ਬਠਿੰਡਾ 'ਚ ਚੱਲਦੀ ਵੈਨ 'ਚੋਂ ਡਿੱਗੀ ਵਿਦਿਆਰਥਣ, ਵੱਡਾ ਹਾਦਸਾ ਟਲਿਆ
ਬਠਿੰਡਾ : ਪੰਜਾਬ ਦੇ ਬਠਿੰਡਾ ਵਿੱਚ ਚੱਲਦੀ ਸਕੂਲ ਵੈਨ ਤੋਂ ਇਕ ਬੱਚੀ ਡਿੱਗ ਗਈ। ਖੁਸ਼ਕਿਸਮਤੀ ਨਾਲ ਵੱਡਾ ਹਾਦਸਾ ਹੋਣੋਂ ਬਚ ਗਿਆ। ਜਾਣਕਾਰੀ ਮੁਤਾਬਕ ਪਿੰਡ ਕੋਠਾ ਗੁਰੂ 'ਚ ਇਕ ਨਿੱਜੀ ਸਕੂਲ ਦੀ ਵੈਨ ਬੱਚਿਆਂ ਨੂੰ ਲੈ ਕੇ ਸਕੂਲ ਜਾ ਰਹੀ ਸੀ। ਇਸ ਦੌਰਾਨ ਦਰਵਾਜ਼ਾ ਖੁੱਲ੍ਹਾ ਹੋਣ ਕਾਰਨ ਇਕ ਲੜਕੀ ਸੜਕ 'ਤੇ ਡਿੱਗ ਗਈ। ਲੜਕੀ ਦੇ ਡਿੱਗਣ ਦੇ ਬਾਵਜੂਦ ਡਰਾਈਵਰ ਵੈਨ ਚਲਾਉਂਦਾ ਰਿਹਾ। ਇਸ ਦੌਰਾਨ ਸੜਕ 'ਤੇ ਡਿੱਗੀ ਲੜਕੀ ਖੁਦ ਹੀ ਉੱਠ ਕੇ ਵੈਨ ਦੇ ਪਿੱਛੇ ਭੱਜੀ।
ਜਾਣਕਾਰੀ ਅਨੁਸਾਰ ਬਠਿੰਡਾ ਦੇ ਪਿੰਡ ਕੋਠਾ ਗੁਰੂ 'ਚ ਸਕੂਲ ਵੈਨ 'ਚੋਂ ਤੀਜੀ ਜਮਾਤ ਦੀ ਵਿਦਿਆਰਥਣ ਡਿੱਗ ਗਈ ਪਰ ਡਰਾਈਵਰ ਨੂੰ ਪਤਾ ਨਹੀਂ ਚੱਲਿਆ। ਜਦੋਂ ਬੱਚੀ ਡਿੱਗ ਕੇ ਸਕੂਲ ਵੈਨ ਦੇ ਪਿੱਛੇ ਭੱਜੀ ਤਾਂ ਬਾਕੀ ਬੱਚਿਆਂ ਨੇ ਡਰਾਈਵਰ ਨੂੰ ਦੱਸਿਆ। ਘਟਨਾ 'ਚ ਬੱਚੀ ਮਾਮੂਲੀ ਜ਼ਖ਼ਮੀ ਹੋ ਗਈ ਪਰ ਵਾਲ-ਵਾਲ ਬਚ ਗਈ।
ਇਹ ਵੀ ਪੜ੍ਹੋ : ਕੌਮੀ ਇਨਸਾਫ਼ ਮੋਰਚੇ ਦੇ ਮੱਦੇਨਜ਼ਰ ਚੰਡੀਗੜ੍ਹ-ਮੋਹਾਲੀ ਸਰਹੱਦ 'ਤੇ ਪੁਲਿਸ ਹਾਈ ਅਲਰਟ
ਉਸਨੂੰ ਭੱਜਦੀ ਦੇਖ ਵੈਨ 'ਚ ਬੈਠੇ ਬੱਚਿਆਂ ਨੇ ਇਸ ਘਟਨਾ ਸਬੰਧੀ ਡਰਾਈਵਰ ਨੂੰ ਦੱਸਿਆ। ਇਸ ਮਗਰੋਂ ਉਸ ਨੇ ਵੈਨ ਰੋਕੀ ਤੇ ਫਿਰ ਉਸ ਨੂੰ ਬਿਠਾਇਆ। ਇਲਾਕੇ 'ਚ ਲੱਗੇ ਸੀਸੀਟੀਵੀ ਕੈਮਰਿਆਂ 'ਚ ਇਹ ਘਟਨਾ ਕੈਦ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਵੈਨ 'ਚ ਬੱਚਿਆਂ ਦੇ ਬੈਠਣ ਦੀ ਸਮਰੱਥਾ 7 ਤੋਂ 8 ਹੈ ਪਰ ਡਰਾਈਵਰ ਨੇ ਉਸ 'ਚ 10 ਤੋਂ ਜ਼ਿਆਦਾ ਬੱਚੇ ਬਿਠਾ ਰੱਖੇ ਸਨ। ਇਸ ਮਾਮਲੇ 'ਚ ਇਹ ਵੀ ਸਾਹਮਣੇ ਆਇਆ ਹੈ ਕਿ ਵੈਨ 'ਚ ਡਰਾਈਵਰ ਤੋਂ ਇਲਾਵਾ ਕੋਈ ਦੂਜਾ ਮੁਲਾਜ਼ਮ ਨਹੀਂ ਸੀ। ਹਾਲਾਂਕਿ ਸਰਕਾਰ ਵੱਲੋਂ ਨਿਰਦੇਸ਼ ਹੈ ਕਿ ਬੱਸ ਵਿਚ ਡਰਾਈਵਰ ਤੋਂ ਇਲਾਵਾ ਅਟੈਂਡੈਂਟ ਵੀ ਹੋਣਾ ਚਾਹੀਦਾ ਹੈ।
- PTC NEWS