Jammu Kashmir : ਪੁੰਛ 'ਚ 300 ਫੁੱਟ ਡੂੰਘੀ ਖੱਡ 'ਚ ਡਿੱਗੀ ਭਾਰਤੀ ਫੌਜ ਦੀ ਗੱਡੀ, 5 ਜਵਾਨ ਸ਼ਹੀਦ
Poonch Accident : ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿੱਚ ਮੰਗਲਵਾਰ ਸ਼ਾਮ ਨੂੰ ਇੱਕ ਵੱਡਾ ਹਾਦਸਾ ਵਾਪਰਿਆ। ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲੇ ਦੇ ਮੇਂਢਰ ਇਲਾਕੇ ਦੇ ਬਲਨੋਈ ਇਲਾਕੇ 'ਚ ਫੌਜ ਦਾ ਇਕ ਵਾਹਨ ਰਸਤਾ ਭੁੱਲ ਕੇ ਇਕ ਖਾਈ 'ਚ ਡਿੱਗ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ 'ਚ ਕਈ ਜਵਾਨ ਜ਼ਖਮੀ ਹੋਏ ਹਨ। ਸੂਚਨਾ ਮਿਲਣ 'ਤੇ ਫੌਜ ਦੇ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਅਤੇ ਜ਼ਖਮੀ ਜਵਾਨਾਂ ਨੂੰ ਹਸਪਤਾਲ ਭੇਜ ਦਿੱਤਾ। 5 ਜਵਾਨਾਂ ਦੀ ਇਲਾਜ ਦੌਰਾਨ ਮੌਤ ਹੋ ਗਈ।
ਗੱਡੀ 'ਚ 8 ਤੋਂ 9 ਜਵਾਨ ਸਨ ਸਵਾਰ
ਦੱਸਿਆ ਜਾ ਰਿਹਾ ਹੈ ਕਿ ਇਸ ਗੱਡੀ 'ਚ 8 ਤੋਂ 9 ਜਵਾਨ ਸਵਾਰ ਸਨ, ਜਿਨ੍ਹਾਂ 'ਚੋਂ 5 ਦੀ ਮੌਤ ਹੋ ਗਈ ਹੈ ਅਤੇ ਬਾਕੀਆਂ ਦਾ ਇਲਾਜ ਚੱਲ ਰਿਹਾ ਹੈ। ਨੀਲਮ ਹੈੱਡਕੁਆਰਟਰ ਤੋਂ ਬਲਨੋਈ ਘੋੜਾ ਚੌਕੀ ਵੱਲ ਜਾ ਰਹੀ 11 MLI ਦੀ ਫੌਜੀ ਗੱਡੀ ਘੋੜਾ ਚੌਕੀ ਕੋਲ ਪਹੁੰਚਦੇ ਹੀ ਹਾਦਸੇ ਦਾ ਸ਼ਿਕਾਰ ਹੋ ਗਈ। ਗੱਡੀ ਕਰੀਬ 300-350 ਫੁੱਟ ਡੂੰਘੀ ਖਾਈ ਵਿੱਚ ਜਾ ਡਿੱਗੀ। ਸੂਚਨਾ ਮਿਲਦੇ ਹੀ 11 MLI ਦੀ ਕਵਿੱਕ ਰਿਸਪਾਂਸ ਟੀਮ (QRT) ਮੌਕੇ 'ਤੇ ਪਹੁੰਚ ਗਈ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ।
ਭਾਰਤੀ ਫੌਜ ਦੀ ਵ੍ਹਾਈਟ ਨਾਈਟ ਕੋਰ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਉਂਟ 'ਤੇ ਲਿਖਿਆ, "#WhiteKnightCorps ਦੇ ਸਾਰੇ ਰੈਂਕ ਪੁੰਛ ਸੈਕਟਰ ਵਿੱਚ ਅਪਰੇਸ਼ਨਲ ਡਿਊਟੀ ਦੌਰਾਨ ਇੱਕ ਵਾਹਨ ਹਾਦਸੇ ਵਿੱਚ ਪੰਜ ਬਹਾਦਰ ਸੈਨਿਕਾਂ ਦੀ ਦੁਖਦਾਈ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹਨ। ਬਚਾਅ ਕਾਰਜ ਜਾਰੀ ਹਨ, ਅਤੇ ਜ਼ਖਮੀ ਕਰਮਚਾਰੀਆਂ ਨੂੰ ਡਾਕਟਰੀ ਦੇਖਭਾਲ ਮਿਲ ਰਹੀ ਹੈ।"All ranks of #WhiteKnightCorps extend their deepest condolences on the tragic loss of five brave soldiers in a vehicle accident during operational duty in the #Poonch sector.
Rescue operations are ongoing, and the injured personnel are receiving medical care.@adgpi… — White Knight Corps (@Whiteknight_IA) December 24, 2024
ਪਿਛਲੇ ਮਹੀਨੇ ਵੀ ਵਾਪਰਿਆ ਸੀ ਅਜਿਹਾ ਹੀ ਹਾਦਸਾ
ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲੇ 'ਚ ਵੀ ਇਸੇ ਤਰ੍ਹਾਂ ਦੇ ਹਾਦਸੇ 'ਚ ਫੌਜ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਸੀ ਅਤੇ ਇਕ ਹੋਰ ਜ਼ਖਮੀ ਹੋ ਗਿਆ ਸੀ। ਇਹ ਹਾਦਸਾ 4 ਨਵੰਬਰ ਨੂੰ ਕਾਲਾਕੋਟ ਦੇ ਪਿੰਡ ਬੜੌਗ ਨੇੜੇ ਵਾਪਰਿਆ ਸੀ, ਜਿਸ ਵਿੱਚ ਨਾਇਕ ਬਦਰੀ ਲਾਲ ਅਤੇ ਕਾਂਸਟੇਬਲ ਜੈ ਪ੍ਰਕਾਸ਼ ਗੰਭੀਰ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਸੀ। ਹਾਲਾਂਕਿ ਇਲਾਜ ਦੌਰਾਨ ਲਾਲ ਦੀ ਮੌਤ ਹੋ ਗਈ ਸੀ।
- PTC NEWS