ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਨਾਲ ਜੁੜੇ 6 ਅਦਭੁਤ ਅਤੇ ਅਲੌਕਿਕ ਤੱਥ
Dhan Dhan Shaheed Baba Deep Singh Ji: ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ੨੬ ਜਨਵਰੀ ੧੬੮੨ ਨੂੰ ਹੋਇਆ ਸੀ। ਜਦੋਂ ਬਾਬਾ ਦੀਪ ਸਿੰਘ ਜੀ ੧੨ ਸਾਲ ਦੇ ਸਨ ਤਾਂ ਉਹ ਆਪਣੇ ਮਾਤਾ-ਪਿਤਾ ਨਾਲ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਣ ਲਈ ਸ੍ਰੀ ਆਨੰਦਪੁਰ ਸਾਹਿਬ ਪਹੁੰਚੇ ਸਨ। ਬੱਸ ਉੱਥੇ ਫਿਰ ਉਹ ਦਸਵੇਂ ਗੁਰੂ ਦੀ ਅਜ਼ਮਤ ਨੂੰ ਵੇਖ ਉਨ੍ਹਾਂ ਦੇ ਹੀ ਹੋ ਕੇ ਰਹਿ ਗਏ। ਉਥੋਂ ਬਾਬਾ ਦੀਪ ਸਿੰਘ ਜੀ ਦੀ ਗੁਰਸਿੱਖੀ ਜੀਵਨ ਦੀ ਯਾਤਰਾ ਸ਼ੁਰੂ ਹੋਈ ਅਤੇ ਅੱਜ ਵੀ ਉਨ੍ਹਾਂ ਨੂੰ ਗੁਰੂ ਦੀਆਂ ਸਿੱਖਿਆਵਾਂ ਦੀ ਪਾਲਣਾ, ਗੁਰੂ ਪ੍ਰਤੀ ਸਮਰਪਣ ਅਤੇ ਸਿੱਖੀ ਨਿਭਾਉਂਦਿਆਂ ਉਨ੍ਹਾਂ ਦੀ ਲਾਸਾਨੀ ਸ਼ਹੀਦੀ ਲਈ ਯਾਦ ਕੀਤਾ ਜਾਂਦਾ ਹੈ। ਜੋ ਸਦੀਵੀਂ ਲਈ ਹਰੇਕ ਸਿੱਖ ਲਈ ਮਿਸਾਲ ਬਣ ਗਈ।
ਬਾਬਾ ਦੀਪ ਸਿੰਘ ਜੀ ਦੇ ਜੀਵਨ ਵਲ ਝਾਤ ਮਾਰੀਏ ਤਾਂ ਉਨ੍ਹਾਂ ਕੋਲ ਇਕ ਔਸਤ ਮਨੁੱਖ ਨਾਲੋਂ ਵੱਖ ਕਈ ਅਦਭੁਤ ਅਤੇ ਅਲੌਕਿਕ ਲਿਆਕਤਾਂ ਸਨ, ਪਰ ਅੱਜ ਅਸੀਂ ਉਨ੍ਹਾਂ ਦੇ ੬ ਅਜਿਹੇ ਗੁਣਾਂ ਵੱਲ ਇੱਕ ਨਜ਼ਰ ਮਾਰਾਂਗੇ ਜੋ ਆਮ ਨਾਲੋਂ ਬਹੁਤ ਹੀ ਵੱਖ ਹਨ।
ਸ੍ਰੀ ਅਨੰਦਪੁਰ ਸਾਹਿਬ ਵਿਖੇ ਰਹਿੰਦਿਆਂ ਇੱਕ ਜਵਾਨ ਸਿੱਦਕੀ ਸਿੱਖ ਵਜੋਂ ਆਪ ਜੀ ਨੇ ਆਪਣੇ ਆਪ ਨੂੰ ਸਿੱਖ ਫਲਸਫੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ, ਸਿੱਖਾਂ ਦੇ ਪਵਿੱਤਰ ਗ੍ਰੰਥਾਂ ਦੇ ਅਧਿਐਨ ਵਿੱਚ ਲੀਨ ਕਰ ਲਿਆ ਸੀ। ਇੱਕ ਔਸਤ ਮਨੁੱਖ ਲਈ ਇੱਕ ਭਾਸ਼ਾ ਵਿੱਚ ਮੁਹਾਰਤ ਹਾਸਲ ਕਰਨਾ ਵੀ ਔਖਾ ਹੈ, ਭਾਵੇਂ ਇਸਨੂੰ ਉਹ ਬਚਪਨ ਤੋਂ ਹੀ ਸਿੱਖਦੇ ਆ ਰਿਹਾ ਹੋਵੇ! ਪਰ ਬਾਬਾ ਦੀਪ ਸਿੰਘ ਨੂੰ ਕਈ ਭਾਸ਼ਾਵਾਂ ਵਿੱਚ ਮੁਹਾਰਤ ਹਾਸਲ ਸੀ, ਜ਼ਰਾ ਕਲਪਨਾ ਕਰ ਕੇ ਵੇਖੋ ਉਨ੍ਹਾਂ ਦੀ ਕਿਹੋ ਜਿਹੀ ਸ਼ਖ਼ਸੀਅਤ ਰਹੀ ਹੋਵੇਗੀ।
੨੦ ਸਾਲ ਦੀ ਉਮਰ ਵਿੱਚ ਆਪ ਜੀ ਸਾਹਿਬ-ਏ-ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਖਾਲਸਾ ਫੌਜ ਵਿੱਚ ਸਭ ਤੋਂ ਬਹਾਦਰ ਯੋਧਿਆਂ ਵਿੱਚੋਂ ਇੱਕ ਬਣ ਚੁਕੇ ਸਨ। ਹੋਵੇ ਵੀ ਕਿਉਂ ਨਾ ਆਪ ਜੀ ਨੂੰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਖ਼ੁਦ ਆਪ ਘੋੜਸਵਾਰੀ, ਸ਼ਿਕਾਰ, ਸ਼ਸਤਰ ਵਿੱਦਿਆ ਅਤੇ ਤੀਰਅੰਦਾਜ਼ੀ ਦੀ ਵਰਤੋਂ ਦੀ ਕਲਾ ਦੀ ਸਿਖਲਾਈ ਦਿੱਤੀ ਸੀ। ਅੱਜ ਵੀ ਬਾਬਾ ਦੀਪ ਸਿੰਘ ਜੀ ਦਾ ਜੀਵਨ ਹਰੇਕ ਮੁਨੱਖ, ਖਾਸ ਕਰ ਕੇ ਸਿੱਖ ਲਈ, ਇੱਕ ਰਹਿਤਵਾਨ ਸਿੱਖ ਲਈ ਇੱਕ ਸੰਤ-ਸਿਪਾਹੀ ਦੀ ਉੱਤਮ ਉਦਾਹਰਣ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਲਵੰਡੀ ਸਾਬੋ ਵਿਖੇ ਜਦੋਂ ਪੂਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲਿਖਵਾਈ ਸੀ ਤਾਂ ਉਦੋਂ ਬਾਬਾ ਦੀਪ ਸਿੰਘ ਜੀ ਅਤੇ ਭਾਈ ਮਨੀ ਸਿੰਘ ਜੀ ਨੇ ਗ੍ਰੰਥ ਸਾਹਿਬ ਵਿਚ ਦਸਵੇਂ ਪਾਤਸ਼ਾਹ ਦੇ ਮੁਖਾਰਬਿੰਦ ਤੋਂ ਉਚਾਰੀ ਜਾਂਦੀ ਗੁਰਬਾਣੀ ਦਾ ਖਰੜਾ ਤਿਆਰ ਕੀਤਾ ਸੀ।
ਇਹ ਵੀ ਕਿਹਾ ਜਾਂਦਾ ਕਿ ਜਦੋਂ ਗ੍ਰੰਥ ਸਾਹਿਬ 'ਚ ਗੁਰਬਾਣੀ ਦਾ ਉਤਾਰਾ ਕਰਦੇ ਵੇਲੇ,
ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥ ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ ॥
