Ludhiana News : ਸ਼ਰਮਸਾਰ ! ਗੁਰਦੁਆਰਾ ਆਲਮਗੀਰ ਸਾਹਿਬ ਦੇ ਲੰਗਰ ਹਾਲ ’ਚ ਮੀਟ ਦਾ ਡੋਲੂ ਲੈ ਕੇ ਪਹੁੰਚਿਆਂ ਵਿਅਕਤੀ
Gurdwara Alamgir Sahib : ਸੂਬੇ ਵਿੱਚ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀਆਂ ਘਟਨਾਵਾਂ ਨਿੱਤ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਕਈ ਅਜਿਹੀਆਂ ਘਟਨਾਵਾਂ ਹਨ। ਇਸੇ ਤਰ੍ਹਾਂ ਤਾਜ਼ਾ ਮਾਮਲਾ ਲੁਧਿਆਣਾ ਦੇ ਗੁਰਦੁਆਰਾ ਆਲਮਗੀਰ ਸਾਹਿਬ ਦਾ ਹੈ ਜਿੱਥੇ ਇੱਕ ਸ਼ਰਾਰਤੀ ਅਨਸਰ ਲੰਗਰ ਹਾਲ ਵਿੱਚ ਇੱਕ ਮੀਟ ਲੈ ਕੇ ਚਲਾ ਗਿਆ।
ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਸਮੇਤ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ 23 ਤਰੀਕ ਨੂੰ ਰਾਤ ਸਾਢੇ 9 ਵਜੇ ਦੇ ਕਰੀਬ ਇੱਕ ਵਿਅਕਤੀ ਲੰਗਰ ਹਾਲ ਵਿੱਚ ਆਇਆ ਅਤੇ ਉਸ ਨੇ ਸੇਵਾਦਾਰ ਨੂੰ ਕਿਹਾ ਕਿ ਉਸ ਨੇ ਹਸਪਤਾਲ ਵਿੱਚ ਮਰੀਜ਼ ਲਈ ਖਾਣਾ ਲੈ ਕੇ ਜਾਣਾ ਸੀ, ਪਰ ਕਿਸੇ ਕਾਰਨ ਨਹੀਂ ਜਾ ਸਕਿਆ, ਇਸ ਲਈ ਇਹ ਦਾਲ ਦਾ ਭਰਿਆ ਡੋਲੂ ਲੰਗਰ ਵਿੱਚ ਵਰਤਾ ਦਿਓ।
ਇਸ ਤੋਂ ਮਗਰੋਂ ਸੇਵਾਦਾਰ ਨੇ ਕਿਹਾ ਕਿ ਉਹ ਦਾਲ ਵਾਲਾ ਡੋਲੂ ਇਸ ਲੰਗਰ ਵਾਲੀ ਬਾਲਟੀ ਵਿੱਚ ਪਾ ਦੇਵੇ, ਜਦੋਂ ਉਸ ਦੇ ਉਹ ਡੋਲੂ ਲੰਗਰ ਵਾਲੀ ਬਾਲਟੀ ਵਿੱਚ ਪਾ ਦਿੱਤਾ ਤਾਂ ਸੇਵਾਦਾਰ ਨੇ ਦੇਖਿਆ ਕਿ ਇਹ ਤਾਂ ਮੀਟ ਹੈ, ਜਿਸ ਤੋਂ ਬਾਅਦ ਸੇਵਾਦਾਰ ਨੇ ਉਕਤ ਵਿਅਕਤੀ ਨੂੰ ਤੁਰੰਤ ਕਾਬੂ ਕਰ ਲਿਆ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ।
ਇਸ ਸਬੰਧੀ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਘਟਨਾ ਹੈ। ਉਨ੍ਹਾਂ ਕਿਹਾ ਕਿ ਇਸ ਪਿੱਛੇ ਸ਼ਰਾਰਤੀ ਅਨਸਰਾਂ ਦਾ ਹੱਥ ਹੋ ਸਕਦਾ ਹੈ, ਜਦਕਿ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਸਰਕਾਰ ਤੋਂ ਇਸ ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਬੇਸ਼ੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਪਰ ਪ੍ਰਬੰਧਕ ਕਮੇਟੀ ਇਸ ਗੱਲ ਨੂੰ ਲੈ ਕੇ ਗੰਭੀਰ ਹੈ ਕਿ ਅਜਿਹੀ ਘਟਨਾ ਕਿਉਂ ਵਾਪਰੀ।
ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਇਸ ਸਬੰਧੀ ਸਖ਼ਤ ਕਾਨੂੰਨ ਬਣਾਉਣਾ ਚਾਹੀਦਾ ਹੈ, ਕਿਉਂਕਿ ਜਦੋਂ ਵੀ ਕੋਈ ਬੇਅਦਬੀ ਕਰਦਾ ਫੜ੍ਹਿਆ ਜਾਂਦਾ ਹੈ ਤਾਂ ਉਸ ਨੂੰ ਪਾਗਲ ਜਾਂ ਮਾਨਸਿਕ ਰੋਗੀ ਕਰਾਰ ਦੇ ਦਿੱਤਾ ਜਾਂਦਾ। ਉਹਨਾਂ ਨੇ ਕਿਹਾ ਇਹ ਹੁਣ ਬਰਦਾਸ਼ਤ ਯੋਗ ਨਹੀਂ ਹੋਵੇਗਾ।
- PTC NEWS