Ludhiana News : ਬੱਸ ਸਟੈਂਡ ਨੇੜੇ ਗੈਸਟ ਹਾਊਸ 'ਚ ਲੱਗੀ ਭਿਆਨਕ ਅੱਗ, ਦੋ ਲੋਕਾਂ ਦੀ ਕਮਰੇ 'ਚ ਹੋਈ ਮੌਤ
ਲੁਧਿਆਣਾ 'ਚ ਮੰਦਭਾਗੀ ਘਟਨਾ ਵਾਪਰਨ ਦੀ ਸੂਚਨਾ ਹੈ। ਬੱਸ ਸਟੈਂਡ ਨੇੜੇ ਸਥਿਤ ਇੱਕ ਗੈਸਟ ਹਾਊਸ 'ਚ ਭਿਆਨਕ ਅੱਗ ਲੱਗਣ ਕਾਰਨ 2 ਲੋਕਾਂ ਦੀ ਮੌਤ ਹੋ ਗਈ ਹੈ। ਘਟਨਾ ਦੇਰ ਰਾਤ ਦੀ ਦੱਸੀ ਜਾ ਰਹੀ ਹੈ। ਮੌਕੇ 'ਤੇ ਪੁਲਿਸ ਨੇ ਪਹੁੰਚ ਕੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਲਿਆ ਹੈ। ਹਾਲਾਂਕਿ ਅਜੇ ਤੱਕ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਸੀ।
ਗੈਸਟ ਹਾਊਸ ਦੇ ਮੈਨੇਜਰ ਅਨੁਸਾਰ ਅੱਗ ਦੇਰ ਰਾਤ ਲੱਗੀ, ਜਿਸ ਦੌਰਾਨ ਗੈਸਟ ਹਾਊਸ ਦੇ ਇੱਕ ਕਮਰੇ 'ਚ ਰਹਿ ਰਹੇ ਇੱਕ ਮੁੰਡੇ ਤੇ ਕੁੜੀ ਦੀ ਮੌਤ ਹੋਈ ਹੈ। ਮੈਨੇਜਰ ਨੇ ਦੱਸਿਆ ਕਿ ਅੱਗ ਲੱਗਣ ਬਾਰੇ ਜਿਵੇਂ ਹੀ ਉਨ੍ਹਾਂ ਨੂੰ ਪਤਾ ਲੱਗਿਆ ਤਾਂ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ, ਜਿਸ ਨੇ ਮੌਕੇ 'ਤੇ ਪਹੁੰਚ ਕੇ ਕੁੱਝ ਚਿਰ ਪਿੱਛੋਂ ਅੱਗ 'ਤੇ ਕਾਬੂ ਪਾਇਆ। ਪਰ ਉਦੋਂ ਤੱਕ ਮੁੰਡੇ ਤੇ ਕੁੜੀ ਦੀ ਦਮ ਘੁੱਟਣ ਕਾਰਨ ਮੌਤ ਹੋ ਗਈ ਸੀ।
ਉਨ੍ਹਾਂ ਕਿਹਾ ਕਿ ਅਜੇ ਤੱਕ ਦੋਵੇਂ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਹੈ। ਸੂਚਨਾ ਮਿਲਣ 'ਤੇ ਪੁਲਿਸ ਵੀ ਮੌਕੇ 'ਤੇ ਪਹੁੰਚੀ ਹੋਈ ਸੀ ਅਤੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
- PTC NEWS