Bhawanigarh News : ਬੀਤੀ ਰਾਤ ਆਏ ਤੂਫਾਨ ਨੇ ਮਚਾਈ ਭਾਰੀ ਤਬਾਹੀ ,ਪੋਲਟਰੀ ਫ਼ਾਰਮ ਡਿੱਗਣ ਨਾਲ 65 ਸਾਲਾ ਬਜ਼ੁਰਗ ਦੀ ਹੋਈ ਮੌਤ, ਕਈ ਘਰਾਂ ਦੀਆਂ ਛੱਤਾਂ ਨੂੰ ਪਹੁੰਚਿਆ ਨੁਕਸਾਨ
Bhawanigarh News : ਪੰਜਾਬ ਵਿਚ ਬੀਤੀ ਸ਼ਾਮ ਆਏ ਮੀਂਹ ਅਤੇ ਤੇਜ਼ ਹਨ੍ਹੇਰੀ ਨੇ ਵੱਖ-ਵੱਖ ਹਲਕਿਆਂ ਵਿਚ ਭਾਰੀ ਤਬਾਹੀ ਮਚਾਈ ਹੈ। ਓਥੇ ਹੀ ਭਵਾਨੀਗੜ੍ਹ 'ਚ ਤੇਜ਼ ਝੱਖੜ ਅਤੇ ਮੀਂਹ ਕਾਰਨ ਸੈਂਕੜੇ ਦਰੱਖਤ ਡਿੱਗਣ ਕਾਰਨ ਜਿੱਥੇ ਮੁੱਖ ਸੜਕਾਂ ’ਤੇ ਆਵਾਜਾਈ ਠੱਪ ਹੋ ਗਈ, ਉਥੇ ਹੀ ਸ਼ਹਿਰ ਵਿੱਚ ਲੱਗੇ ਮੋਬਾਈਲ ਟਾਵਰ ਅਤੇ ਬਿਜਲੀ ਦੇ ਖੰਭੇ ਟੁੱਟ ਜਾਣ ਕਾਰਨ ਨੈੱਟਵਰਕ ਅਤੇ ਬਿਜਲੀ ਗੁੱਲ ਹੋ ਗਈ। ਭਵਾਨੀਗੜ੍ਹ ਵਿਚ ਇਕ ਮੋਬਾਈਲ ਟਾਵਰ ਡਿੱਗਣ ਕਾਰਨ ਕਈ ਘਰਾਂ ਦੀਆਂ ਛੱਤਾਂ ਨੂੰ ਨੁਕਸਾਨ ਪਹੁੰਚਿਆ ਹੈ। ਟਾਵਰ ਦੇ ਡਿੱਗਣ ਕਾਰਨ ਮਕਾਨ ਨੇੜੇ ਖੜੀ ਕਾਰ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ।
ਇਸ ਦੇ ਇਲਾਵਾ ਭਵਾਨੀਗੜ੍ਹ ਦੇ ਪਿੰਡ ਮਾਝਾ ਵਿਖੇ ਤੂਫ਼ਾਨ ਨਾਲ ਭਾਰੀ ਨੁਕਸਾਨ ਹੋਇਆ ਹੈ ਅਤੇ ਤੂਫ਼ਾਨ ਨੇ ਹੱਸਦਾ ਖੇਡਦਾ ਪਰਿਵਾਰ ਉਜਾੜ ਦਿੱਤਾ ਹੈ। ਤੂਫ਼ਾਨ ਕਾਰਨ ਇਕ ਪੋਲਟਰੀ ਫ਼ਾਰਮ ਢਹਿ ਗਿਆ। ਜਿਸ ਕਾਰਨ ਪੋਲਟਰੀ ਫ਼ਾਰਮ ਵਿਚ ਬੈਠੇ 65 ਸਾਲਾ ਬਜ਼ੁਰਗ ਦੀ ਦੱਬਣ ਕਾਰਨ ਮੌਤ ਹੋ ਗਈ। ਇਸ ਦੇ ਨਾਲ ਹੀ ਪੋਲਟਰੀ ਫ਼ਾਰਮ ਵਿਚ ਰੱਖੀਆਂ 2000-2500 ਦੇ ਕਰੀਬ ਮੁਰਗੀਆਂ ਵੀ ਮਰ ਗਈਆਂ। ਇਸ ਘਟਨਾ ਤੋਂ ਬਾਅਦ ਪਰਿਵਾਰ 'ਚ ਸੱਥਰ ਵਿਛ ਗਿਆ ਅਤੇ ਪਰਿਵਾਰਕ ਮੈਂਬਰਾ ਦਾ ਰੋ -ਰੋ ਬੁਰਾ ਹਾਲ ਹੈ। ਉਨ੍ਹਾਂ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।