ਆਪ ਜੀ ਨੇ ਇਨ੍ਹਾਂ ਪੰਗਤੀਆਂ ਨੂੰ ਲਿਖਿਆ ਅਤੇ ਦਸਵੇਂ ਗੁਰੂ ਨੂੰ ਇਹ ਸਵਾਲ ਕੀਤਾ ਸੀ ਕਿ 'ਕੀ ਇਹ ਸੱਚ 'ਚ ਹੋ ਸਕਦਾ?' ਤਾਂ ਇਸ ਸਵਾਲ ਦਾ ਜਵਾਬ ਦਿੰਦਿਆਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ ਸੀ ਕਿ 'ਦੀਪ ਸਿੰਘ ਗੁਰੂ ਗ੍ਰੰਥ ਸਾਹਿਬ 'ਚ ਨਿਰੋਲ ਸੱਚ ਹੀ ਹੈ ਅਤੇ ਹੁਣ ਇਹ ਕਾਰਨਾਮਾ ਤੇਰੇ ਤੋਂ ਹੀ ਕਰਵਾ ਕੇ ਵਿਖਾਵਾਂਗੇ'। ਇਤਿਹਾਸ ਗਵਾਹ ਹੈ ਕਿ ਆਪਣੇ ਹੱਥ ਦੀ ਤਲੀ 'ਤੇ ਸਿਰ ਫੜ੍ਹ ਕੇ ਸਿਰਫ਼ ਬਾਬਾ ਦੀਪ ਸਿੰਘ ਜੀ ਹੀ ਯੁੱਧ ਕਰ ਪਾਏ ਹਨ।
ਪਵਿੱਤਰ ਗ੍ਰੰਥ ਸਾਹਿਬ ਦੇ ਸੰਪੂਰਨ ਹੋਣ ਤੋਂ ਬਾਅਦ ਜਦੋਂ ਗੁਰੂ ਸਾਹਿਬ ਨੇ ਦਮਦਮਾ ਸਾਹਿਬ ਤਖ਼ਤ 'ਤੇ ਬਾਬਾ ਦੀਪ ਸਿੰਘ ਜੀ ਦੀ ਸਾਂਭ ਸੰਭਾਲ ਦੀ ਪੱਕੀ ਡਿਊਟੀ ਲਗਾ ਦਿੱਤੀ ਤਾਂ ਕਈ ਸਾਲਾਂ ਤੱਕ ਆਪ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਖਰੜੇ ਤੋਂ ਹੋਰ ਬੀੜਾਂ ਲਿਖਣ ਦੀ ਸੇਵਾ ਜਾਰੀ ਰੱਖੀ। ਦੱਸ ਦੇਈਏ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਵੱਡੀ ਬੀੜ ਜਿਹੜੀ ਕਿ ਸ੍ਰੀ ਦਰਬਾਰ ਸਾਹਿਬ ਦੀ ਪਹਿਲੀ ਮੰਜ਼ਿਲ 'ਤੇ ਸ਼ਸ਼ੋਭਿਤ ਹੈ, ਉਹ ਬਾਬਾ ਦੀਪ ਸਿੰਘ ਜੀ ਦੀ ਹੱਥ ਲਿਖਤ ਬੀੜ ਹੈ।
ਆਪ ਜੀ ਵੱਲੋਂ ਹੋਰ ਹੱਥ ਲਿਖਤ ਬੀੜਾਂ ਅੱਜ ਵੀ ਸ੍ਰੀ ਅਕਾਲ ਤਖ਼ਤ ਸਾਹਿਬ, ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ, ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਅਤੇ ਤਖ਼ਤ ਸ੍ਰੀ ਆਨੰਦਪੁਰ ਸਾਹਿਬ 'ਚ ਵੀ ਸ਼ਸ਼ੋਭਿਤ ਹਨ। ਆਪ ਜੀ ਵੱਲੋਂ ਅਰਬੀ ਲਿਪੀ ਵਿੱਚ ਲਿਖੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਹੋਰ ਬੀੜ ਮੱਧ ਪੂਰਬ 'ਚ ਭੇਜ ਦਿੱਤੀ ਗਈ ਸੀ।
