ਖੰਨਾ ਦੇ ਮਿਲਟਰੀ ਗਰਾਊਂਡ 'ਚੋਂ ਮਿਲਿਆ ਬੰਬ, ਇਥੋਂ ਲੰਘੀ ਸੀ ਭਾਰਤ ਜੋੜੋ ਯਾਤਰਾ
ਖੰਨਾ : ਖੰਨਾ ਦੇ ਮਿਲਟਰੀ ਗਰਾਊਂਡ 'ਚੋਂ ਬੰਬਨੁਮਾ ਚੀਜ਼ ਮਿਲਣ ਨਾਲ ਇਕਦਮ ਹੜਕੰਪ ਮਚ ਗਿਆ। ਪਿਛਲੇ ਦਿਨੀਂ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਵੀ ਇਸੇ ਰਸਤੇ ਤੋਂ ਲੰਘੀ ਸੀ। ਸਵੇਰੇ ਇਕ ਵਿਅਕਤੀ ਨੇ ਇੱਥੇ ਬੰਬ ਪਿਆ ਦੇਖਿਆ। ਇਸ ਪਿਛੋਂ ਉਸਨੇ ਤੁਰੰਤ ਪੁਲਿਸ ਅਧਿਕਾਰੀਆਂ ਨੂੰ ਸੂਚਿਤ ਕੀਤਾ। ਪੁਲਿਸ ਅਧਿਕਾਰੀਆਂ ਨੇ ਮੌਕੇ ਉਪਰ ਪੁੱਜ ਕੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ ਤੇ ਸਖ਼ਤ ਸੁਰੱਖਿਆ ਪ੍ਰਬੰਧ ਕਰ ਦਿੱਤੇ ਗਏ ਹਨ।
ਮਿਲਟਰੀ ਗਰਾਊਂਡ 'ਚ ਬੰਬ ਮਿਲਣ ਨਾਲ ਸ਼ਹਿਰ ਵਿਚ ਸਹਿਮ ਦਾ ਮਾਹੌਲ ਬਣ ਗਿਆ ਹੈ। 26 ਜਨਵਰੀ ਨੂੰ ਪੁਲਿਸ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਬੰਬ ਦਾ ਮਿਲਣਾ ਵੱਡੀ ਚਿੰਤਾ ਦਾ ਵਿਸ਼ਾ ਹੈ। ਪੁਲਿਸ ਟੀਮਾਂ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਜਿਸ ਥਾਂ 'ਤੇ ਬੰਬ ਮਿਲਿਆ ਸੀ, ਉੱਥੇ ਸੁਰੱਖਿਆ ਘੇਰਾ ਬਣਾ ਲਿਆ ਹੈ। ਕਿਸੇ ਨੂੰ ਵੀ ਆਲੇ-ਦੁਆਲੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ। ਮਾਹਿਰਾਂ ਦੀਆਂ ਟੀਮਾਂ ਨੂੰ ਮੌਕੇ 'ਤੇ ਬੁਲਾਇਆ ਗਿਆ ਹੈ। ਜਿਸ ਥਾਂ 'ਤੇ ਬੰਬ ਮਿਲਿਆ ਉਸਦੇ ਨਾਲ ਹੀ ਸਬਜ਼ੀ ਮੰਡੀ ਤੇ ਰਿਹਾਇਸ਼ੀ ਇਲਾਕਾ ਹੈ। ਕੁਝ ਦਿਨ ਪਹਿਲਾਂ ਹੀ ਇਸ ਮਿਲਟਰੀ ਗਰਾਊਂਡ ਨੇੜਿਓਂ ਹੀ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਲੰਘ ਕੇ ਗਈ ਸੀ।
ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 5ਵੀਂ ਤੇ 8ਵੀਂ ਜਮਾਤ ਦੀ ਡੇਟਸ਼ੀਟ 'ਚ ਬਦਲਾਅ, ਜਾਣੋ ਨਵੀਂਆਂ ਤਾਰੀਕਾਂ
ਪੁਲਿਸ ਨੇ ਕਿਹਾ ਕਿ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਬੰਬਨੁਮਾ ਮਿਜ਼ਾਈਲ ਵਰਗੀ ਚੀਜ਼ ਕੀ ਹੈ। ਬੰਬ ਨਿਰੋਧਕ ਟੀਮ ਨੂੰ ਬੁਲਾਇਆ ਗਿਆ ਹੈ। ਟੀਮ ਦੇ ਆਉਣ ਤੋਂ ਬਾਅਦ ਬੰਬ ਦੀ ਜਾਂਚ ਕੀਤੀ ਜਾਵੇਗੀ। ਮਿਲਟਰੀ ਗਰਾਊਂਡ ਤੋਂ ਬੰਬ ਮਿਲਣਾ ਵੱਡੀ ਗੱਲ ਹੈ ਕਿਉਂਕਿ ਨੌਜਵਾਨ ਭਰਤੀ ਲਈ ਇਸ ਗਰਾਊਂਡ ਤੱਕ ਪਹੁੰਚਦੇ ਹਨ। ਇੱਥੇ ਸਰੀਰਕ ਟੈਸਟ ਆਦਿ ਕਰਵਾਏ ਜਾਂਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਕਿਸੇ ਕਬਾੜ ਦਾ ਕੰਮ ਕਰਨ ਵਾਲੇ ਨੇ ਇਸਨੂੰ ਇੱਥੇ ਹੀ ਛੱਡ ਗਏ ਹੋਣਗੇ।
- PTC NEWS