Stubble Burning : ਫਿਰੋਜ਼ਪੁਰ 'ਚ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਨਾ ਰੋਕਣ 'ਤੇ 5 ਕਰਮਚਾਰੀ ਮੁਅੱਤਲ
Stubble Burning : ਪੰਜਾਬ 'ਚ ਪਰਾਲੀ ਸਾੜਨ ਦੇ ਮਾਮਲਿਆਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਪਰਾਲੀ ਸਾੜਨ ਵਾਲੇ ਕਿਸਾਨਾਂ ਖਿਲਾਫ਼ ਲਗਾਤਾਰ ਕਾਰਵਾਈ ਵੀ ਕੀਤੀ ਜਾ ਰਹੀ ਹੈ, ਪਰ ਇਹ ਮਾਮਲੇ ਘੱਟ ਨਹੀਂ ਹੋ ਰਹੇ ਹਨ। ਹੁਣ ਫਿਰੋਜ਼ਪੁਰ 'ਚ ਡਿਪਟੀ ਕਮਿਸ਼ਨਰ ਵੱਲੋਂ ਇੱਕ ਹੁਕਮ ਜਾਰੀ ਕਰਕੇ 5 ਕਰਮਚਾਰੀਆਂ ਖਿਲਾਫ਼ ਕਾਰਵਾਈ ਕਰਦੇ ਹੋਏ ਮੁਅੱਤਲ ਕੀਤਾ ਗਿਆ ਹੈ। ਇਨ੍ਹਾਂ ਕਰਮਚਾਰੀਆਂ ਨੂੰ ਪਰਾਲੀ ਸਾੜਨ ਤੋਂ ਕਿਸਾਨਾਂ ਨੂੰ ਨਾ ਰੋਕਣ ਦਾ ਇਲਜ਼ਾਮ ਹੈ, ਜਿਸ ਕਾਰਨ ਡੀਸੀ ਵੱਲੋਂ ਇਨ੍ਹਾਂ ਖਿਲਾਫ਼ ਇਹ ਵੱਡੀ ਕਾਰਵਾਈ ਕੀਤੀ ਗਈ।
ਜਾਣਕਾਰੀ ਅਨੁਸਾਰ ਇਨ੍ਹਾਂ 5 ਕਰਮਚਾਰੀਆਂ ਨੂੰ DC ਦੀਪਸ਼ਿਖਾ ਸ਼ਰਮਾ ਨੇ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਹਨ। ਦੱਸ ਦਈਏ ਕਿ ਹੁਣ ਤੱਕ ਫਿਰੋਜ਼ਪੁਰ ’ਚ 296 ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 172 ਕਿਸਾਨਾਂ ਦੀ ਰੈੱਡ ਐਂਟਰੀ ਕੀਤੀ ਜਾ ਚੁੱਕੀ ਹੈ।
ਦੱਸ ਦਈਏ ਕਿ 15 ਸਤੰਬਰ ਤੋਂ ਲੈ ਕੇ 1 ਨਵੰਬਰ ਤੱਕ ਪੰਜਾਬ 'ਚ ਕੁੱਲ 3,357 ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆਏ ਹਨ। ਇਸਦੇ ਨਾਲ ਹੀ ਲੰਘੀ ਸ਼ੁੱਕਰਵਾਰ ਦੀ ਗੱਲ ਕੀਤੀ ਜਾਵੇ ਤਾਂ ਇਸ ਇੱਕ ਦਿਨ ਵਿੱਚ ਹੀ ਪਰਾਲੀ ਸਾੜਨ ਦੇ 587 ਮਾਮਲੇ ਸਾਹਮਣੇ ਆਏ, ਜਿਸ ਵਿੱਚ ਫਿਰੋਜ਼ਪੁਰ ’ਚ 70, ਤਰਨਤਾਰਨ ’ਚ 59, ਅੰਮ੍ਰਿਤਸਰ ’ਚ 40 ਕੇਸ ਦਰਜ ਕੀਤੇ ਗਏ।
- PTC NEWS