ਸੋਮਾਲੀਆ ਦੀ ਰਾਜਧਾਨੀ 'ਚ 2 ਬੰਬ ਧਮਾਕੇ, 100 ਲੋਕਾਂ ਦੀ ਗਈ ਜਾਨ
ਮੋਗਾਦਿਸ਼ੂ : ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ਦੋ ਬੰਬ ਧਮਾਕਿਆਂ ਨਾਲ ਕੰਬ ਗਈ। ਇਸ ਧਮਾਕੇ 'ਚ ਘੱਟੋ-ਘੱਟ 100 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 300 ਲੋਕ ਗੰਭੀਰ ਜ਼ਖਮੀ ਹੋ ਗਏ ਹਨ। ਸੋਮਾਲੀਆ ਦੇ ਰਾਸ਼ਟਰਪਤੀ ਹਸਨ ਸ਼ੇਖ ਮੁਹੰਮਦੀ ਨੇ ਸਵੇਰੇ ਇਕ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ। ਸਿੱਖਿਆ ਮੰਤਰਾਲੇ ਸਮੇਤ ਕਈ ਸਰਕਾਰੀ ਦਫ਼ਤਰ ਸਥਿਤ ਇਲਾਕੇ ਵਿਚ ਬੰਬ ਧਮਾਕੇ ਹੋਏ। ਇਹ ਇਲਾਕਾ ਬਹੁਤ ਭੀੜ ਵਾਲਾ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਬੰਬ ਧਮਾਕੇ ਵਿਚ ਬੱਚਿਆਂ ਸਮੇਤ ਸੈਂਕੜੇ ਨਾਗਰਿਕ ਮਾਰੇ ਗਏ। ਮੋਗਾਦਿਸ਼ੂ ਵਿੱਚ ਇਹ ਹਮਲਾ ਉਸ ਦਿਨ ਹੋਇਆ ਜਦੋਂ ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਹੋਰ ਸੀਨੀਅਰ ਅਧਿਕਾਰੀ ਹਿੰਸਕ ਕੱਟੜਪੰਥ ਦਾ ਮੁਕਾਬਲਾ ਕਰਨ ਲਈ ਮੀਟਿੰਗ ਕਰ ਰਹੇ ਸਨ। ਪੁਲਿਸ ਦੇ ਬੁਲਾਰੇ ਸਾਦਿਕ ਦੋਦਿਸ਼ੇ ਨੇ ਕਿਹਾ ਕਿ ਦੋ ਕਾਰ ਬੰਬ ਧਮਾਕੇ ਹੋਏ ਹਨ। ਹਸਪਤਾਲ ਦੇ ਸਟਾਫ ਨੇ 30 ਲਾਸ਼ਾਂ ਦੀ ਗਿਣਤੀ ਕੀਤੀ। ਅਲਕਾਇਦਾ ਨਾਲ ਜੁੜਿਆ ਅਲ-ਸ਼ਬਾਬ ਸਮੂਹ ਅਕਸਰ ਰਾਜਧਾਨੀ ਮੋਗਾਦਿਸ਼ੂ ਨੂੰ ਨਿਸ਼ਾਨਾ ਬਣਾਉਂਦਾ ਰਿਹਾ ਹੈ। ਇਸ ਤੋਂ ਪਹਿਲਾਂ ਸਾਲ 2017 'ਚ ਅਲ-ਸ਼ਬਾਬ ਸਮੂਹ ਵੱਲੋਂ ਵੱਡਾ ਧਮਾਕਾ ਕੀਤਾ ਗਿਆ ਸੀ, ਜਿਸ 'ਚ 500 ਤੋਂ ਵੱਧ ਲੋਕ ਦੀ ਜਾਨ ਚਲੀ ਗਈ ਸੀ। ਹੁਣ ਤਕ ਕਿਸੇ ਨੇ ਵੀ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਰਾਸ਼ਟਰਪਤੀ ਹਸਨ ਸ਼ੇਖ ਮੁਹੰਮਦ ਨੇ ਹਮਲੇ ਨੂੰ ਬੇਰਹਿਮ ਅਤੇ ਕਾਇਰਤਾਪੂਰਨ ਕਰਾਰ ਦਿੰਦੇ ਹੋਏ ਅਲ-ਸ਼ਬਾਬ ਸਮੂਹ 'ਤੇ ਦੋਸ਼ ਲਗਾਇਆ ਹੈ।
ਮਦੀਨਾ ਹਸਪਤਾਲ ਦੇ ਇਕ ਵਲੰਟੀਅਰ ਹਸਨ ਉਸਮਾਨ ਨੇ ਕਿਹਾ, "ਹਸਪਤਾਲ ਵਿੱਚ ਲਿਆਂਦੇ ਗਏ ਘੱਟੋ-ਘੱਟ 30 ਮਰਨ ਵਾਲਿਆਂ 'ਚੋਂ ਜ਼ਿਆਦਾਤਰ ਔਰਤਾਂ ਹਨ। ਆਮੀਨ ਐਂਬੂਲੈਂਸ ਸੇਵਾ ਨੇ ਕਿਹਾ ਕਿ ਉਹ ਘੱਟੋ-ਘੱਟ 35 ਜ਼ਖਮੀਆਂ ਨੂੰ ਹਸਪਤਾਲ ਲੈ ਗਏ ਹਨ। ਅਬਦਿਰਾਜਾਕ ਹਸਨ, ਜੋ ਹਮਲੇ ਵੇਲੇ 100 ਮੀਟਰ ਦੀ ਦੂਰੀ ਉਪਰ ਸਨ, ਨੇ ਕਿਹਾ ਕਿ ਪਹਿਲਾ ਧਮਾਕਾ ਸਿੱਖਿਆ ਮੰਤਰਾਲੇ ਦੇ ਘੇਰੇ ਦੀ ਕੰਧ ਉਤੇ ਹੋਇਆ, ਜਿੱਥੇ ਸੜਕ ਵਿਕਰੇਤਾ ਕੰਮ ਕਰਦੇ ਹਨ।
ਇਹ ਵੀ ਪੜ੍ਹੋ : ਸੰਦੀਪ ਨੰਗਲ ਅੰਬੀਆਂ ਦੀ ਪਤਨੀ ਨੇ ਪੁਲਿਸ ਨੂੰ ਸਵਾਲਾਂ ਦੇ ਕਟਹਿਰੇ 'ਚ ਕੀਤਾ ਖੜ੍ਹਾ