ਆਪਣੀ ਸ਼ਹੀਦੀ ਵੇਲੇ ਭਾਵੇਂ ਬਾਬਾ ਦੀਪ ਸਿੰਘ ਜੀ 75 ਸਾਲ ਦੇ ਸਨ ਪਰ ਉਨ੍ਹਾਂ ਨੇ ਇੱਕ ਨੌਜਵਾਨ ਯੋਧੇ ਦੀ ਤਾਕਤ ਨੂੰ ਸੰਭਾਲਿਆ ਹੋਇਆ ਸੀ। ਕੀ 20 ਕਿੱਲੋ ਦੀ ਭਾਰੀ ਦੋ ਧਾਰੀ ਤਲਵਾਰ ਜਿਸਨੂੰ ਖੰਡਾ ਆਖਿਆ ਜਾਂਦਾ ਹੈ, ਲੈ ਕੇ ਲੜਨਾ ਆਮ ਸੀ? ਬੇਸ਼ਕ ਨਹੀਂ! ਬਾਬਾ ਦੀਪ ਸਿੰਘ ਜੀ ਸੱਚਮੁੱਚ ਇੱਕ ਸੰਤ-ਸਿਪਾਹੀ ਸਨ ਅਤੇ ਉਹਨਾਂ ਕੋਲ ਗੁਰਬਾਣੀ ਜਾਪ ਦੀ ਅਲੌਕਿਕ ਸ਼ਕਤੀ ਵੀ ਸੀ, ਜਿਸ ਨਾਲ ਉਨ੍ਹਾਂ ਇਨ੍ਹੇ ਭਾਰੀ ਖੰਡੇ ਨਾਲ ਉਹ ਕਰ ਵਿਖਾਇਆ ਜੋ ਅੱਜ ਤਾਈਂ ਕੋਈ ਨਹੀਂ ਕਰ ਪਾਇਆ ਹੈ। ਤੁਸੀਂ ਆਪਣੇ ਆਪ ਨੂੰ ਪੁੱਛੋ, ਕੀ ਤੁਸੀਂ ਲੰਬੇ ਸਮੇਂ ਲਈ ਯੁੱਧ ਦੇ ਮੈਦਾਨ ਵਿੱਚ ਇੰਨੇ ਭਾਰੀ ਹਥਿਆਰ ਨੂੰ ਚਲਾਉਣ ਦੇ ਯੋਗ ਹੋਵੋਗੇ? ਪਰ ਇਤਿਹਾਸ ਵਿਚ ਦਰਜ ਹੈ ਕਿ ਉਸ ਬਾਬਾ ਦੀਪ ਸਿੰਘ ਨੇ ਇਹ ਕਰ ਕੇ ਵਿਖਾਇਆ ਹੈ।
ਲਗਭਗ ੧੭੦੯ ਵਿਚ ਬਾਬਾ ਦੀਪ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਮਿਲ ਕੇ ਵਜ਼ੀਰ ਖਾਨ ਨੂੰ ਮਾਰ ਉਸਦੇ ਕੂਕਰਮਾਂ ਦਾ ਫੱਲ ਦਿੱਤਾ ਸੀ, ਜੋ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਹਿ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਲਈ ਜ਼ਿੰਮੇਵਾਰ ਸੀ। ਭਾਵੇਂ ਮੁਗ਼ਲ ਫ਼ੌਜਾਂ ਦੀ ਗਿਣਤੀ ਸਿੱਖਾਂ ਨਾਲੋਂ ਕਾਫ਼ੀ ਜ਼ਿਆਦਾ ਸੀ, ਪਰ ਸਿੱਖ ਫ਼ੌਜ ਆਸਾਨੀ ਨਾਲ ਮੁਗ਼ਲ ਫ਼ੌਜਾਂ ਨੂੰ ਹਰਾਉਣ ਦੇ ਯੋਗ ਸਨ। ਬਾਬਾ ਦੀਪ ਸਿੰਘ ਅਤੇ ਬੰਦਾ ਸਿੰਘ ਬਹਾਦਰ ਵੱਲੋਂ ਜ਼ਾਲਿਮ ਵਜ਼ੀਰ ਖਾਨ ਨੂੰ ਮਾਰ ਕੇ ਇਸ ਕਰੂਰ ਮੁਗ਼ਲ ਆਗੂ ਦੇ ਜ਼ੁਲਮ ਦਾ ਅਧਿਆਏ ਬੰਦ ਹੋ ਗਿਆ।