ਭਵਾਨੀਗੜ੍ਹ ਦੇ ਨੇੜਲੇ ਪਿੰਡ ਗੁਰਦਾਸਪੁਰਾ ਵਿਚ ਪਸ਼ੂਆਂ ਦੇ ਵਾੜੇ ਦਾ ਸ਼ੈੱਡ ਡਿੱਗਣ ਕਾਰਨ ਕਈ ਪਸ਼ੂ ਜ਼ਖ਼ਮੀ ਹੋ ਗਏ ਹਨ। ਤੇਜ਼ ਤੂਫਾਨ ਕਾਰਨ ਸਥਾਨਕ ਸ਼ਹਿਰ ਤੇ ਇਲਾਕੇ ਦੇ ਪਿੰਡਾਂ ਵਿੱਚ ਵੱਡੀ ਗਿਣਤੀ ਵਿੱਚ ਦਰਖਤਾਂ ਦੇ ਸੜਕਾਂ ਵਿੱਚ ਡਿੱਗਣ ਕਾਰਨ ਜਿੱਥੇ ਲੋਕਾਂ ਨੂੰ ਆਵਾਜਾਈ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ,ਉਥੇ ਹੀ ਬਿਜਲੀ ਸਪਲਾਈ ਦੇ ਖੰਭਿਆਂ ਦੇ ਟੁੱਟ ਜਾਣ ਕਾਰਨ ਸ਼ਹਿਰ ਅਤੇ ਪਿੰਡਾਂ ਵਿੱਚ ਬਿਜਲੀ ਸਪਲਾਈ ਵੀ ਗੁੱਲ ਹੋ ਗਈ।
ਤੇਜ਼ ਤੂਫਾਨ ਕਾਰਨ 50 ਸਾਲ ਪੁਰਾਣਾ ਰੁੱਖ ਟੁੱਟਣ ਕਾਰਨ ਪੰਛੀ ਵੀ ਬੇਘਰ ਹੋ ਗਏ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਭਵਾਨੀਗੜ੍ਹ 'ਚ ਮਾਈਆਂ ਪੱਤੀ ਦੀ ਥਾਈ ਵਿੱਚ ਪਿੱਪਲ ਅਤੇ ਬੋਹੜ ਦੇ 50 ਸਾਲ ਪੁਰਾਣੇ ਰੁੱਖ ਥੱਲੇ ਹਰ ਰੁੱਤ ਵਿੱਚ ਇਕੱਠੇ ਬੈਠਦੇ ਸਨ। ਬੀਤੀ ਸ਼ਾਮ ਆਏ ਤੇਜ਼ ਤੂਫਾਨ ਕਾਰਨ ਰੁੱਖ ਦੇ ਟਾਣੇ ਟੁੱਟਣ ਕਾਰਨ ਬਜ਼ੁਰਗਾਂ ਦਾ ਮਨ ਉਦਾਸ ਹੈ। ਤੂਫਾਨ ਨਾਲ ਟੁੱਟੇ ਸੈਂਕੜੇ ਰੁੱਖਾਂ ਦੀ ਭਰਭਾਈ ਨਹੀਂ ਹੋ ਸਕਦੀ।
ਇਸ ਤੋਂ ਇਲਾਵਾ ਮੁਕਤਸਰ ਦੇ ਥਾਂਦੇ ਵਾਲਾ ਰੋਡ 'ਤੇ ਪੱਕੀ ਕਣਕ ਦੀ ਫਸਲ ਨੂੰ ਅੱਗ ਲੱਗਣ ਕਾਰਨ ਚਾਰ ਕਿੱਲੇ ਸੜ ਕੇ ਸਵਾਹ ਹੋ ਗਏ ਹਨ। ਨਾਲ ਲੱਗਦੇ ਤਿੰਨ ਏਕੜ ਵਿੱਚ ਕਣਕ ਦੇ ਨਾੜ ਨੂੰ ਵੀ ਅੱਗ ਲੱਗ ਗਈ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਮੁਕਤਸਰ ਦੇ ਪਿੰਡ ਦੂਹੇ ਵਾਲਾ ਵਿੱਚ ਵੀ ਕਰੀਬ 32 ਕਿੱਲੇ ਪੱਕੀ ਕਣਕ ਦੀ ਫਸਲ ਤੇ ਨਾੜ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋ ਗਏ ਹਨ। ਮੁਕਤਸਰ ਜ਼ਿਲ੍ਹੇ 'ਚ ਬੀਤੀ ਰਾਤ ਤੋਂ ਹੁਣ ਤੱਕ ਕਰੀਬ 8 ਜਗ੍ਹਾ 'ਤੇ ਕਣਕ ਦੀ ਪੱਕੀ ਫਸਲ ਤੇ ਨਾੜ ਨੂੰ ਅੱਗ ਲੱਗ ਚੁੱਕੀ ਹੈ।
- PTC NEWS