ਅੰਮ੍ਰਿਤਸਰ ਵਿਖੇ ਇਮਾਰਤ ਨੂੰ ਲੱਗੀ ਭਿਆਨਕ ਅੱਗ, ਝੁਲਸਣ ਨਾਲ ਇਕ ਵਿਅਕਤੀ ਦੀ ਮੌਤ
ਅੰਮ੍ਰਿਤਸਰ : ਅ੍ਰੰਮਿਤਸਰ ਦੇ ਚੌਕ ਬਾਬਾ ਸਾਹਿਬ ਵਿਚ ਤੜਕੇ ਇਕ ਇਮਾਰਤ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ। ਹੇਠਾਂ ਦੁਕਾਨਾਂ ਵਿਚ ਅੱਗ ਲੱਗਣ ਕਾਰਨ ਉਪਰ ਬਣੇ ਘਰ ਅੱਗ ਦੀ ਬੁਰੀ ਤਰ੍ਹਾਂ ਲਪੇਟ ਵਿਚ ਆ ਗਏ ਹਨ। ਇਸ ਅੱਗ ਵਿਚ ਕੁਝ ਲੋਕਾਂ ਦੇ ਫਸੇ ਹੋਣ ਦੀ ਸੂਚਨਾ ਹੈ। ਅੱਗ ਇੰਨੀ ਭਿਆਨਕ ਸੀ ਕਿ ਨਾਲ ਲੱਗਦੀਆਂ ਇਮਾਰਤਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਇਸ ਕਾਰਨ ਡਰੇ ਹੋਏ ਲੋਕ ਬਾਹਰ ਨਿਕਲ ਆਏ।
ਜਾਣਕਾਰੀ ਅਨੁਸਾਰ ਅੱਗ ਲੱਗਣ ਦੀ ਘਟਨਾ ਲਗਭਗ ਤੜਕੇ 3 ਵਾਪਰੀ ਅਤੇ ਤੁਰੰਤ ਫਾਇਰ ਵਿਭਾਗ ਨੂੰ ਇਸ ਦੀ ਸੂਚਨਾ ਦਿੱਤੀ ਗਈ। ਸੂਚਨਾ ਮਿਲਣ ਉਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਉਤੇ ਪੁੱਜ ਗਈਆਂ ਅਤੇ ਅੱਗ ਉਤੇ ਭਾਰੀ ਮੁਸ਼ੱਕਤ ਨਾਲ ਕਾਬੂ ਪਾਇਆ ਗਿਆ।
ਅੱਗ ਨਾਲ ਝੁਲਸਣ ਕਾਰਨ ਇਕ ਵਿਅਕਤੀ ਦੀ ਮੌਤ ਦੀ ਪੁਸ਼ਟੀ ਹੋਈ ਹੈ। ਮਨਿਆਰੀ ਦੀ ਦੁਕਾਨ ਦੇ ਮਾਲਕ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਦੁਕਾਨ ਦੇ ਉੱਪਰ ਉਸ ਦੀ ਰਿਹਾਇਸ਼ ਹੈ। ਕੁਲਵਿੰਦਰ ਨੇ ਅੱਗੇ ਦੱਸਿਆ ਕਿ ਉਸ ਸਾਲਾ ਪਰਮਜੀਤ ਤੇ ਦੁਕਾਨ ਉਤੇ ਕੰਮ ਕਰਨ ਵਾਲਾ ਕਰਿੰਦਾ ਦੁਕਾਨਾਂ ਦੇ ਉਪਰ ਰਹਿੰਦੇ ਸਨ। ਅੱਗ ਲੱਗਣ ਕਾਰਨ ਪਰਮਜੀਤ ਸਿੰਘ ਸਰੀਰ ਭਾਰਾ ( 150 ਕਿਲੋ ਦੇ ਕਰੀਬ ) ਹੋਣ ਕਾਰਨ ਭੱਜ ਨਹੀਂ ਸਕਿਆ ਜਦਕਿ ਨਾਲ ਰਹਿ ਰਿਹਾ ਕਰਿੰਦਾ ਭੱਜ ਕੇ ਉਪਰਲੀ ਮੰਜ਼ਿਲ ਉਤੇ ਚਲਾ ਗਿਆ।
ਮ੍ਰਿਤਕ ਦੀ ਪਛਾਣ ਪਰਮਜੀਤ ਸਿੰਘ ਉਮਰ 50 ਸਾਲ ਵਜੋਂ ਹੋਈ।ਅੱਗ ਉਤੇ ਕਾਬੂ ਪਾਉਣ ਲਈ ਗੁਰਦੁਆਰਾ ਬਾਬਾ ਅੱਟਲ ਰਾਏ ਸਾਹਿਬ ਦੇ ਸਰੋਵਰ ਵਿਚੋਂ ਜਲ ਲਿਆਂਦਾ ਗਿਆ।
ਇਹ ਵੀ ਪੜ੍ਹੋ : ਹਰੇਕ ਖੇਤਰ ਦਾ ਵਿਆਪਕ ਵਿਕਾਸ ਹੋਣ ਨਾਲ ਇਕ ਸਾਲ ਵਿਚ ਕੋਹਿਨੂਰ ਹੀਰੇ ਵਾਂਗ ਚਮਕੇਗਾ ਪੰਜਾਬ: ਮੁੱਖ ਮੰਤਰੀ
ਸੂਚਨਾ ਅਨੁਸਾਰ ਅੱਗ ਮਨਿਆਰੀ ਦੀ ਦੁਕਾਨ ਤੋਂ ਫੈਲੀ ਸੀ ਤੇ ਨਾਲ ਲੱਗਦੀਆਂ ਦੋ ਦੁਕਾਨਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਸੀ। ਅੱਗ ਲੱਗਣ ਕਾਰਨ ਲੱਖਾਂ ਰੁਪਏ ਮਾਲੀ ਨੁਕਸਾਨ ਹੋ ਗਿਆ।
- PTC NEWS