ਅਜੋਕੇ ਮਹਾਰਾਸ਼ਟਰ ਸੂਬਾ, ਜੋ ਪਹਿਲਾਂ ਮਰਾਠਾ ਸਾਮਰਾਜ ਸੀ, ਉੱਥੇ ਦੇ ਜੰਗਜੂਆਂ ਨੂੰ ਮਰਾਠਾ ਕਿਹਾ ਸੀ, ਜਿਸਦਾ ਅਰਥ ਸੀ ਜੋ ਜੰਗ ਦੌਰਾਨ ਲੜਦੇ ਲੜਦੇ ਮਰਨ ਮਗਰੋਂ ਹੀ ਹੱਟ ਦੇ ਸਨ। ਪਰ ਇਤਿਹਾਸ 'ਚ ਇੱਕੋ ਇੱਕ ਬਾਬਾ ਦੀਪ ਸਿੰਘ ਜੀ ਨੇ ਹੀ ਇੱਕ ਅਜਿਹੀ ਮਿਸਾਲ ਕਾਇਮ ਕੀਤੀ ਹੈ ਜਿੱਥੇ ਇੱਕ ਮਨੁੱਖ ਜੰਗ ਦੌਰਾਨ ਮਰਨ ਤੋਂ ਬਾਅਦ ਵੀ ਨਹੀਂ ਹਟਿਆ ਅਤੇ ਆਪਣੇ ਪ੍ਰਣ ਨੂੰ ਗੁਰੂ ਸਾਹਿਬ ਦੀ ਕਿਰਪਾ ਨਾਲ ਸੰਪੂਰਨ ਕੀਤਾ।
ਸ੍ਰੀ ਦਰਬਾਰ ਸਾਹਿਬ ਦੇ ਸਰੋਵਰ 'ਚ ਗਾਰਾ ਅਤੇ ਗਊ ਹੱਡ ਅਤੇ ਮਾਸ ਸੁੱਟ ਪਵਿੱਤਰ ਤੀਰਥ ਦੀ ਬੇਅਦਬੀ ਦਾ ਬਦਲਾ ਲੈਂਦਿਆਂ ਜਦੋਂ ਪਿੰਡ ਗੋਹਰਵਾਲ ਨੇੜੇ ਜਹਾਨ ਖਾਨ ਦੀਆਂ ਫੌਜਾਂ ਨਾਲ ਲੜਾਈ ਦੌਰਾਨ ਬਾਬਾ ਦੀਪ ਸਿੰਘ ਜੀ ਅਤੇ ਸਾਰੇ ਸਿੱਖਾਂ ਨੇ ਇੰਨੀ ਦਲੇਰੀ ਨਾਲ ਮੁਕਾਬਲਾ ਕੀਤਾ ਕਿ ਦੁਸ਼ਮਣ ਲਗਭਗ ਹਾਰ ਗਿਆ ਸੀ। ਪਰ ਜਲਦੀ ਹੀ ਜਹਾਨ ਖਾਨ ਦੇ ਸੈਨਿਕਾਂ ਦੀ ਮਦਦ ਲਈ ਇੱਕ ਵੱਡੀ ਫੌਜ ਪਹੁੰਚ ਗਈ, ਹਾਲਾਂਕਿ ਬਾਬਾ ਦੀਪ ਸਿੰਘ ਅਤੇ ਸਿੱਖ ਯੋਧੇ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਵਧਦੇ ਰਹੇ। ਇਸ ਜੰਗ ਦੌਰਾਨ ਜਹਾਨ ਖਾਨ ਅਤੇ ਬਾਬਾ ਦੀਪ ਸਿੰਘ, ਦੋਵਾਂ ਨੇ ਆਪਣੇ ਸ਼ਸਤਰਾਂ ਦਾ ਬਹੁਤ ਜ਼ੌਹਰ ਵਿਖਾਇਆ, ਪਰ ਇੱਕ ਦੂਜੇ 'ਤੇ ਵਾਰ ਕਰਦਿਆਂ ਕਰਦਿਆਂ ਇੱਕ ਪਲ ਇਹੋ ਜਿਹਾ ਆਇਆ ਜਦੋਂ ਦੋਵਾਂ ਨੇ ਤਲਵਾਰ ਦੇ ਇੱਕ ਵਾਰ ਨਾਲ ਇੱਕੋ ਸਮੇਂ ਇੱਕ ਦੂਜੇ ਦੀ ਗਰਦਨਾਂ ਵੱਡ ਸਿਕ ਕਲਸ ਕਰ ਦਿੱਤੇ। ਉਦੋਂ ਜਦੋਂ ਬਾਬਾ ਦੀਪ ਸਿੰਘ ਜੀ ਦਾ ਧੜ ਇੱਕ ਪਾਸੇ ਅਤੇ ਸਿਰ ਇੱਕ ਪਾਸੇ ਧਰਤੀ 'ਤੇ ਪਿਆ ਸੀ ਤਾਂ ਇਕ ਸਿੱਖ ਨੇ ਉਨ੍ਹਾਂ ਕੋਲ ਬਹਿ ਕੇ ਉਨ੍ਹਾਂ ਦਾ ਪ੍ਰਣ ਯਾਦ ਕਰਵਾਇਆ। ਜਦੋਂ ਉਨ੍ਹਾਂ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਦਾ ਬਦਲਾ ਲੈ ਸ੍ਰੀ ਹਰਿਮੰਦਰ ਸਾਹਿਬ ਪਹੁੰਚ ਉੱਥੇ ਨਤਮਸਤਕ ਹੋਣ ਦਾ ਪ੍ਰਣ ਲਿਆ ਸੀ।
ਸਿੱਖ ਇਤਿਹਾਸ 'ਚ ਦਰਜ ਹੈ ਕਿ ਉਦੋਂ ਬਾਬਾ ਦੀਪ ਜੀ ਦਾ ਧੜ ਉੱਠ ਖੜ੍ਹਾ ਹੋਇਆ, ਜਿਨ੍ਹਾਂ ਆਪਣੇ ਖੱਬੇ ਹੱਥ ਦੀ ਤਲੀ 'ਤੇ ਆਪਣਾ ਸਿਰ ਫੜ ਲਿਆ ਅਤੇ ਸੱਜੇ ਹੱਥ ਵਿੱਚ ਆਪਣਾ ੨੦ ਕਿੱਲੋ ਦਾ ਖੰਡਾ ਫੜ ਉੱਠ ਲੜਨਾ ਜਾਰੀ ਰੱਖਿਆ ਅਤੇ ਆਪਣਾ ਪ੍ਰਣ ਨਿਭਾਇਆ। ਇਸ ਕੌਤਕ ਨੂੰ ਵੇਖ ਬਹੁਤੀ ਮੁਗ਼ਲ ਫੌਜ ਜੰਗ-ਏ-ਮੈਦਾਨ ਛੱਡ ਕੇ ਨੱਸ ਗਈ ਅਤੇ ਆਪ ਜੀ ਨੇ ਬਚੀ ਹੋਈ ਫੌਜ ਨਾਲ ਇੰਝ ਹੀ ਜੰਗ ਜਾਰੀ ਰੱਖੀ ਅਤੇ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਪਹੁੰਚ ਕੇ, ਜਿਥੇ ਅੱਜ ਆਪ ਜੀ ਦਾ ਸ਼ਹੀਦੀ ਬੁੰਗਾ ਸਥਾਪਤ ਹੈ, ਜਿਸਨੂੰ ਪਰਿਕ੍ਰਮਾ 'ਚ ਮਿਲਾ ਦਿੱਤਾ ਗਿਆ ਹੈ, ਉੱਥੇ ਨਤਮਸਤਕ ਹੋਣ ਮਗਰੋਂ ਆਪਣਾ ਆਖਰੀ ਸਾਹ ਲਿਆ। ਇਸ ਤਰ੍ਹਾਂ ਆਪ ਜੀ ਨੇ ਗੁਰੂ ਗੋਬਿੰਦ ਸਿੰਘ ਅਤੇ ਗੁਰਬਾਣੀ ਦੀ ਉਨ੍ਹਾਂ ਪੰਗਤੀਆਂ ਨੂੰ ਸੱਚ ਕਰ ਵਿਖਾਇਆ ਜਿਨ੍ਹਾਂ 'ਚ ਲਿਖਿਆ ਹੈ;
"ਜਉ ਤਉ ਪ੍ਰੇਮ ਖੇਲਣ ਕਾ ਚਾਉ ॥ਸਿਰੁ ਧਰਿ ਤਲੀ ਗਲੀ ਮੇਰੀ ਆਉ ॥
ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ ॥੨੦॥"
(ਸਲੋਕ ਵਾਰਾਂ ਤੇ ਵਧੀਕ ॥ ਮਹਲਾ ੧ ॥)
- ਲੇਖ ਪੂਰਾ ਪੜ੍ਹਨ ਮਗਰੋਂ ਇਸਨੂੰ ਸਾਂਝਾ ਕਰਨਾ ਨਾ ਭੂਲਿਓ
-