ਸਾਇਰਸ ਮਿਸਤਰੀ ਦੀ ਮੌਤ ਦੇ ਮਾਮਲੇ 'ਚ ਅਨਾਹਿਤਾ ਖ਼ਿਲਾਫ਼ ਮਾਮਲਾ ਦਰਜ
ਪਾਲਘਰ : ਮਹਾਰਾਸ਼ਟਰ ਦੀ ਪਾਲਘਰ ਪੁਲਿਸ ਨੇ ਟਾਟਾ ਗਰੁੱਪ ਦੇ ਸਾਬਕਾ ਚੇਅਰਮੈਨ ਸਾਇਰਸ ਮਿਸਤਰੀ ਦੇ ਹਾਦਸੇ ਦੇ ਮਾਮਲੇ 'ਚ ਅਨਾਹਿਤਾ ਪਾਂਡੋਲੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। 4 ਸਤੰਬਰ ਨੂੰ ਜਦੋਂ ਮੁੰਬਈ-ਅਹਿਮਦਾਬਾਦ ਹਾਈਵੇਅ 'ਤੇ ਇਹ ਹਾਦਸਾ ਹੋਇਆ, ਉਸ ਸਮੇਂ ਅਨਾਹਿਤਾ ਪਾਂਡੋਲੇ ਕਾਰ ਚਲਾ ਰਹੀ ਸੀ। ਉਸ ਸਮੇਂ ਮਰਸਡੀਜ਼ ਕਾਰ ਵਿੱਚ ਸਾਇਰਸ ਮਿਸਤਰੀ, ਅਨਾਹਿਤਾ ਪਾਂਡੋਲ ਦਾ ਪਤੀ ਡੇਰੀਅਸ ਪਾਂਡੋਲ ਤੇ ਡੇਰੀਅਸ ਦਾ ਭਰਾ ਜਹਾਂਗੀਰ ਪਾਂਡੋਲ ਵੀ ਬੈਠੇ ਸਨ। ਹਾਦਸੇ ਵਿੱਚ ਜਹਾਂਗੀਰ ਪਾਂਡੋਲੇ ਅਤੇ ਸਾਇਰਸ ਮਿਸਤਰੀ ਦੀ ਮੌਤ ਹੋ ਗਈ, ਜਦੋਂਕਿ ਅਨਾਹਿਤਾ ਅਤੇ ਉਸ ਦਾ ਪਤੀ ਗੰਭੀਰ ਜ਼ਖ਼ਮੀ ਹੋ ਗਏ ਸਨ।
ਇਹ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਵਿੱਚ ਡਾਕਟਰ ਅਨਾਹਿਤਾ ਪਾਂਡੋਲੇ ਦੇ ਪਤੀ ਦਾ ਬਿਆਨ ਦਰਜ ਕਰ ਲਿਆ ਗਿਆ ਹੈ। ਉਸ ਨੇ ਦੱਸਿਆ ਕਿ ਇਹ ਹਾਦਸਾ ਅਚਾਨਕ ਲੇਨ ਬਦਲਣ ਕਾਰਨ ਵਾਪਰਿਆ, ਜਿਸ ਵਿੱਚ ਅਨਾਹਿਤਾ ਕੋਲੋਂ ਕਾਰ ਬੇਕਾਬੂ ਹੋ ਗਈ ਸੀ। ਅਨਾਹਿਤਾ ਦੇ ਪਤੀ ਡੇਰਿਅਸ ਨੂੰ ਹਾਲ ਹੀ ਵਿੱਚ ਠੀਕ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਇਸ ਤੋਂ ਬਾਅਦ ਪੁਲਿਸ ਨੇ ਉਸ ਦੇ ਬਿਆਨ ਦਰਜ ਕੀਤੇ। ਉਸ ਨੇ ਦੱਸਿਆ ਕਿ ਜਦੋਂ ਹਾਦਸਾ ਵਾਪਰਿਆ ਤਾਂ ਉਸ ਦੀ ਪਤਨੀ ਅਨਾਹਿਤਾ ਕਾਰ ਚਲਾ ਰਹੀ ਸੀ। ਦਾਰਾ ਦੇ ਬਿਆਨ ਤੋਂ ਬਾਅਦ ਪਾਲਘਰ ਪੁਲਿਸ ਨੇ ਅਨਾਹਿਤਾ ਪਾਂਡੋਲੇ ਖ਼ਿਲਾਫ਼ ਰੈਸ਼ ਡਰਾਈਵਿੰਗ ਸਮੇਤ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਦੇ ਨਾਲ ਹੀ ਅਨਾਹਿਤਾ ਅਜੇ ਵੀ ਹਸਪਤਾਲ ਵਿਚ ਜ਼ੇਰੇ ਇਲਾਜ ਹੈ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਅਜੇ ਤੱਕ ਉਸਦੇ ਬਿਆਨ ਦਰਜ ਨਹੀਂ ਕੀਤੇ ਹਨ।
ਇਹ ਵੀ ਪੜ੍ਹੋ : ਪਹਿਲਾਂ ਚਿੱਟੇ ਦੀ ਤੇ ਹੁਣ ਪੰਜਾਬ 'ਚ ਸ਼ੁਰੂ ਹੋਈ ਅਫ਼ੀਮ ਦੀ ਸਪਲਾਈ
ਅਨਾਹਿਤਾ ਦੇ ਪਤੀ ਡੇਰੀਅਸ ਨੇ ਪੁਲਿਸ ਨੂੰ ਦੱਸਿਆ ਘਟਨਾ ਵਾਲੇ ਦਿਨ ਅਨਾਹਿਤਾ ਨੇ ਹਾਈਵੇਅ 'ਤੇ ਲੇਨ ਬਦਲਣ ਦੀ ਕੋਸ਼ਿਸ਼ ਕੀਤੀ, ਜਦੋਂ ਸੂਰੀਆ ਨਦੀ ਦੇ ਕੋਲ ਲੇਨ ਇਕ-ਦੂਜੇ ਨਾਲ ਮਿਲ ਰਹੀ ਸੀ। ਜਿਵੇਂ ਹੀ ਅਨਾਹਿਤਾ ਨੇ ਲੇਨ ਬਦਲੀ ਤਾਂ ਉਸ ਦੇ ਸਾਹਮਣੇ ਇਕ ਟਰੱਕ ਆ ਰਿਹਾ ਸੀ। ਇਸ ਕਾਰਨ ਅਚਾਨਕ ਉਹ ਕੰਟਰੋਲ ਗੁਆ ਬੈਠੀ। ਮਰਸਡੀਜ਼ ਕਾਰ ਹਾਈਵੇਅ 'ਤੇ ਇਕ ਪੁਲ ਨਾਲ ਟਕਰਾ ਗਈ। ਇਸ ਹਾਦਸੇ 'ਚ ਸਾਇਰਸ ਮਿਸਤਰੀ ਤੇ ਜਹਾਂਗੀਰ ਦੀ ਮੌਤ ਹੋ ਗਈ ਸੀ।
- PTC NEWS