ਪੁਲਿਸ ਵੈਨ ਦੀ ਟੱਕਰ ਨਾਲ 6 ਸਾਲਾ ਬੱਚੀ ਦੀ ਮੌਤ, ਮੌਕੇ ਤੋਂ ਫ਼ਰਾਰ ਹੋਏ ਪੁਲਿਸ ਮੁਲਾਜ਼ਮ
ਗੁਰੂਗ੍ਰਾਮ : ਸੇਵਾ ਸੁਰੱਖਿਆ ਸਹਿਯੋਗ ਦੇਣ ਦਾ ਦਾਅਵਾ ਕਰਨ ਵਾਲੀ ਗੁਰੂਗ੍ਰਾਮ ਪੁਲਿਸ 'ਚ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਪੁਲਿਸ ਦੀ ਐਮਰਜੈਂਸੀ ਰਿਸਪਾਂਸ ਵਹੀਕਲ (ਈ.ਆਰ.ਵੀ.) ਨੇ ਹੱਸਦੇ-ਖੇਡਦੇ ਪਰਿਵਾਰ 'ਚ ਸੱਥਰ ਵਿਛਾ ਦਿੱਤੇ। ਫਰੀਦਾਬਾਦ ਤੋਂ ਗੁਰੂਗ੍ਰਾਮ ਵੱਲ ਗਲਤ ਦਿਸ਼ਾ 'ਚ ਆ ਰਹੀ ERV ਗੱਡੀ ਨੇ ਤੇਜ਼ ਰਫਤਾਰ ਨਾਲ ਆ ਰਹੀ ਗੱਡੀ ਨੂੰ ਟੱਕਰ ਮਾਰ ਦਿੱਤੀ ਜਿਸ 'ਚ 6 ਮਹੀਨੇ ਦੀ ਬੱਚੀ ਦੀ ਮੌਤ ਹੋ ਗਈ ਜਦਕਿ ਕਾਰ 'ਚ ਸਵਾਰ 2 ਬੱਚਿਆਂ ਸਮੇਤ 5 ਲੋਕ ਜ਼ਖ਼ਮੀ ਹੋ ਗਏ।
ਦਿੱਲੀ ਖੇੜਾ ਖੁਰਦ ਵਾਸੀ ਵਿਸ਼ਵਜੀਤ ਨੇ ਦੱਸਿਆ ਕਿ ਉਸ ਦੀ ਪਤਨੀ ਕਾਜਲ, ਸੱਸ ਬਬੀਤਾ, ਭਰਜਾਈ ਰਿੰਕੂ, ਰਿੰਕੂ ਪੁੱਤਰ ਪ੍ਰਿਅੰਕ ਤੇ ਵਿਸ਼ਵਜੀਤ ਪੁੱਤਰ ਅਵੀ ਅਤੇ ਛੇ ਮਹੀਨੇ ਦੀ ਬੇਟੀ ਸਾਵੀ ਦਿੱਲੀ ਤੋਂ ਫਰੀਦਾਬਾਦ ਜਾ ਰਹੇ ਸਨ। ਕਾਰ ਨੂੰ ਰਿੰਕੂ ਚਲਾ ਰਿਹਾ ਸੀ। ਸਵੇਰੇ ਕਰੀਬ 11.15 ਵਜੇ ਜਦੋਂ ਉਨ੍ਹਾਂ ਦੀ ਸਵਿਫਟ ਕਾਰ ਗੁਰੂਗ੍ਰਾਮ ਫਰੀਦਾਬਾਦ ਰੋਡ 'ਤੇ ਘਾਟਾ ਟ੍ਰੈਫਿਕ ਸਿਗਨਲ ਨੇੜੇ ਪੁੱਜੀ ਤਾਂ ਗਲਤ ਦਿਸ਼ਾ 'ਚ ਆ ਰਹੀ ਪੁਲਿਸ ਦੀ ਈਆਰਵੀ ਵੈਨ ਨੇ ਉਨ੍ਹਾਂ ਦੀ ਕਾਰ ਨੂੰ ਸਿੱਧੀ ਟੱਕਰ ਮਾਰ ਦਿੱਤੀ।
ਇਸ ਘਟਨਾ 'ਚ ਸਾਵੀ ਦੀ ਮੌਤ ਹੋ ਗਈ ਜਦਕਿ ਬਾਕੀ ਜਣੇ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਘਟਨਾ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਜ਼ਖਮੀਆਂ ਦੀ ਮਦਦ ਕਰਨ ਦੀ ਬਜਾਏ ਮੌਕੇ ਤੋਂ ਭੱਜਣਾ ਹੀ ਬਿਹਤਰ ਸਮਝਿਆ। ਗੁਰੂਗ੍ਰਾਮ ਦੇ ਏਸੀਪੀ ਵਿਕਾਸ ਕੌਸ਼ਿਕ ਨੇ ਕਿਹਾ, "ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚ ਗਈ। ਪੀਸੀਆਰ ਵੈਨ ਦੇ ਡਰਾਈਵਰ ਸਮੇਤ ਤਿੰਨ ਪੁਲਿਸ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।"
ਇਹ ਵੀ ਪੜ੍ਹੋ : ਲਤੀਫਪੁਰਾ ਮੁੜ ਵਸੇਬਾ ਮੋਰਚੇ ਦੇ ਸੱਦੇ 'ਤੇ ਹਾਈਵੇ ਤੇ ਰੇਲਵੇ ਟਰੈਕ ਜਾਮ, ਕੈਬਨਿਟ ਮੰਤਰੀ ਬੈਂਸ ਜਾਮ 'ਚ ਫਸੇ
ਇਕ ਜ਼ਖਮੀ ਦੇ ਪਤੀ ਵਿਸ਼ਵਜੀਤ ਨੇ ਦੱਸਿਆ ਕਿ ਉਸਦੀ ਪਤਨੀ, ਸੱਸ ਅਤੇ ਜੀਜਾ ਤਿੰਨ ਬੱਚਿਆਂ ਨਾਲ ਦਿੱਲੀ ਤੋਂ ਫਰੀਦਾਬਾਦ ਜਾ ਰਹੇ ਸਨ। ਵਿਸ਼ਵਜੀਤ ਨੇ ਕਿਹਾ ਕਿ ਜੇ ਪੁਲਿਸ ਅਧਿਕਾਰੀ ਹਾਦਸੇ ਵਾਲੀ ਥਾਂ ਤੋਂ ਭੱਜਣ ਦੀ ਬਜਾਏ ਉਸ ਨੂੰ ਹਸਪਤਾਲ ਲੈ ਕੇ ਜਾਂਦੇ ਤਾਂ ਅੱਜ ਮੇਰੀ ਧੀ ਜ਼ਿੰਦਾ ਹੁੰਦੀ। ਪੁਲਿਸ ਨੇ ਹਾਦਸੇ ਵਾਲੀ ਥਾਂ ਤੋਂ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਭਾਰਤੀ ਦੰਡਾਵਲੀ ਦੀ ਧਾਰਾ 279, 337, 427, 304ਏ ਤਹਿਤ ਕੇਸ ਦਰਜ ਕੀਤਾ ਗਿਆ ਹੈ। ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
- PTC NEWS