ਰਾਜਾਸਾਂਸੀ ਨੇੜੇ ਨਹਿਰ 'ਚ ਨਹਾਉਂਦੇ ਡੁੱਬੇ 3 ਬੱਚੇ ਹੋਏ ਲਾਪਤਾ, ਰੱਸੀ ਟੁੱਟਣ ਕਾਰਨ ਵਾਪਰਿਆ ਹਾਦਸਾ
3 children drowned in Amritsar : ਨਹਿਰ 'ਚ ਨਹਾਉਂਦੇ ਸਮੇਂ ਬੱਚਿਆਂ ਦੇ ਡੁੱਬਣ ਦੇ ਮਾਮਲੇ ਰੁਕਦੇ ਨਜ਼ਰ ਨਹੀਂ ਆ ਰਹੇ ਹਨ। ਹੁਣ 3 ਹੋਰ ਬੱਚਿਆਂ ਦੇ ਨਹਾਉਂਦੇ ਸਮੇਂ ਡੁੱਬਣ ਦੀ ਖ਼ਬਰ ਮਿਲੀ ਹੈ। ਘਟਨਾ ਅੰਮ੍ਰਿਤਸਰ ਦੇ ਰਾਜਾਸਾਂਸੀ ਨੇੜਲੀ ਲਾਹੌਰ ਬਰਾਂਚ ਨਹਿਰ ਦੀ ਹੈ, ਜਿਥੇ ਨਹਾਉਣ ਸਮੇਂ 3 ਬੱਚੇ ਪਾਣੀ ਦੇ ਤੇਜ਼ ਵਹਾਅ ਕਾਰਨ ਰੁੜ੍ਹ ਗਏ ਅਤੇ ਲਾਪਤਾ ਹੋ ਗਏ ਹਨ। ਬੱਚਿਆਂ ਦੀ ਭਾਲ ਲਈ ਟੀਮਾਂ ਵੱਲੋਂ ਲਗਾਤਾਰ ਭਾਲ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਜਾਣਕਾਰੀ ਅਨੁਸਾਰ ਇਹ ਬੱਚੇ ਪੰਜਾਬ 'ਚ ਪੈ ਰਹੀ ਅੱਤ ਦੀ ਗਰਮੀ ਤੋਂ ਛੁਟਕਾਰਾ ਪਾਉਣ ਲਈ ਇਥੇ ਲਾਹੌਰ ਬਰਾਂਚ ਨਹਿਰ ਵਿੱਚ ਨਹਾਉਣ ਲਈ ਆਏ ਸਨ। ਕੁੱਝ ਬੱਚੇ ਇਥੇ ਰੱਸੀ ਬੰਨ੍ਹ ਕੇ ਉਸ ਨੂੰ ਫੜ ਕੇ ਨਹਿਰ ਵਿੱਚ ਨਹਾ ਰਹੇ ਸਨ ਕਿ 3 ਬੱਚੇ ਤੇਜ਼ ਵਹਾਅ ਕਾਰਨ ਪਾਣੀ ਵਿੱਚ ਰੁੜ੍ਹ ਗਏ।
ਦੱਸਿਆ ਜਾ ਰਿਹਾ ਹੈ ਕਿ ਬੱਚਿਆਂ ਵੱਲੋਂ ਫੜੀ ਰੱਸੀ ਅਚਾਨਕ ਟੁੱਟ ਗਈ ਸੀ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਮੌਕੇ 'ਤੇ ਆਸ ਪਾਸ ਦੇ ਲੋਕਾਂ ਅਤੇ ਗੋਤਾਖੋਰਾਂ ਦੀਆਂ ਟੀਮਾਂ ਵੱਲੋਂ ਲਗਾਤਾਰ ਲਾਪਤਾ ਬੱਚਿਆਂ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਕੀਤੀਆਂ ਰਹੀਆਂ ਹਨ, ਪਰ ਹਾਲੇ ਤੱਕ ਕਿਸੇ ਬੱਚੇ ਬਾਰੇ ਕੋਈ ਜਾਣਕਾਰੀ ਹੱਥ ਨਹੀਂ ਲੱਗੀ ਸੀ।
ਸੂਚਨਾ ਮਿਲਣ 'ਤੇ ਬੱਚਿਆਂ ਦੇ ਮਾਪੇ ਵੀ ਮੌਕੇ 'ਤੇ ਘਟਨਾ ਵਾਲੀ ਥਾਂ 'ਤੇ ਪਹੁੰਚੇ ਹੋਏ ਸਨ, ਜਿਨ੍ਹਾਂ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਸੀ। ਉਨ੍ਹਾਂ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਉਨ੍ਹਾਂ ਦੇ ਬੱਚਿਆਂ ਨੂੰ ਲੱਭਿਆ ਜਾਵੇ।
ਹਫ਼ਤੇ 'ਚ ਬੱਚਿਆਂ ਦੇ ਡੁੱਬਣ ਦਾ ਤੀਜਾ ਮਾਮਲਾ
ਨਹਿਰ ਵਿੱਚ ਨਹਾਉਂਦੇ ਸਮੇਂ ਡੁੱਬਣ ਕਾਰਨ ਹਫ਼ਤੇ ਭਰ 'ਚ ਇਹ ਤੀਜਾ ਮਾਮਲਾ ਹੈ। ਬੀਤੇ ਦਿਨੀ ਵੀ ਲੁਧਿਆਣਾ 'ਚ 5 ਬੱਚੇ ਡੁੱਬੇ ਸਨ, ਜਦਕਿ ਅੰਮ੍ਰਿਤਸਰ 'ਚ ਹੀ ਇੱਕ ਹੋਰ ਬੱਚਾ ਨਹਿਰ ਵਿੱਚ ਡੁੱਬ ਗਿਆ ਸੀ।
- PTC NEWS