ਸਵਿੱਟਜਰਲੈਂਡ ਦੀ ਸੰਸਦ ਕੋਲੋਂ ਵਿਸਫੋਟਕ ਸਮੱਗਰੀ ਸਮੇਤ ਸਖ਼ਸ਼ ਕਾਬੂ, ਸੰਸਦ ਕੰਪਲੈਕਸ ਕਰਵਾਇਆ ਖ਼ਾਲੀ
ਬਰਨ (ਸਵਿਟਜ਼ਰਲੈਂਡ ) : ਸਵਿਟਜ਼ਰਲੈਂਡ ਦੀ ਰਾਜਧਾਨੀ ਬਰਨ 'ਚ ਸੰਸਦ ਦੇ ਗੇਟ ਨੇੜਿਓਂ ਪੁਲਿਸ ਨੇ ਬੁਲਟਪਰੂਫ ਜੈਕੇਟ ਪਹਿਨੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਉਸ ਕੋਲੋਂ ਵਿਸਫੋਟਕ ਸਮੱਗਰੀ ਵੀ ਬਰਾਮਦ ਕੀਤੀ ਹੈ। ਜਿਸ ਤੋਂ ਬਾਅਦ ਪੁਲਿਸ ਨੇ ਸੰਸਦ ਤੇ ਸਬੰਧਤ ਦਫਤਰਾਂ ਨੂੰ ਖਾਲੀ ਕਰਵਾ ਲਿਆ।
ਖਬਰਾਂ ਮੁਤਾਬਕ ਸੰਘੀ ਸੁਰੱਖਿਆ ਦੇ ਸਟਾਫ ਨੇ ਦੇਖਿਆ ਕਿ ਇਕ ਵਿਅਕਤੀ ਸੰਸਦ ਦੇ ਦੱਖਣੀ ਗੇਟ ਰਾਹੀਂ ਦਾਖ਼ਲ ਹੋ ਰਿਹਾ ਸੀ। ਵਿਅਕਤੀ ਨੇ ਬੁਲਟ ਪਰੂਫ ਜੈਕੇਟ ਪਾਈ ਹੋਈ ਸੀ, ਜਿਸ ਵਿਤ ਬੰਦੂਕ ਰੱਖਣ ਲਈ ਹੋਲਸਟਰ ਵੀ ਲਗਾਇਆ ਹੋਇਆ ਸੀ। ਸੁਰੱਖਿਆ ਬਲ ਦੇ ਮੁਲਾਜ਼ਮਾਂ ਨੂੰ ਉਸ 'ਤੇ ਸ਼ੱਕ ਹੋਇਆ, ਜਿਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ। ਇਸ ਮਗਰੋਂ ਪੁਲਿਸ ਨੇ ਬੁਲਟ ਪਰੂਫ਼ ਜੈਕੇਟ ਪਹਿਨੇ ਵਿਅਕਤੀ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਵਿਸਫੋਟਕ ਸਮੱਗਰੀ ਬਰਾਮਦ ਹੋਈ।
ਸਾਵਧਾਨੀ ਦੇ ਤੌਰ 'ਤੇ ਸੰਸਦ ਕੰਪਲੈਕਸ ਨੂੰ ਖਾਲੀ ਕਰਵਾ ਲਿਆ ਗਿਆ। ਸੰਸਦ ਭਵਨ ਦੇ ਆਲੇ-ਦੁਆਲੇ ਦੀਆਂ ਸੜਕਾਂ 'ਤੇ ਆਵਾਜਾਈ ਵੀ ਬੰਦ ਕਰ ਦਿੱਤੀ ਗਈ। ਇਸ ਦੇ ਨਾਲ ਹੀ ਸੰਸਦ ਭਵਨ ਨੇੜੇ ਫਾਇਰ ਵਿਭਾਗ ਅਤੇ ਬੰਬ ਨਿਰੋਧਕ ਦਸਤੇ, ਡੌਗ ਸਕੁਐਡ ਅਤੇ ਡਰੋਨ ਤਾਇਨਾਤ ਕੀਤੇ ਗਏ ਹਨ।
ਇਹ ਵੀ ਪੜ੍ਹੋ : ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਜਾਰੀ, ਜਥੇ ਦੇ 31 ਮੈਂਬਰ ਜਾਪ ਤੋਂ ਬਾਅਦ ਮੋਰਚੇ ’ਚ ਪਰਤੇ
ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਵਿਅਕਤੀ ਕਾਰ ਰਾਹੀਂ ਬੁੰਡੇਸਪਲੈਟਜ਼ ਤੋਂ ਬੁੰਡੇਸ਼ੌਸ ਜਾ ਰਿਹਾ ਸੀ, ਜਿਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮੈਡੀਕਲ ਟੀਮ ਮੁਲਜ਼ਮ ਦੀ ਸਰੀਰਕ ਤੇ ਮਾਨਸਿਕ ਜਾਂਚ ਕਰ ਰਹੀ ਹੈ। ਮੁਲਜ਼ਮ ਦੀ ਕਾਰ 'ਚੋਂ ਪੁਲਿਸ ਨੂੰ ਕੋਈ ਵਿਸਫੋਟਕ ਸਮੱਗਰੀ ਬਰਾਮਦ ਨਹੀਂ ਹੋਈ ਹੈ।
- PTC NEWS