ਕੈਨੇਡਾ ਦਾ ਬਣਿਆ ਪੰਜਾਬ ਵਰਗਾ ਮਾਹੌਲ, 17 ਦਿਨਾਂ 'ਚ 5 ਪੰਜਾਬੀਆਂ ਦੀ ਹੱਤਿਆ ਨਾਲ ਸਹਿਮ
ਚੰਡੀਗੜ੍ਹ : ਪੰਜਾਬੀਆਂ ਦਾ ਪਰਵਾਸ ਨਾਲ ਰਿਸ਼ਤਾ ਕਾਫ਼ੀ ਪੁਰਾਣਾ ਤੇ ਗੂੜਾ ਰਿਹਾ ਹੈ। ਅੱਜ-ਕੱਲ੍ਹ ਹਰ ਵਿਅਕਤੀ ਆਪਣੇ ਸੁਨਹਿਰੀ ਭਵਿੱਖ ਲਈ ਵਿਦੇਸ਼ ਜਾ ਕੇ ਵੱਸਣ ਦੀ ਕੋਸ਼ਿਸ਼ ਵਿਚ ਲੱਗਾ ਹੋਇਆ ਹੈ। ਪੰਜਾਬ ਵਿਚ ਗੈਂਗਸਟਰ, ਬੇਰੁਜ਼ਗਾਰੀ ਤੇ ਹੋਰ ਸਮੱਸਿਆਵਾਂ ਕਾਰਨ ਲੋਕ ਵਿਦੇਸ਼ ਦੇ ਰੁਖ ਕਰ ਰਹੇ ਹਨ। ਪੰਜਾਬੀ ਬਾਹਰਲੇ ਮੁਲਕਾਂ ਦੇ ਮਾਹੌਲ ਨੂੰ ਹਮੇਸ਼ਾ ਹੀ ਅਮਨ-ਸ਼ਾਂਤੀ ਤੇ ਸੁਖਾਵਾਂ ਸਮਝਦੇ ਹਨ, ਜਦਕਿ ਹਕੀਕਤ ਕੁਝ ਹੋਰ ਹੈ। ਪੰਜਾਬ ਦੇ ਲੋਕ ਜ਼ਿਆਦਾਤਰ ਆਪਣੇ ਬੱਚਿਆਂ ਨੂੰ ਪੜ੍ਹਾਈ ਲਈ ਕੈਨੇਡਾ ਭੇਜਣ ਨੂੰ ਤਜਵੀਜ਼ ਰਹੇ ਹਨ ਪਰ ਸੁਪਨਿਆਂ ਦੇ ਸ਼ਹਿਰ ਕੈਨੇਡਾ ਤੋਂ ਪੰਜਾਬ ਲਈ ਲਈ ਹਰ ਰੋਜ਼ ਕੋਈ ਨਾ ਕੋਈ ਮਾੜੀ ਖਬਰ ਆ ਰਹੀ ਹੈ। ਪਿਛਲੇ 17 ਦਿਨਾਂ ਵਿਚ ਕੈਨੇਡਾ ਦੇ ਵੱਖ-ਵੱਖ ਸੂਬਿਆਂ ਵਿਚ 5 ਪੰਜਾਬੀ ਮੁੰਡੇ-ਕੁੜੀਆਂ ਦੀ ਹੱਤਿਆ ਕਰ ਦਿੱਤੀ ਗਈ। ਇਸ ਕਾਰਨ ਵਿਦੇਸ਼ ਗਏ ਬੱਚਿਆਂ ਦੇ ਮਾਪਿਆਂ ਵਿਚ ਭਾਰੀ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।
ਕਾਬਿਲੇਗੌਰ ਹੈ ਕਿ ਕੇਂਦਰ ਨੇ 'ਨਫ਼ਰਤੀ ਅਪਰਾਧਾਂ, ਸੰਪਰਦਾਇਕ ਹਿੰਸਾ 'ਚ ਤੇਜ਼ੀ ਨਾਲ ਵਾਧੇ' ਵਿਰੁੱਧ ਸਤੰਬਰ ਮਹੀਨੇ ਵਿਚ ਐਡਵਾਈਜ਼ਰੀ ਵੀ ਜਾਰੀ ਕੀਤੀ ਸੀ।
ਪਹਿਲੀ ਘਟਨਾ 24 ਨਵੰਬਰ ਨੂੰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆਂ ਸੂਬੇ 'ਚ ਇਕ 18 ਸਾਲਾ ਪੰਜਾਬੀ ਮੂਲ ਦੇ ਨੌਜਵਾਨ ਮਹਿਕਪ੍ਰੀਤ ਸੇਠੀ ਦਾ ਹਾਈ ਸਕੂਲ ਦੀ ਪਾਰਕਿੰਗ 'ਚ ਨੌਜਵਾਨ ਵੱਲੋਂ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਹ ਪਰਿਵਾਰ 8 ਸਾਲ ਪਹਿਲਾਂ ਦੁਬਈ ਤੋਂ ਕੈਨੇਡਾ ਆਇਆ ਸੀ ਤੇ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਨਾਲ ਸਬੰਧਤ ਹੈ।
