Moga News : ਗੈਰ ਕਾਨੂੰਨੀ ਤਰੀਕੇ ਨਾਲ ਚੱਲ ਰਹੇ ਨਸ਼ਾ ਛਡਾਊ ਕੇਂਦਰ 'ਚ ਨੌਜਵਾਨ ਦੀ ਮੌਤ; ਸਰੀਰ ਦਾ ਹਾਲ ਦੇਖ ਧਾਹਾਂ ਮਾਰ ਰੋਈ ਭੈਣ
Moga News : ਪੰਜਾਬ ’ਚ ਆਏ ਦਿਨ ਨਸ਼ੇ ਦੇ ਚੱਲਦੇ ਨੌਜਵਾਨਾਂ ਦੀ ਮੌਤ ਦੀ ਖਬਰ ਸਾਹਮਣੇ ਆਉਂਦੀ ਰਹਿੰਦੀ ਹੈ। ਕਈ ਪਰਿਵਾਰਾਂ ਵੱਲੋਂ ਆਪਣੇ ਨੌਜਵਾਨ ਪੁੱਤ ਨੂੰ ਨਸ਼ੇ ਤੋਂ ਦੂਰ ਕਰਨ ਲਈ ਨਸ਼ਾ ਛੁਡਾਊ ਕੇਂਦਰ ’ਚ ਭਰਤੀ ਕਰਵਾਉਂਦੇ ਹਨ ਪਰ ਮੋਗਾ ’ਚ ਵੀ ਇੱਕ ਨੌਜਵਾਨ ਨੂੰ ਜੋ ਕਿ ਨਸ਼ਾ ਕਰਨ ਦਾ ਆਦੀ ਸੀ ਨੂੰ ਨਸ਼ਾ ਛੁਡਾਊ ਕੇਂਦਰ ਭਰਤੀ ਕਰਵਾਇਆ ਗਿਆ ਤਾਂ ਉਸਦੀ ਮੌਤ ਹੋ ਗਈ ਪਰਿਵਾਰ ਨੇ ਜਦੋਂ ਨੌਜਵਾਨ ਦੀ ਮ੍ਰਿਤਕ ਦੇਖੀ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ।
ਦਰਅਸਲ ਮੋਗਾ ਦੇ ਪਿੰਡ ਕੋਟ ਈਸੇਖਾਂ 'ਚ ਚੱਲ ਰਹੇ ਗੈਰ ਕਾਨੂੰਨੀ ਢੰਗ ਨਾਲ ਚੱਲ ਰਹੇ ਨਸ਼ਾ ਛੁਡਾਊ ਕੇਂਦਰ 'ਚ 27 ਸਾਲਾ ਨੌਜਵਾਨ ਕਰਮਜੀਤ ਸਿੰਘ ਦੀ ਮੌਤ ਹੋ ਗਈ। ਮ੍ਰਿਤਕ ਦੇ ਸਰੀਰ 'ਤੇ ਸੱਟਾਂ ਦੇ ਕਈ ਨਿਸ਼ਾਨ ਹਨ। ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਕੇਂਦਰ ਵਿੱਚ 20-25 ਹੋਰ ਨੌਜਵਾਨ ਦਾਖਲ ਹਨ। ਮ੍ਰਿਤਕ ਨੌਜਵਾਨ ਦਾ 5 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ।
ਪਰਿਵਾਰ ਵੱਲੋਂ ਸੈਂਟਰ ਚਾਲਕਾਂ ਵੱਲੋਂ ਨੌਜਵਾਨ ਕਰਮਜੀਤ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦੇ ਇਲਜਾਮ ਲਗਾਏ ਹਨ ਜਿਸ ਕਾਰਨ ਉਸਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਭੈਣ ਜਸਪ੍ਰੀਤ ਕੌਰ ਨੇ ਰੋ-ਰੋ ਕੇ ਆਪਣੇ ਭਰਾ ਦੇ ਕਾਤਲਾਂ ’ਤੇ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਨਸ਼ਾ ਛਡਾਊ ਕੇਂਦਰ ਵਿੱਚ ਪਹੁੰਚੀ ਮ੍ਰਿਤਕ ਨੌਜਵਾਨ ਕਰਮਜੀਤ ਸਿੰਘ ਦੀ ਭੈਣ ਜਸਪ੍ਰੀਤ ਕੌਰ ਨੇ ਦੱਸਿਆ ਕਿ ਉਹ ਜਗਰਾਓਂ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਨੇ 15 ਦਿਨ ਪਹਿਲਾਂ ਹੀ ਆਪਣੇ ਭਰਾ ਕਰਮਜੀਤ ਸਿੰਘ ਨੂੰ ਨਸ਼ਾ ਛਡਾਉਣ ਲਈ ਪਿੰਡ ਚੀਮਾ ਸਥਿਤ ਨਸ਼ਾ ਛਡਾਊ ਕੇਂਦਰ ਵਿੱਚ ਭਰਤੀ ਕਰਵਾਇਆ ਸੀ। ਜਿੱਥੇ ਨਸ਼ਾ ਛਡਾਊ ਕੇਂਦਰ ਦੇ ਸੰਚਾਲਕਾਂ ਵੱਲੋਂ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਅਤੇ ਕੁੱਟਮਾਰ ਤੋਂ ਬਾਅਦ ਜਦੋਂ ਮੇਰੇ ਭਰਾ ਦੀ ਮੌਤ ਹੋ ਗਈ ਤਾਂ ਕੱਲ੍ਹ ਸ਼ਾਮ ਮੇਰੇ ਭਰਾ ਦੀ ਮ੍ਰਿਤਕ ਦੇਹ ਲੈ ਕੇ ਸਾਡੇ ਘਰ ਪਹੁੰਚੇ ਪਰ ਅਸੀਂ ਮ੍ਰਿਤਕ ਦੇਹ ਲੈਣ ਤੋਂ ਇਨਕਾਰ ਕਰ ਦਿੱਤਾ।
ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੇ ਨਸ਼ਾ ਛਡਾਊ ਕੇਂਦਰ ਵਿੱਚ ਆ ਕੇ ਨਸ਼ਾ ਛਡਾਊ ਕੇਂਦਰ ਵਿੱਚ ਬੰਦ ਹੋਰ ਨਾ ਮੁੰਡਿਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਵੀ ਦੱਸਿਆ ਕਿ ਕਰਮਜੀਤ ਸਿੰਘ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਨ ਦਰਮਿਆਨ ਮੌਤ ਹੋ ਗਈ ਸੀ।
ਇਸ ਮੌਕੇ ’ਤੇ ਮ੍ਰਿਤਕ ਦੀ ਭੈਣ ਨੇ ਪੰਜਾਬ ਸਰਕਾਰ ਨੂੰ ਵੀ ਦੋਸ਼ੀ ਠਹਿਰਾਉਂਦਿਆਂ ਕਿਹਾ ਕਿ ਜੇਕਰ ਪੰਜਾਬ ਵਿੱਚੋਂ ਨਸ਼ਾ ਬੰਦ ਹੁੰਦਾ ਤਾਂ ਅੱਜ ਮੇਰਾ ਭਰਾ ਸ਼ਾਇਦ ਨਾ ਮਰਦਾ। ਮੇਰੇ ਭਰਾ ਦੀ ਪੰਜ ਮਹੀਨੇ ਹੀ ਪਹਿਲਾਂ ਹੀ ਵਿਆਹ ਹੋਇਆ ਸੀ ਅਜੇ ਤਾਂ ਸਾਡੇ ਚਾਅ ਲਾਡ ਵੀ ਪੂਰੇ ਵੀ ਨਹੀਂ ਹੋਏ ਕਿ ਅੱਜ ਨਸ਼ੇ ਕਾਰਨ ਮੇਰੇ ਭਰਾ ਦੀ ਮੌਤ ਹੋ ਗਈ।
ਇਸ ਸਬੰਧੀ ਗੁਰਸੇਵਕ ਸਿੰਘ ਸੰਨਿਆਸੀ ਸਮਾਜ ਸੇਵੀ ਮੋਗਾ ਜ਼ਿਲ੍ਹੇ ’ਚ ਇਹ ਕੋਈ ਪਹਿਲਾਂ ਮਾਮਲਾ ਨਹੀਂ ਇਸ ਤੋਂ ਪਹਿਲਾਂ ਵੀ ਕਈ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰਾਂ ’ਚ ਨੌਜਵਾਨਾਂ ’ਚ ਮੌਤ ਹੋ ਚੁੱਕੀ ਹੈ। ਜ਼ਿਲ੍ਹੇ ’ਚ ਗੈਰ ਕਾਨੂੰਨੀ ਢੰਗ ਨਾਲ 18 ਤੋਂ 20 ਨਸ਼ਾ ਛੁਡਾਊ ਕੇਂਦਰ ਚੱਲ ਰਹੇ ਹਨ। ਜਿਨ੍ਹਾਂ ’ਤੇ ਕਾਰਵਾਈ ਨਹੀਂ ਹੋ ਰਹੀ ਹੈ।
- PTC NEWS