ ਜੱਬੋਵਾਲ-ਰਾਮੇ ਮਾਰਗ ਦੇ ਖੇਤਾਂ 'ਚ ਪਿਆ ਹੋਇਆ ਮਿਲਿਆ ਅਤੇ ਉਸਦੇ ਸਰੀਰ ਤੇ ਤੇਜਧਾਰ ਹਥਿਆਰਾਂ ਦੇ ਨਾਲ ਵਾਰ ਕੀਤੇ ਹੋਏ ਸਨ।
ਉਨ੍ਹਾਂ ਨੇ ਕਿਹਾ ਕਿ ਅਸੀਂ ਉਸਨੂੰ ਤੁਰੰਤ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਇਲਾਜ ਲਈ ਲਿਆਂਦਾ। ਜਿੱਥੇ ਡਾਕਟਰਾਂ ਨੇ ਥੋੜਾ ਸਮਾਂ ਇਲਾਜ ਕਰਨ ਮਗਰੋਂ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਉਨ੍ਹਾਂ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਜਸਵਿੰਦਰ ਸਿੰਘ ਦਾ ਉਸ ਦੇ ਦੋਸਤਾਂ ਨੇ ਬੇਰਹਿਮੀ ਦੇ ਨਾਲ ਕਤਲ ਕੀਤਾ ਹੈ।
ਉਨ੍ਹਾਂ ਵਲੋਂ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ। ਉਧਰ ਜਦੋਂ ਇਸ ਘਟਨਾ ਦਾ ਥਾਣਾ ਸੁਲਤਾਨਪੁਰ ਲੋਧੀ ਪੁਲਿਸ ਨੂੰ ਪਤਾ ਲੱਗਾ ਤਾਂ ਮੌਕੇ ’ਤੇ ਥਾਣਾ ਮੁਖੀ ਇੰਸਪੈਕਟਰ ਹਰਗੁਰਦੇਵ ਸਿੰਘ ਪੁਲਿਸ ਪਾਰਟੀ ਨਾਲ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
- PTC NEWS