Bathinda Rajwaha Breach News : ਰਜਵਾਹੇ ’ਚ 50 ਫੁੱਟ ਦੇ ਕਰੀਬ ਪਿਆ ਪਾੜ; ਕਿਸਾਨਾਂ ਦੀ ਕਈ ਏਕੜ ਫਸਲ ਹੋਈ ਤਬਾਹ, ਨਹੀਂ ਰੁੱਕ ਰਿਹਾ ਪਾਣੀ
Bathinda News : ਬਠਿੰਡਾ ਦੇ ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਮਲਕਾਣਾ ਦੇ ਨੇੜੇ ਰਜਵਾਹੇ ’ਚ ਵੱਡਾ ਪਾੜ ਪੈ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ 50 ਫੁੱਟ ਦੇ ਕਰੀਬ ਰਜਵਾਹੇ ’ਚ ਪਾੜ ਪਿਆ ਹੈ। ਇਸ ਕਾਰਨ ਸੈਂਕੜੇ ਏਕੜ ਪੱਕੀ ਕਣਕ ਦੀ ਫਸਲ ਪਾਣੀ ’ਚ ਡੁੱਬ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਮੀਂਹ ਕਰਕੇ ਪਾਣੀ ਦਾ ਵਹਾਅ ਵਧਣ ਕਾਰਨ ਰਜਵਾਹੇ ’ਚ ਮੁੜ ਪਾੜ ਪਿਆ ਹੈ।
ਦੱਸ ਦਈਏ ਕਿ ਪਾਣੀ ਨਾ ਘੱਟਣ ਕਾਰਨ ਪਾਣੀ ਲਗਾਤਾਰ ਖੇਤਾਂ ਵੱਲ ਵੱਧ ਰਿਹਾ ਹੈ। ਜਿਸ ਦੇ ਚੱਲਦੇ ਕਿਸਾਨਾਂ ਨੇ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾਈ ਹੈ। ਨਹਿਰੀ ਵਿਭਾਗ ਜਾਂ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਨਾ ਪਹੁੰਚਣ ਕਰਕੇ ਕਿਸਾਨਾਂ ’ਚ ਰੋਸ ਪਾਇਆ ਜਾ ਰਿਹਾ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪ੍ਰਸ਼ਾਸਨ ਨਾਲ ਸਪਰੰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਅਜੇ ਤੱਕ ਕੋਈ ਵੀ ਅਧਿਕਾਰੀ ਇੱਥੇ ਨਹੀਂ ਪਹੁੰਚਿਆ ਹੈ। ਪ੍ਰਸ਼ਾਸਨ ਅਤੇ ਵਿਭਾਗ ਦੀ ਅਣਗਹਿਲੀ ਕਰਕੇ ਹੀ ਇਹ ਪਾੜ ਪਿਆ ਹੈ। ਕਿਸਾਨਾਂ ਨੇ ਦੱਸਿਆ ਕਿ ਜਿਸ ਸਮੇਂ ਉਨ੍ਹਾਂ ਨੂੰ ਪਾਣੀ ਦੀ ਲੋੜ ਹੁੰਦੀ ਹੈ ਉਸ ਸਮੇਂ ਉਨ੍ਹਾਂ ਨੂੰ ਪਾਣੀ ਨਹੀਂ ਮਿਲਦਾ ਪਰ ਮੀਂਹ ਪੈਣ ਕਾਰਨ ਪਾਣੀ ਦਾ ਪੱਧਰ ਵੱਧਦਾ ਹੀ ਜਾਂਦਾ ਹੈ।
ਕਿਸਾਨਾਂ ਨੇ ਦੱਸਿਆ ਕਿ ਇਸ ਪਾੜ ਦੇ ਕਾਰਨ ਪੱਕ ਚੁੱਕੀ ਕਣਕ ਦੀ ਫਸਲ ਬਿਲਕੁੱਲ ਹੀ ਤਬਾਹ ਹੋ ਜਾਵੇਗੀ। ਬੀਤੀ ਰਾਤ ਤੋਂ ਹੀ ਪਾਣੀ ਦਾ ਵਹਾਅ ਤੇਜ਼ ਸੀ ਪਰ ਇਸ ਵੱਲ ਕਿਸੇ ਵੀ ਪ੍ਰਸ਼ਾਸਨ ਅਤੇ ਵਿਭਾਗ ਵੱਲੋਂ ਧਿਆਨ ਨਹੀਂ ਦਿੱਤਾ ਗਿਆ। ਮੀਂਹ ਕਰਕੇ ਪਿੱਛੋਂ ਪਾਣੀ ਵਧਿਆ ਹੋਇਆ ਹੈ। ਪਿਛਲੇ ਤਿੰਨ ਘੰਟਿਆਂ ਤੋਂ ਅਜਿਹੇ ਹੀ ਹਾਲਾਤ ਬਣੇ ਹੋਏ ਹਨ।
- PTC NEWS