ਦੂਜੀ ਘਟਨਾ 3 ਦਸੰਬਰ ਦੀ ਰਾਤ ਓਨਟਾਰੀਓ ਸੂਬੇ ਦੇ ਮਿਸੀਸਾਗਾ ਸ਼ਹਿਰ 'ਚ ਇਕ ਪੈਟਰੋ-ਕੈਨੇਡਾ ਗੈਸ ਸਟੇਸ਼ਨ 'ਤੇ ਇਕ ਅਣਪਛਾਤੇ ਹਮਲਾਵਰ ਨੇ ਪਵਨਪ੍ਰੀਤ ਕੌਰ ਨੂੰ ਗੋਲ਼ੀਆਂ ਮਾਰ ਦਿੱਤੀਆਂ ਸਨ, ਜਿੱਥੇ ਉਹ ਰਾਤ ਭਰ ਕੰਮ ਕਰ ਰਹੀ ਸੀ। ਇਸ ਘਟਨਾ ਵੀ ਪਵਨਪ੍ਰੀਤ ਕੌਰ ਦੀ ਮੌਤ ਹੋ ਗਈ ਸੀ।
ਤੀਜੀ ਘਟਨਾ 3 ਦਸੰਬਰ ਨੂੰ ਸਾਹਮਣੇ ਆਈ ਸੀ, ਜਿਸ ਵਿਚ ਐਡਮਿੰਟਨ ਵਿਚ 24 ਸਾਲਾ ਨੌਜਵਾਨ ਸਨਰਾਜ ਸਿੰਘ ਦੀ ਗੋਲੀ ਮਾਰ ਹੱਤਿਆ ਕਰ ਦਿੱਤੀ ਗਈ ਸੀ। ਰਾਤ ਕਰੀਬ 8:40 ਵਜੇ ਪੁਲਿਸ ਨੂੰ ਸਾਕਾਵ ਦੇ ਨੇੜੇ 51ਵੀਂ ਸਟਰੀਟ ਤੇ 13ਵੀਂ ਐਵੇਨਿਊ ਦੇ ਖੇਤਰ 'ਚ ਬੁਲਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਗੋਲੀਬਾਰੀ ਦੀ ਸੂਚਨਾ ਮਿਲੀ। ਸੂਚਨਾ ਮਿਲਣ ਉਤੇ ਮੌਕੇ ਉਤੇ ਪੁੱਜੀ ਪੁਲਿਸ ਨੇ ਸਨਰਾਜ ਨੂੰ ਜ਼ਖ਼ਮੀ ਹਾਲਤ 'ਚ ਦੇਖਿਆ। ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਇਹ ਵੀ ਪੜ੍ਹੋ : ਅਰੁਣਾਚਲ ਪ੍ਰਦੇਸ਼: ਤਵਾਂਗ ਸੈਕਟਰ 'ਚ ਭਾਰਤੀ ਅਤੇ ਚੀਨੀ ਫੌਜੀਆਂ ਵਿਚਾਲੇ ਝੜਪ
ਚੌਥੀ ਘਟਨਾ ਵਿਚ ਸਰੀ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਨੂੰ 29 ਨਵੰਬਰ 2022 ਨੂੰ ਪੱਛਮੀ ਵੈਨਕੂਵਰ 'ਚ ਇਕ ਕੁੜੀ ਦੀ ਲਾਸ਼ ਬਰਾਮਦ ਹੋਈ ਸੀ, ਜਿਸ ਦੀ ਬਾਅਦ 'ਚ ਪਛਾਣ ਸਰੀ ਤੋਂ ਕਈ ਦਿਨਾਂ ਤੋਂ ਲਾਪਤਾ ਹੋਈ ਜਸਵੀਰ ਪਰਮਾਰ ਵਜੋਂ ਹੋਈ ਸੀ। ਜਸਵੀਰ ਪਰਮਾਰ ਸਰੀ ਦੀ ਰਹਿਣ ਵਾਲੀ ਸੀ ਤੇ ਉਸ ਨੇ ਆਖਰੀ ਵਾਰ 22 ਨਵੰਬਰ ਨੂੰ ਆਪਣੇ ਪਰਿਵਾਰ ਨਾਲ ਸੰਪਰਕ ਕੀਤਾ ਸੀ।
5ਵੀਂ ਘਟਨਾ 10 ਦਸੰਬਰ ਨੂੰ 40 ਸਾਲਾ ਹਰਪ੍ਰੀਤ ਕੌਰ ਦਾ ਕੈਨੇਡਾ 'ਚ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸਥਿਤ ਘਰ 'ਚ ਕਈ ਵਾਰ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ।
- PTC NEWS